ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਦੇਣ ਦੇ ਨਾਂ ’ਤੇ ਠੱਗੇ ਗਰੀਬ ਪਰਿਵਾਰ, ਦਿੱਤੇ ਜਾਅਲੀ ਕਾਰਡ
Tuesday, Sep 14, 2021 - 05:08 PM (IST)
ਫ਼ਰੀਦਕੋਟ (ਰਾਜਨ)-ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਤਹਿਤ ਗਰੀਬ ਲੋਕਾਂ ਨੂੰ ਵਿੱਤੀ ਸਹਾਇਤਾ ਆਪਣੇ ਬੈਂਕ ਖਾਤਿਆਂ ਰਾਹੀਂ ਪ੍ਰਾਪਤ ਕਰਨ ਵਾਸਤੇ ਕਾਰਡ ਬਣਵਾਉਣ ਦਾ ਲਾਲਚ ਦੇ ਕੇ ਲਾਗਲੇ ਪਿੰਡ ਅਰਾਈਆਂਵਾਲਾ ਕਲਾਂ ਨਿਵਾਸੀ ਗਰੀਬ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਰਾਈਆਂਵਾਲਾ ਕਲਾਂ ਨਿਵਾਸੀ ਕਰਨੈਲ ਸਿੰਘ ਪੁੱਤਰ ਮੇਜਰ ਸਿੰਘ ਨੇ ਉਪ ਕਪਤਾਨ ਪੁਲਸ ਸਬ-ਡਵੀਜ਼ਨ ਫ਼ਰੀਦਕੋਟ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਮਨਜੀਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਪੱਕਾ 3-4 ਮਹੀਨੇ ਪਹਿਲਾਂ ਉਨ੍ਹਾਂ ਦੇ ਪਿੰਡ ਆਇਆ ਅਤੇ ਇਹ ਲਾਲਚ ਦਿੱਤਾ ਕਿ ਸਰਕਾਰ ਵੱਲੋਂ ਲਾਭਪਾਤਰੀ ਸਕੀਮਾਂ ਤਹਿਤ ਗਰੀਬ ਲੋਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਜਿਸ ਦਾ ਲਾਭ ਲੈਣ ਲਈ ਉਨ੍ਹਾਂ ਨੂੰ ਪਹਿਲਾਂ ਕਾਰਡ ਬਣਵਾਉਣੇ ਪੈਣਗੇ, ਜਿਸ ’ਤੇ ਪਿੰਡ ਦੇ ਬਹੁਤੇ ਗਰੀਬ ਲੋਕਾਂ ਕੋਲੋਂ ਮਨਜੀਤ ਸਿੰਘ ਉਨ੍ਹਾਂ ਦੇ ਆਧਾਰ ਕਾਰਡ, ਪੈਨ ਕਾਰਡ, ਬੈਂਕ ਖਾਤਿਆਂ ਦੀਆਂ ਕਾਪੀਆਂ ਅਤੇ 600 ਤੋਂ ਲੈ ਕੇ 700 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਲੈ ਗਿਆ।
ਇਹ ਵੀ ਪੜ੍ਹੋ : ਜਲੰਧਰ : ਚਿੱਤੇਆਣੀ ਪਿੰਡ ਦੇ ਕਤਲ ਕੀਤੇ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ
ਇਸ ਤੋਂ ਕੁਝ ਦਿਨਾਂ ਬਾਅਦ ਮਨਜੀਤ ਸਿੰਘ ਪੰਜਾਬ ਬਿਲਡਿੰਗ ਅਤੇ ਅਦਰ ਕੰਸਟਰੱਕਸ਼ਨ, ਚੰਡੀਗੜ੍ਹ ਵੱਲੋਂ ਜਾਰੀ ਕਾਰਡ ਉਨ੍ਹਾਂ ਸਾਰਿਆਂ ਨੂੰ ਦੇ ਗਿਆ, ਜੋ ਬਾਅਦ ’ਚ ਪੜਤਾਲ ਕਰਵਾਉਣ ’ਤੇ ਜਾਅਲੀ ਨਿਕਲੇ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਇਸ ਉਪਰੰਤ ਜਦੋਂ ਉਨ੍ਹਾਂ ਮਨਜੀਤ ਸਿੰਘ ਤੋਂ ਇਹ ਪੁੱਛਿਆ ਕਿ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਕੋਈ ਵਿੱਤੀ ਸਹਾਇਤਾ ਕਿਉਂ ਨਹੀਂ ਆਈ ਤਾਂ ਉਹ ਟਾਲ-ਮਟੋਲ ਕਰਨ ਲੱਗ ਪਿਆ। ਇਸ ਸ਼ਿਕਾਇਤ ਦੀ ਪੜਤਾਲ ਉੱਪ ਕਪਤਾਨ ਪੁਲਸ ਵੱਲੋਂ ਕਰਵਾਏ ਜਾਣ ਉਪਰੰਤ ਥਾਣਾ ਸਦਰ ਫ਼ਰੀਦਕੋਟ ਨੂੰ ਜਾਰੀ ਕੀਤੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਮਨਜੀਤ ਸਿੰਘ ’ਤੇ ਅਧੀਨ ਧਾਰਾ 420/465/467/468/471 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਦਕਿ ਇਸ ਮਾਮਲੇ ’ਚ ਸਬੰਧਤ ਦੋਸ਼ੀ ਦੀ ਗ੍ਰਿਫ਼ਤਾਰੀ ਅਜੇ ਨਹੀਂ ਹੋਈ ਹੈ।