ਛੱਪੜ ''ਚ ਡੁੱਬਣ ਨਾਲ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
Sunday, May 31, 2020 - 10:56 AM (IST)
ਮੋਗਾ (ਅਜ਼ਾਦ): ਮੋਗਾ ਤੋਂ ਥੋੜੀ ਦੂਰ ਪਿੰਡ ਚੰਦ ਨਵਾਂ ਵਿਖੇ ਛੱਪੜ 'ਚ ਡੁੱਬਣ ਨਾਲ ਦੋ ਭੈਣਾਂ ਦੇ ਇਕਲੌਤੇ ਭਰਾ ਨੌਂ ਸਾਲਾ ਬੱਚੇ ਸੋਮਤ ਸਿੰਘ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪਿੰਡ ਵਿਚ ਸੋਗ ਛਾ ਗਿਆ ਅਤੇ ਇਸ ਦੀ ਜਾਣਕਾਰੀ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਅਤੇ ਹੋਰਨਾਂ ਨੇ ਬਾਘਾਪੁਰਾਣਾ ਪੁਲਸ ਨੂੰ ਦਿੱਤੀ, ਜਿਸ 'ਤੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਂਚ ਦੇ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਇਸ ਸਬੰਧ 'ਚ ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਨੇ ਪੁਲਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸਦਾ ਪੁੱਤਰ ਸੋਮਤ ਸਿੰਘ ਅੱਜ ਕਰੀਬ 11 ਵਜੇ ਆਪਣੇ ਦੋਸਤਾਂ ਨਾਲ ਛੱਪੜ ਵਿਚ ਨਹਾਉਣ ਗਿਆ ਸੀ, ਛੋਟਾ ਹੋਣ ਕਾਰਣ ਜਦੋਂ ਉਹ ਛੱਪੜ ਵਿਚ ਵੜਿਆ ਤਾਂ ਉਹ ਛੱਪੜ ਤੋਂ ਬਾਹਰ ਨਹੀਂ ਨਿਕਲ ਸਕਿਆ ਤੇ ਡੁੱਬ ਗਿਆ, ਜਿਸ 'ਤੇ ਉਥੇ ਮੌਜੂਦ ਬੱਚਿਆਂ ਨੇ ਨਾਲ ਖੇਤ ਵਿਚ ਕੰਮ ਕਰਦੇ ਚਮਕੌਰ ਸਿੰਘ ਨੂੰ ਜਾ ਕੇ ਦੱਸਿਆ ਤਾਂ ਉਹ ਵੀ ਮੌਕੇ 'ਤੇ ਆ ਗਿਆ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਸਮੈਂਟ ਕਰਵਾਈ।
ਜਿਸ 'ਤੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਅਤੇ ਮੇਰੇ ਬੇਟੇ ਨੂੰ ਲੋਕਾਂ ਨੇ ਬੜੀ ਮੁਸ਼ਕਲ ਨਾਲ ਛੱਪੜ ਵਿਚੋਂ ਬਾਹਰ ਕੱਢਿਆ। ਅਸੀਂ ਉਸ ਨੂੰ ਸਿਵਲ ਹਸਪਤਾਲ ਮੋਗਾ ਲੈ ਕੇ ਆਏ ਤਾਂ ਡਾਕਟਰਾਂ ਨੇ ਮੇਰੇ ਲੜਕੇ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲਸ ਨੇ ਉਕਤ ਮਾਮਲੇ ਵਿਚ ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਦੇ ਬਿਆਨਾਂ 'ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਦੇ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ। ਇਸ ਸਮੇਂ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਗਰੀਬ ਪਰਿਵਾਰ ਦੀ ਮਾਲੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਪਿੰਡ ਵਿਚ ਭਾਰੀ ਸੋਗ ਪਾਇਆ ਜਾ ਰਿਹਾ ਹੈ।