ਦਿੱਲੀ ਦੀ ਜ਼ਹਿਰੀਲੀ ਹਵਾ ਲਈ 'ਪੰਜਾਬ' ਕਿਵੇਂ ਜ਼ਿੰਮੇਵਾਰ?

10/31/2018 5:08:30 PM

ਪਟਿਆਲਾ/ਚੰਡੀਗੜ੍ਹ— ਦੇਸ਼ ਦੀ ਰਾਜਧਾਨੀ ਦਿੱਲੀ ਦੀ ਹਵਾ ਬੀਤੇ ਕੁਝ ਦਿਨਾਂ ਤੋਂ ਇੰਨੀ ਜ਼ਹਿਰੀਲੀ ਹੋ ਚੁੱਕੀ ਹੈ, ਜਿਸ 'ਚ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਇਸ ਹਵਾ 'ਚ ਸਿੱਧੇ ਤੌਰ 'ਤੇ ਸਾਹ ਲੈਣਾ ਕਈ ਖਤਰਨਾਕ ਬੀਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ ਪਰ ਵੱਡਾ ਸਵਾਲ ਇਹ ਹੈ ਕਿ ਦਿੱਲੀ ਦੇ ਇਸ ਹਾਲ ਲਈ ਜ਼ਿੰਮੇਵਾਰ ਕੌਣ ਹੈ। ਦਿੱਲੀ ਦੇ ਇਸ ਪ੍ਰਦੂਸ਼ਣ ਲਈ ਪੰਜਾਬ ਤੇ ਪੰਜਾਬ 'ਚ ਪਰਾਲੀ ਨੂੰ ਲਾਈਆਂ ਜਾ ਰਹੀਆਂ ਅੱਗਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜੋ ਕਿ ਗਲਤ ਹੈ ਕਿਉਂਕਿ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ ਮੰਗਲਵਾਰ ਨੂੰ 401 ਸੀ, ਜਦੋਂ ਕਿ ਪੰਜਾਬ ਦਾ ਔਸਤਨ ਏਅਰ ਕੁਆਲਿਟੀ ਇੰਡੈਕਸ ਸਿਰਫ 150 ਸੀ। ਅਜਿਹੇ 'ਚ ਪੰਜਾਬ, ਦਿੱਲੀ ਦੀ ਜ਼ਹਿਰੀਲੀ ਹਵਾ ਦਾ ਕਾਰਨ ਕਿਵੇਂ ਬਣ ਸਕਦਾ ਹੈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਐੱਸ. ਐੱਸ. ਮਰਵਾਹਾ ਨੇ ਕਿਹਾ ਕਿ ਹੁਣ ਇਸ ਮਾਮਲੇ 'ਤੇ ਸਿਆਸਤ ਨਾ ਕੀਤੀ ਜਾਵੇ ਕਿਉਂਕਿ ਦਿੱਲੀ ਆਪਣੇ ਪ੍ਰਦੂਸ਼ਣ ਲਈ ਖੁਦ ਜ਼ਿੰਮੇਵਾਰ ਹੈ। ਉਨ੍ਹਾਂ ਤਰਕ ਦਿੱਤਾ ਕਿ ਬੀਤੇ 10 ਦਿਨਾਂ ਤੋਂ ਪੰਜਾਬ 'ਚ ਜੋ ਹਵਾ ਚੱਲ ਰਹੀ ਹੈ, ਉਸ ਦੀ ਰਫਤਾਰ 2 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਨਹੀਂ ਹੈ। ਅਜਿਹੇ 'ਚ ਪੰਜਾਬ ਦੇ ਧੂੰਏਂ ਦਾ ਪਾਕਿਸਤਾਨ ਜਾਂ ਫਿਰ ਦਿੱਲੀ ਤੱਕ ਜਾਣਾ ਮੁਮਕਿਨ ਨਹੀਂ ਹੈ। ਪੰਜਾਬ ਐਗਰੀਕਲਚਰ ਸਕੱਤਰ ਕਾਹਨ ਸਿੰਘ ਪੰਨੂ ਨੇ ਵੀ ਇਸ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਏਅਰ ਕੁਆਲਿਟੀ ਇੰਡੈਕਸ ਦਿੱਲੀ ਨਾਲੋਂ ਵਧਿਆ ਹੈ।

ਫਿਰ ਪੰਜਾਬ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਏਅਰ ਕੁਆਲਿਟੀ ਇੰਡੈਕਸ ਦਿੱਲੀ ਨਾਲੋਂ ਬਿਹਤਰ ਹੈ।  ਜ਼ਿਕਰਯੋਗ ਹੈ ਕਿ ਦਿੱਲੀ 'ਚ ਇਸ ਸਮੇਂ ਦੌਰਾਨ ਪ੍ਰਦੂਸ਼ਣ ਦਾ ਵਧਣਾ ਕੋਈ ਨਵੀਂ ਗੱਲ ਨਹੀਂ ਹੈ। ਇੱਥੇ ਪ੍ਰਦੂਸ਼ਣ ਹਮੇਸ਼ਾ ਤੋਂ ਹੀ ਇਕ ਵੱਡੀ ਸਮੱਸਿਆ ਰਹੀ ਹੈ ਪਰ ਇਸ ਸਾਲ ਇਸ ਮੌਸਮ ਦੀ ਸ਼ੁਰੁਆਤ 'ਚ ਹੀ ਇਹ ਸਮੱਸਿਆ ਕਾਫੀ ਗੰਭੀਰ ਨਜ਼ਰ ਆ ਰਹੀ ਹੈ ਤੇ ਇਨ੍ਹਾਂ ਹਾਲਾਤ ਤੋਂ ਬਚਣ ਲਈ ਦਿੱਲੀ 'ਚ ਕਾਫੀ ਕਦਮ ਚੁੱਕੇ ਜਾ ਰਹੇ ਹਨ। 
 


Related News