ਪੋਲਟਰੀ ਫਾਰਮ ਨੂੰ ਅੱਗ ਲੱਗਣ ਕਾਰਣ 8800 ਚੂਚੇ ਸੜ ਕੇ ਸੁਆਹ

2/23/2021 4:15:06 PM

ਪਾਤੜਾਂ (ਸਨੇਹੀ) : ਇੱਥੇ ਪਾਤੜਾਂ-ਪਟਿਆਲਾ ਮੇਨ ਰੋਡ 'ਤੇ ਸਥਿਤ ਪਿੰਡ ਦਫ਼ਤਰੀਵਾਲਾ ਨਜ਼ਦੀਕ ਬਣੇ ਪੋਲਟਰੀ ਫਾਰਮ ਨੂੰ ਅਚਾਨਕ ਅੱਗ ਲੱਗ ਗਈ। ਇਸ ਕਾਰਨ ਪੋਲਟਰੀ ਫਾਰਮ 'ਚ ਅੱਜ ਹੀ ਪਾਏ ਮੁਰਗੀਆਂ ਦੇ 8800 ਚੂਚੇ ਸੜ ਕੇ ਮਰ ਗਏ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੋਲਟਰੀ ਫਾਰਮ ਦੇ ਮਾਲਕ ਪੀੜਤ ਹਰਜਿੰਦਰ ਸਿੰਘ ਵਾਸੀ ਨਿਆਲ ਨੇ ਦੱਸਿਆ ਕਿ ਉਸ ਨੇ ਕਰਜ਼ਾ ਲੈ ਕੇ ਅੱਜ ਸਵੇਰੇ ਹੀ ਆਪਣੇ ਪੋਲਟਰੀ ਫਾਰਮ 'ਚ 8800 ਮੁਰਗੀਆਂ ਦੇ ਚੂਚੇ ਪਾਏ ਸਨ। ਇਨ੍ਹਾਂ ਨੂੰ ਹੀਟ ਦੇਣ ਲਈ ਅੱਗ ਦਾ ਪ੍ਰਬੰਧ ਕੀਤਾ ਗਿਆ ਸੀ।

ਸਵੇਰੇ 8 ਵਜੇ ਦੇ ਕਰੀਬ ਅਚਾਨਕ ਪੋਲਟਰੀ ਫਾਰਮ ਦੀ ਛੱਤ ਡਿੱਗ ਜਾਣ ਕਾਰਣ ਪੋਲਟਰੀ ਫਾਰਮ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਪੋਲਟਰੀ ਫਾਰਮ 'ਚ ਪਾਏ 8800 ਚੂਚੇ ਸੜ ਕੇ ਸੁਆਹ ਹੋ ਗਏ ਹਨ, ਜਿਸ ਕਾਰਨ ਉਸ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ। ਉਸ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਸ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹ ਦੁਬਾਰਾ ਚੂਚੇ ਪਾ ਕੇ ਆਪਣਾ ਕੰਮ ਚਲਾ ਸਕੇ।
 


Babita

Content Editor Babita