ਸ੍ਰੀ ਆਨੰਦਪੁਰ ਸਾਹਿਬ ਤੇ ਪਟਿਆਲਾ ਲਈ ਜ਼ਿਲੇ ''ਚ ਕੁੱਲ 749 ਪੋਲਿੰਗ ਸਟੇਸ਼ਨ ਬਣਾਏ : ਡਿਪਟੀ ਕਮਿਸ਼ਨਰ
Thursday, May 02, 2019 - 01:34 PM (IST)

ਮੋਹਾਲੀ (ਨਿਆਮੀਆਂ) : ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਅਤੇ ਪਟਿਆਲਾ ਅਧੀਨ ਪੈਂਦੇ ਇਸ ਜ਼ਿਲੇ ਦੇ ਤਿੰਨ ਵਿਧਾਨ ਸਭਾ ਹਲਕਿਆਂ 'ਚ ਕੁੱਲ 749 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਮੋਹਾਲੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਖਰੜ 'ਚ 256, ਵਿਧਾਨ ਸਭਾ ਹਲਕਾ ਮੋਹਾਲੀ 'ਚ 234 ਤੇ ਵਿਧਾਨ ਸਭਾ ਹਲਕਾ ਡੇਰਾਬੱਸੀ 'ਚ 259 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ 19 ਮਈ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਅਤੇ ਪਟਿਆਲਾ ਲਈ ਇਸ ਜ਼ਿਲੇ ਦੇ ਕੁੱਲ 7 ਲੱਖ 26 ਹਜ਼ਾਰ 482 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਨ੍ਹਾਂ 'ਚ 3,81,731 ਮਰਦ, 3,44,725 ਔਰਤਾਂ ਤੇ 26 ਕਿੰਨਰ ਵੋਟਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕੁੱਲ 1,863 ਸਰਵਿਸ ਵੋਟਰ ਹਨ, ਜਿਨ੍ਹਾਂ 'ਚ 1,768 ਮਰਦ ਤੇ 95 ਔਰਤ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਵਿਚ ਸੇਵਾ ਨਿਭਾਅ ਰਹੇ ਸਰਵਿਸ ਵੋਟਰਾਂ ਲਈ ਇਲੈਕਟ੍ਰਾਨਿਕਲੀ ਟਰਾਂਸਮਿਟਿਡ ਪੋਸਟਲ ਬੈਲਟ ਸਿਸਟਮ (ਈ. ਟੀ. ਪੀ. ਬੀ. ਐੱਸ.) ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਰਾਹੀਂ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ।
ਸਪਰਾ ਨੇ ਉਮਰ ਦੇ ਆਧਾਰ 'ਤੇ ਵੋਟਰਾਂ ਦੀ ਗਿਣਤੀ ਦਾ ਵੇਰਵਾ ਦਿੰਦਿਆਂ ਦੱਸਿਆ ਕਿ 18 ਤੋਂ 19 ਸਾਲ ਦੀ ਉਮਰ ਦੇ 12,842, 20 ਤੋਂ 29 ਸਾਲ ਦੀ ਉਮਰ ਦੇ 1,44,933, 30 ਤੋਂ 39 ਸਾਲ ਦੀ ਉਮਰ ਦੇ 1,96,260, 40 ਤੋਂ 49 ਸਾਲ ਦੀ ਉਮਰ ਦੇ 1,45,943, 50 ਤੋਂ 59 ਸਾਲ ਦੀ ਉਮਰ ਦੇ 1,04,148, 60 ਤੋਂ 69 ਸਾਲ ਦੀ ਉਮਰ ਦੇ 70,153, 70 ਤੋਂ 79 ਸਾਲ ਦੀ ਉਮਰ ਦੇ 37,983, 80 ਤੋਂ 89 ਸਾਲ ਦੀ ਉਮਰ ਦੇ 11,859, 90 ਤੋਂ 99 ਸਾਲ ਦੀ ਉਮਰ ਦੇ 2,258 ਅਤੇ 100 ਤੋਂ ਜ਼ਿਆਦਾ ਦੀ ਉਮਰ ਦੇ 103 ਵੋਟਰ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹਰੇਕ ਪੋਲਿੰਗ ਬੂਥ 'ਤੇ ਈ. ਵੀ. ਐੱਮ. ਦੇ ਨਾਲ-ਨਾਲ ਵੀ. ਵੀ. ਪੈਟ ਦੀ ਵਰਤੋਂ ਕੀਤੀ ਜਾਵੇਗੀ। ਵੀ. ਵੀ. ਪੈਟ ਸਦਕਾ ਵੋਟਰ ਇਸ ਗੱਲ ਦੀ ਤਸੱਲੀ ਕਰ ਸਕਣਗੇ ਕਿ ਉਨ੍ਹਾਂ ਜਿਸ ਉਮੀਦਵਾਰ ਨੂੰ ਵੋਟ ਪਾਈ ਹੈ, ਉਨ੍ਹਾਂ ਦੀ ਵੋਟ ਉਸੇ ਉਮੀਦਵਾਰ ਨੂੰ ਗਈ ਹੈ।
ਜ਼ਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਜ਼ਿਲੇ ਵਿਚ 376 ਪੋਲਿੰਗ ਬੂਥਾਂ ਦੀ ਵੈੱਬਕਾਸਟਿੰਗ ਕਰਵਾਈ ਜਾਵੇਗੀ, ਜਿਸ 'ਚੋਂ 130 ਬੂਥ ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਹਨ, ਜਦੋਂ ਕਿ 118 ਬੂਥ ਮੋਹਾਲੀ ਅਤੇ 128 ਬੂਥ ਖਰੜ ਵਿਧਾਨ ਸਭਾ ਹਲਕੇ ਦੇ ਹਨ।