ਕਰਨਾਟਕ ’ਚ ਵਿਧਾਨ ਸਭਾ ਚੋਣਾਂ ਦੇ ਜੋੜ-ਤੋੜ ’ਚ ਜੁਟੀਆਂ ਸਿਆਸੀ ਪਾਰਟੀਆਂ, ਰੋਜ਼ਾਨਾ ਬਦਲਣ ਲੱਗੇ ਸਮੀਕਰਨ!

Sunday, Apr 02, 2023 - 02:03 PM (IST)

ਜਲੰਧਰ (ਇੰਟ.) : ਕਰਨਾਟਕ ’ਚ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੇ ਆਪਣੇ ਸਿਆਸੀ ਭਵਿੱਖ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਆਏ ਦਿਨ ਨਵੇਂ ਸਮੀਕਰਨ ਸਾਹਮਣੇ ਆ ਰਹੇ ਹਨ। ਇਸ ਸਿਲਸਿਲੇ ’ਚ ਬੀਤੇ ਸ਼ੁੱਕਰਵਾਰ ਇਕ ਭਾਜਪਾ ਤੇ ਇਕ ਜਨਤਾ ਦਲ ਸੈਕੂਲਰ (ਜੇ. ਡੀ. ਐੱਸ.) ਵਿਧਾਇਕ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਭਾਜਪਾ ਦੇ ਮੈਂਬਰ ਐੱਨ. ਵਾਈ. ਗੋਪਾਲ ਕ੍ਰਿਸ਼ਨ (ਕੁਦਲਿਗੀ) ਤੇ ਜੇ. ਡੀ. ਐੱਸ. ਦੇ ਮੈਂਬਰ ਏ. ਟੀ. ਰਾਮਾਸਵਾਮੀ (ਅਰਕਲਗੁਡ) ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਛੱਡ ਦਿੱਤੀ ਹੈ। ਰਾਮਾਸਵਾਮੀ ਦੇ ਕਾਂਗਰਸ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ, ਜਦੋਂਕਿ ਗੋਪਾਲ ਕ੍ਰਿਸ਼ਨ ਵੱਲੋਂ ਆਪਣੇ ਬੇਟੇ ਲਈ ਕਾਂਗਰਸ ਦੀ ਟਿਕਟ ਮੰਗਣ ਦੀ ਅਫਵਾਹ ਹੈ। ਗੋਪਾਲ ਕ੍ਰਿਸ਼ਨ ਪਹਿਲਾਂ ਕਾਂਗਰਸ ਵਿਚ ਸਨ ਪਰ 2018 ’ਚ ਕਾਂਗਰਸ ਵੱਲੋਂ ਉਨ੍ਹਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰਨ ਪਿੱਛੋਂ ਉਹ ਭਾਜਪਾ ਤੋਂ ਜਿੱਤ ਗਏ ਸਨ।

ਇਹ ਵੀ ਪੜ੍ਹੋ : ਪਹਿਲੇ ਸਾਲ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਸੂਬਾ ਸਰਕਾਰ ਨੇ ਨਵਾਂ ਰਿਕਾਰਡ ਬਣਾਇਆ : ਮੁੱਖ ਮੰਤਰੀ

ਕਾਂਗਰਸ ਦੀ ਟਿਕਟ ’ਤੇ ਭਾਜਪਾ ਨੇਤਾਵਾਂ ਦੀ ਨਜ਼ਰ
ਰਾਮਾਸਵਾਮੀ ਤੋਂ ਇਲਾਵਾ ਜੇ. ਡੀ. ਐੱਸ. ਨੂੰ ਹਾਸਨ ਜ਼ਿਲੇ ਦੀ ਅਰਾਸਿਕੇਰੇ ਵਿਧਾਨ ਸਭਾ ਦੇ ਵਿਧਾਇਕ ਕੇ. ਐੱਸ. ਸ਼ਿਵਲਿੰਗ ਗੌੜਾ ਵੱਲੋਂ ਵੀ ਪਾਰਟੀ ਛੱਡਣ ਦੀ ਆਸ ਹੈ। ਦੱਸਿਆ ਜਾ ਰਿਹਾ ਹੈ ਕਿ ਗੌੜਾ ਵੱਲੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਦੀ ਸੰਭਾਵਨਾ ਹੈ। ਗੁੱਬੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਐੱਸ. ਆਰ. ਸ਼੍ਰੀਨਿਵਾਸ ਪਹਿਲਾਂ ਹੀ ਜੇ. ਡੀ. ਐੱਸ. ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ, ਜਦੋਂਕਿ ਜੇ. ਡੀ. ਐੱਸ. ਵਿਧਾਇਕ ਕੇ. ਸ਼੍ਰੀਨਿਵਾਸ ਗੌੜਾ ਨੇ ਪਹਿਲਾਂ ਹੀ ਕਾਂਗਰਸ ਨਾਲ ਆਪਣੀ ਪਛਾਣ ਬਣਾ ਲਈ ਹੈ। ਐੱਸ. ਆਰ. ਸ਼੍ਰੀਨਿਵਾਸ ਵੱਲੋਂ ਕਾਂਗਰਸ ਦੀ ਟਿਕਟ ’ਤੇ ਮੁੜ ਚੋਣ ਲੜੇ ਜਾਣ ਦੀ ਸੰਭਾਵਨਾ ਹੈ, ਜਦੋਂਕਿ ਗੌੜਾ ਕਾਂਗਰਸ ਦੀ ਟਿਕਟ ’ਤੇ ਕੋਲਾਰ ਤੋਂ ਚੋਣ ਲੜ ਸਕਦੇ ਹਨ ਜੇ ਸਾਬਕਾ ਮੁੱਖ ਮੰਤਰੀ ਸਿੱਧਰਮੱਈਆ ਉੱਥੋਂ ਚੋਣ ਨਹੀਂ ਲੜਦੇ।

ਇਹ ਵੀ ਪੜ੍ਹੋ : ਵਿਦਿਆਰਥੀ ਖਿਡਾਰੀਆਂ ਦੇ ਹਿੱਤ ’ਚ ਪੰਜਾਬ ਸਰਕਾਰ ਦਾ ਵੱਡਾ ਫੈਸਲਾ

ਕਾਂਗਰਸ ਦਾ ਭਾਜਪਾ ਨੇਤਾਵਾਂ ਨਾਲ ਸੰਪਰਕ ਦਾ ਦਾਅਵਾ
ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁਖੀ ਪ੍ਰਿਯਾਂਕ ਖੜਗੇ ਨੇ ਹੁਣੇ ਜਿਹੇ ਮੀਡੀਆ ਨੂੰ ਦਿੱਤੇ ਬਿਆਨ ਵਿਚ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਮੌਜੂਦਾ ਵਿਧਾਇਕਾਂ ਸਮੇਤ 8 ਤੋਂ 10 ਮਜ਼ਬੂਤ ਨੇਤਾਵਾਂ ਦੇ ਭਾਜਪਾ ’ਚੋਂ ਆਉਣ ਦੀ ਉਮੀਦ ਕਰ ਰਹੀ ਹੈ। ਸੂਤਰਾਂ ਮੁਤਾਬਕ ਕਾਂਗਰਸ ਪਾਰਟੀ ਭਾਜਪਾ ਤੇ ਜੇ. ਡੀ. ਐੱਸ. ਵਿਧਾਇਕਾਂ ਦੇ ਸੰਪਰਕ ਵਿਚ ਹੈ। ਹਾਲਾਂਕਿ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਹੈ ਕਿ ਕੋਈ ਵੀ ਸੱਤਾਧਾਰੀ ਪਾਰਟੀ ਨੂੰ ਨਹੀਂ ਛੱਡੇਗਾ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਭਾਜਪਾ ਦੇ ਸੰਸਦ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਸ ਕੋਲ ਚੋਣ ਜਿੱਤਣ ਵਾਲੇ ਉਮੀਦਵਾਰ ਨਹੀਂ ਹਨ। ਵਰਣਨਯੋਗ ਹੈ ਕਿ ਕਰਨਾਟਕ ਦੀ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 24 ਮਈ ਨੂੰ ਖਤਮ ਹੋ ਰਿਹਾ ਹੈ। ਇਸ ਤੋਂ ਬਾਅਦ ਨਵੀਂ ਸਰਕਾਰ ਬਣੇਗੀ। ਨਵੀਂ ਸਰਕਾਰ ਕਿਸ ਦੀ ਹੋਵੇਗੀ, ਇਸ ਦਾ ਪਤਾ 13 ਮਈ ਨੂੰ ਚੋਣ ਨਤੀਜਿਆਂ ਵਾਲੇ ਦਿਨ ਲੱਗੇਗਾ।

2018 ਦੇ 224 ਵਿਧਾਨ ਸਭਾ ਹਲਕਿਆਂ ਦੇ ਚੋਣ ਨਤੀਜੇ

ਭਾਜਪਾ          104
ਕਾਂਗਰਸ         78
ਜੇ. ਡੀ. ਐੱਸ.       37
ਹੋਰ       3

2 ਸੀਟਾਂ ’ਤੇ ਚੋਣਾਂ ਨਹੀਂ ਹੋਈਆਂ
ਵਿਧਾਨ ਸਭਾ ਦੀ ਮੌਜੂਦਾ ਸਥਿਤੀ

ਭਾਜਪਾ      120
ਕਾਂਗਰਸ  72
ਜੇ. ਡੀ. ਐੱਸ.      30
ਖਾਲੀ 2

ਇਹ ਵੀ ਪੜ੍ਹੋ : ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ ਦੇਣੀ ਹੋਵੇਗੀ 20 ਫੀਸਦੀ ਪੈਨਲਟੀ, 18 ਫੀਸਦੀ ਵਿਆਜ਼ ਵੀ ਲੱਗੇਗਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
 
     
 
       


Anuradha

Content Editor

Related News