ਚੋਣਾਂ ਸਿਰ ’ਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸ਼ਸ਼ੋਪੰਜ ’ਚ ਪੰਜਾਬ ਦੀਆਂ ਸਿਆਸੀ ਪਾਰਟੀਆਂ

Tuesday, Dec 28, 2021 - 06:25 PM (IST)

ਚੋਣਾਂ ਸਿਰ ’ਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸ਼ਸ਼ੋਪੰਜ ’ਚ ਪੰਜਾਬ ਦੀਆਂ ਸਿਆਸੀ ਪਾਰਟੀਆਂ

ਜਲੰਧਰ (ਅਨਿਲ ਪਾਹਵਾ) : ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਰਾਜਨੀਤਕ ਹਲਚਲ ਤੇਜ਼ ਹੋ ਚੁੱਕੀ ਹੈ। ਸੂਬੇ ’ਚ ਲਗਾਤਾਰ ਰਾਜਨੀਤਕ ਦਲ ਆਪਣੀ ਪੂਰੀ ਤਾਕਤ ਝੋਕ ਰਹੇ ਹਨ। ਭਾਰਤੀ ਜਨਤਾ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਬਸਪਾ ਤੇ ਪੰਜਾਬ ਲੋਕ ਕਾਂਗਰਸ ਵਰਗੇ ਸਾਰੇ ਰਾਜਨੀਤਕ ਦਲ ਲਗਾਤਾਰ ਚੋਣਾਂ ਦੀ ਤਿਆਰੀ ’ਚ ਜੁਟੇ ਹੋਏ ਹਨ ਪਰ ਇਨ੍ਹਾਂ ਸਾਰੇ ਰਾਜਨੀਤਕ ਦਲਾਂ ’ਚੋਂ ਕੋਈ ਜੇਕਰ ਸੱਤਾ ’ਚ ਆਉਂਦਾ ਹੈ ਤਾਂ ਉਸ ਦਾ ਸੀ. ਐੱਮ. ਚਿਹਰਾ ਕੌਣ ਹੋਵੇਗਾ ? ਇਸ ਗੱਲ ਨੂੰ ਲੈ ਕੇ ਅਜੇ ਤੱਕ ਕੁਝ ਵੀ ਸਾਫ਼ ਨਹੀਂ ਹੈ। ਇਕ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਿਸੇ ਵੀ ਪਾਰਟੀ ਨੇ ਕਿਸ ਦੀ ਅਗਵਾਈ ’ਚ ਚੋਣ ਲੜਨੀ ਹੈ, ਇਹ ਸਾਫ਼ ਨਹੀਂ ਕੀਤਾ ਹੈ, ਜਿਸ ਕਾਰਨ ਪੰਜਾਬ ਦੀ ਜਨਤਾ ਦੇ ਵੀ ਇਸ ਗੱਲ ਨੂੰ ਲੈ ਕੇ ਵੱਡੇ ਸਵਾਲ ਦਿਮਾਗ ’ਚ ਘੁੰਮ ਰਹੇ ਹਨ ਕਿ ਜੇਕਰ ਸੂਬੇ ’ਚ ਚੋਣਾਂ ’ਚ ਉਕਤ ਪਾਰਟੀਆਂ ’ਚੋਂ ਕੋਈ ਵੀ ਪਾਰਟੀ ਜਿੱਤਦੀ ਹੈ ਤਾਂ ਮੁੱਖ ਮੰਤਰੀ ਕੌਣ ਹੋਵੇਗਾ?

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਏ ਤਾਜ਼ਾ ਸਰਵੇ ਨੇ ਉਡਾਏ ਹੋਸ਼, ਪੰਜਾਬ ’ਚ ‘ਆਪ’ ਦੀ ਬੱਲੇ-ਬੱਲੇ

ਕਾਂਗਰਸ ਦੀ ਖਾਮੋਸ਼ੀ
ਪੰਜਾਬ ’ਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਫਿਲਹਾਲ ਕਾਂਗਰਸ ’ਚ ਕੋਈ ਚਰਚਾ ਨਹੀਂ ਚੱਲ ਰਹੀ ਹੈ। ਹੁਣ ਤੱਕ ਪੰਜਾਬ ’ਚ ਮੁੱਖ ਮੰਤਰੀ ਦੇ ਅਹੁਦੇ ’ਤੇ ਚਰਨਜੀਤ ਸਿੰਘ ਚੰਨੀ ਤਾਇਨਾਤ ਹਨ ਪਰ ਉਨ੍ਹਾਂ ਦੇ ਅਗਵਾਈ ’ਚ ਚੋਣ ਲੜੀ ਜਾਵੇਗੀ ਜਾਂ ਕਿਸੇ ਹੋਰ ਨੂੰ ਅੱਗੇ ਕੀਤਾ ਜਾਂਦਾ ਹੈ, ਇਹ ਹੁਣ ਤੱਕ ਕੁਝ ਸਾਫ਼ ਨਹੀਂ ਹੈ। ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਕਾਂਗਰਸ ’ਚ ਮੁੱਖ ਮੰਤਰੀ ਦਾ ਅਹੁਦਾ ਤਾਂ ਦਿੱਤਾ ਪਰ 2022 ’ਚ ਹੋਣ ਵਾਲੀਆਂ ਚੋਣਾਂ ’ਚ ਵੀ ਉਹੀ ਉਮੀਦਵਾਰ ਹੋਣਗੇ, ਇਸ ’ਤੇ ਅਜੇ ਪਾਰਟੀ ਖਾਮੋਸ਼ ਹੈ। ਪਾਰਟੀ ਕੋਲ ਉਂਝ ਇਸ ਅਹੁਦੇ ਲਈ ਚੰਨੀ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਦਾ ਚਿਹਰਾ ਵੀ ਹੈ ਪਰ ਪੰਜਾਬ ’ਚ ਰਾਜਨੀਤਕ ਸਮੀਕਰਣ ਦੇ ਆਧਾਰ ’ਤੇ ਹੀ ਸ਼ਾਇਦ ਪਾਰਟੀ ਕੋਈ ਫ਼ੈਸਲਾ ਲਵੇਗੀ। ਪਾਰਟੀ ਦੇ ਖੇਮੇ ’ਚ ਦਲਿਤ ਵੋਟ ਬੈਂਕ ਅਕਸਰ ਭੁਗਤਦਾ ਰਿਹਾ ਹੈ ਪਰ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਕਾਂਗਰਸ ਨਾਲ ਚੱਲ ਰਿਹਾ ਜੱਟ ਸਿੱਖ ਵੋਟਰ ਨਾਰਾਜ਼ ਹੋ ਗਿਆ ਹੈ।
ਅਜਿਹੇ ’ਚ ਪਾਰਟੀ ਨੂੰ ਚਿੰਤਾ ਹੈ ਕਿ ਇਹ ਜੱਟ ਸਿੱਖ ਵੋਟ ਖਿਸਕ ਕੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੇ ਖੇਮੇ ’ਚ ਨਾ ਚਲਾ ਜਾਵੇ, ਕਿਉਂਕਿ ਅਜੇ ਤੱਕ ਪੰਜਾਬ ’ਚ ਇਸ ਵੋਟ ਬੈਂਕ ਨੂੰ ਕੈਪਟਨ ਦਾ ਸਹਾਰਾ ਸੀ। ਇਸ ਸਮੇਂ ਕਾਂਗਰਸ ਦੁਰਾਹੇ ’ਤੇ ਖੜ੍ਹੀ ਹੈ ਕਿ ਉਹ ਸਿੱਧੂ ਨੂੰ ਅੱਗੇ ਲਾਵੇ ਜਾਂ ਚੰਨੀ ਨੂੰ। ਉਂਝ ਪਿਛਲੇ ਕੁਝ ਸਮੇਂ ’ਚ ਸਿੱਧੂ ਨੂੰ ਪਹਿਲਾਂ ਤੋਂ ਜ਼ਿਆਦਾ ਸਟ੍ਰਾਂਗ ਕੀਤਾ ਗਿਆ ਹੈ ਉੱਥੇ ਹੀ ਚੰਨੀ ਦਾ ਪਬਲਿਕ ’ਚ ਜਾਣ ਦਾ ਸਟਾਈਲ ਪੰਜਾਬ ’ਚ ਚਰਚਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਵਲੋਂ ਚੋਣ ਲੜਨ ਦੇ ਫ਼ੈਸਲੇ ’ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ

ਆਮ ਆਦਮੀ ਪਾਰਟੀ ਦੀ ਰਣਨੀਤੀ
ਪੰਜਾਬ ’ਚ ਜੇਕਰ ਆਮ ਆਦਮੀ ਪਾਰਟੀ ਚੋਣ ਜਿੱਤਦੀ ਹੈ ਤਾਂ ਉਸ ਦਾ ਸੀ. ਐੱਮ. ਚਿਹਰਾ ਕੌਣ ਹੋਵੇਗਾ, ਇਹ ਵੀ ਅਜੇ ਸਾਫ਼ ਨਹੀਂ ਹੈ। ਪਾਰਟੀ ਨੇ ਹੁਣ ਤੱਕ ਕਿਸੇ ਨੂੰ ਵੀ ਇਸ ਅਹੁਦੇ ਲਈ ਉਮੀਦਵਾਰ ਨਹੀਂ ਬਣਾਇਆ ਹੈ। ਭਗਵੰਤ ਮਾਨ ਦੇ ਨਾਂ ’ਤੇ ਚਰਚਾ ਜ਼ਰੂਰ ਚੱਲ ਰਹੀ ਹੈ ਪਰ ਉਨ੍ਹਾਂ ਦੇ ਨਾਲ-ਨਾਲ ਕੁਝ ਹੋਰ ਨਾਂ ਵੀ ਪੰਜਾਬ ਦੀ ਰਾਜਨੀਤੀ ’ਚ ‘ਆਪ’ ਦੇ ਸੀ. ਐੱਮ. ਕੈਂਡੀਡੇਟ ਦੇ ਤੌਰ ’ਤੇ ਵੇਖੇ ਜਾ ਰਹੇ ਹਨ। ਚੰਡੀਗੜ੍ਹ ’ਚ ਆਮ ਆਦਮੀ ਪਾਰਟੀ ਨੂੰ ਜਿਸ ਤਰ੍ਹਾਂ ਨਾਲ ਸਫਲਤਾ ਮਿਲੀ ਹੈ, ਉਸ ਤੋਂ ਪਾਰਟੀ ਨਾ ਸਿਰਫ ਉਤਸ਼ਾਹਿਤ ਹੈ ਸਗੋਂ ਪੰਜਾਬ ’ਚ ਉਸ ਵੱਲੋਂ ਆਪਣੀ ਰਣਨੀਤੀ ’ਚ ਵੀ ਤੇਜ਼ੀ ਲਿਆਂਦੀ ਜਾ ਸਕਦੀ ਹੈ। ਦਰਅਸਲ ਆਮ ਆਦਮੀ ਪਾਰਟੀ ਇਕ ਅਜਿਹੇ ਚਿਹਰੇ ਦੀ ਭਾਲ ’ਚ ਹੈ ਜੋ ਪੰਜਾਬ ਨੂੰ ਬਿਹਤਰ ਤਰੀਕੇ ਨਾਲ ਲੀਡ ਕਰ ਸਕੇ ਤੇ ਸੂਬੇ ਦਾ ਜਾਤੀਵਾਦ ਸਮੀਕਰਣ ਵੀ ਉਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਕੋਈ ਨੁਕਸਾਨ ਨਾ ਕਰ ਸਕੇ। ਉਂਝ ਸੰਯੁਕਤ ਸਮਾਜ ਮੋਰਚੇ ਦੇ ਬਲਬੀਰ ਸਿੰਘ ਰਾਜੇਵਾਲ ਦੇ ‘ਆਪ’ ਨਾਲ ਗਠਜੋੜ ਤੇ ਮੁੱਖ ਮੰਤਰੀ ਚਿਹਰਾ ਹੋਣ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਸਿਆਸਤਦਾਨਾਂ ਤੇ ਗੈਂਗਸਟਰਾਂ ਦੇ ਗਠਜੋੜ ਬਾਰੇ ਰਿਪੋਰਟ ਬਣੀ ਚਰਚਾ ਦਾ ਵਿਸ਼ਾ

ਭਾਜਪਾ ਵਿਚ ਮੰਥਨ
ਪੰਜਾਬ ’ਚ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਚੋਣ ਮੈਦਾਨ ’ਚ ਨਿੱਤਰ ਰਹੀ ਹੈ ਤੇ ਪਾਰਟੀ ਦੀ ਪਲਾਨਿੰਗ ਹੈ ਕਿ ਸੂਬੇ ਦੀਆਂ ਸਾਰੀਆਂ 117 ਸੀਟਾਂ ’ਤੇ ਚੋਣਾਂ ਲੜੀਆਂ ਜਾਣ। ਉਂਝ ਪਾਰਟੀ ਦਾ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਪਾਲੀਟੀਕਲ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਗਠਜੋੜ ਹੋ ਚੁੱਕਿਆ ਹੈ ਪਰ ਫਿਰ ਵੀ ਭਾਜਪਾ ਨੇ ਹੁਣ ਤੱਕ ਆਪਣਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ, ਇਸ ਬਾਰੇ ਕੁਝ ਸਾਫ਼ ਨਹੀਂ ਕੀਤਾ ਹੈ। ਉਂਝ ਪਾਰਟੀ ਸ਼ਹਿਰ ਦੀਆਂ ਤਕਰੀਬਨ 65 ਸੀਟਾਂ ’ਤੇ ਮੁੱਖ ਧਿਆਨ ਲਾ ਰਹੀ ਹੈ। ਪਾਰਟੀ ਸਫਲ ਹੋਵੇਗੀ ਜਾਂ ਨਹੀਂ ਇਹ ਬਾਅਦ ਦੀ ਗੱਲ ਹੈ ਪਰ ਕਿਸਾਨੀ ਬਿੱਲ ਰੱਦ ਕੀਤੇ ਜਾਣ ਤੋਂ ਬਾਅਦ ਪਾਰਟੀ ਦੇ ਨੇਤਾਵਾਂ ’ਚ ਇਕ ਨਵਾਂ ਕਰੰਟ ਦੇਖਣ ਨੂੰ ਮਿਲ ਰਿਹਾ ਹੈ ਤੇ ਇਹ ਕਰੰਟ ਸੀਟਾਂ ’ਚ ਬਦਲ ਪਾਵੇਗਾ ਕਿ ਨਹੀਂ ਇਹ ਸਭ ਤੋਂ ਵੱਡਾ ਸਵਾਲ ਹੈ। ਪਾਰਟੀ ਦੇ ਕੁਝ ਨੇਤਾਵਾਂ ਨੇ ਕੁਝ ਸਮਾਂ ਪਹਿਲਾਂ ਦਲਿਤ ਸੀ. ਐੱਮ. ਬਣਾਉਣ ਨੂੰ ਲੈ ਕੇ ਚਰਚਾਵਾਂ ਚਲਾਈਆਂ ਸਨ ਪਰ ਉਸ ’ਤੇ ਵੀ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਪਾਰਟੀ ਫਿਲਹਾਲ ਪੰਜਾਬ ’ਚ ਆਪਣੀ ਰਣਨੀਤੀ ‘ਤੇਲ ਵੇਖੋ ਤੇਲ ਦੀ ਧਾਰ ਵੇਖੋ’ ਦੇ ਨਜ਼ਰੀਏ ਤੋਂ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਆਸ਼ਕੀ ’ਚ ਪਏ ਮੁੰਡਿਆਂ ਨੇ ਕੀਤੀ ਖ਼ੌਫਨਾਕ ਵਾਰਦਾਤ, ਕਤਲ ਕਰਕੇ ਜ਼ਮੀਨ ਦੱਬ ਦਿੱਤਾ 18 ਸਾਲਾ ਮੁੰਡਾ

ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ
ਇਸ ਸਭ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਚੁੱਕਾ ਹੈ ਪਰ ਡਿਪਟੀ ਮੁੱਖ ਮੰਤਰੀ ਦੇ ਅਹੁਦੇ ’ਤੇ ਕੌਣ ਉਮੀਦਵਾਰ ਹੋਵੇਗਾ ਇਹ ਅਜੇ ਸਾਫ਼ ਨਹੀਂ ਹੈ। ਉਂਝ ਸੁਖਬੀਰ ਬਾਦਲ ਡਿਪਟੀ ਮੁੱਖ ਮੰਤਰੀ ਦੇ ਅਹੁਦੇ ’ਤੇ ਇਕ ਹਿੰਦੂ ਅਤੇ ਇਕ ਦਲਿਤ ਚਿਹਰਾ ਬਿਠਾਉਣ ਦੀ ਗੱਲ ਕਰ ਚੁੱਕੇ ਹਨ। ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਹੈ ਤਾਂ ਸੰਭਵ ਹੈ ਕਿ ਬਸਪਾ ਤੋਂ ਹੀ ਦਲਿਤ ਚਿਹਰਾ ਡਿਪਟੀ ਮੁੱਖ ਮੰਤਰੀ ਦੇ ਅਹੁਦੇ ’ਤੇ ਤਾਇਨਾਤ ਕੀਤਾ ਜਾ ਸਕਦਾ ਹੈ, ਜਿੱਥੋਂ ਤੱਕ ਗੱਲ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਹੈ ਤਾਂ ਉਹ ਸਿੱਧੇ ਆਪਣਾ ਮੁੱਖ ਮੰਤਰੀ ਐਲਾਨ ਕਰਨ ਦੀ ਜਗ੍ਹਾ ਭਾਜਪਾ ਨਾਲ ਹੀ ਕੰਮ ਕਰੇਗੀ। ਅਜਿਹੇ ’ਚ ਕੈਪਟਨ ਦੇ ਸੀ. ਐੱਮ. ਅਹੁਦੇ ਦੇ ਉਮੀਦਵਾਰ ਹੋਣ ਦੀਆਂ ਸੰਭਾਵਨਾਵਾਂ ਨਾਂਹ ਦੇ ਬਰਾਬਰ ਹਨ।

ਇਹ ਵੀ ਪੜ੍ਹੋ : ਅਸਤੀਫ਼ਾ ਦੇਣ ਦੀ ਬਜਾਏ ਕਾਂਗਰਸ ਵਲੋਂ ਕਾਰਵਾਈ ਕਰਨ ਦੀ ਉਡੀਕ ਵਿਚ ਪਰਨੀਤ ਕੌਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News