ਲੋਕ ਸਭਾ ਚੋਣਾਂ 2024: ਪੰਜਾਬ ਦੀ ਸਿਆਸਤ ਦੇ 13 ਅਖਾੜੇ, 12 ’ਤੇ ਆਮ ਆਦਮੀ ਪਾਰਟੀ ਕੋਲ ਖਿਡਾਰੀ ਹੀ ਨਹੀਂ

Saturday, Jul 01, 2023 - 11:30 AM (IST)

ਜਲੰਧਰ (ਸੋਮਨਾਥ)–2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਸਾਲ ਦੀ ਸ਼ੁਰੂ ਹੋਈ ਉਲਟੀ ਗਿਣਤੀ ਦੇ 4 ਮਹੀਨੇ ਬੀਤ ਚੁੱਕੇ ਹਨ। ਮਾਰਚ 2024 ਵਿਚ ਚੋਣ ਸ਼ਡਿਊਲ ਦਾ ਐਲਾਨ ਹੋ ਜਾਵੇਗਾ। ਸਿਆਸੀ ਪਾਰਟੀਆਂ ਵਿਚ ਆਪਣੀਆਂ ਪਿਛਲੇ ਸਮੇਂ ’ਚ ਹੋਈਆਂ ਗਲਤੀਆਂ ’ਤੇ ਮੰਥਨ ਅਤੇ ਅਗਲੀ ਰਣਨੀਤੀ ’ਤੇ ਵਿਚਾਰ ਕਰਨ ਦਾ ਸਮਾਂ ਲਗਭਗ ਖ਼ਤਮ ਹੋ ਚੁੱਕਾ ਹੈ ਅਤੇ ਹੁਣ ਜਨਤਾ ਦੀ ਨਬਜ਼ ਟਟੋਲਣ ਅਤੇ ਚੋਣ ਮੈਦਾਨ ਵਿਚ ਉਤਾਰੇ ਜਾਣ ਵਾਲੇ ਖਿਡਾਰੀਆਂ ’ਤੇ ਮੰਥਨ ਦਾ ਸਮਾਂ ਹੈ। ਕੌਮੀ ਪੱਧਰ ਦੀਆਂ ਪਾਰਟੀਆਂ ਵੱਲੋਂ ਜਨਤਾ ਦੀ ਨਬਜ਼ ਟਟੋਲਣ ਲਈ ਆਪਣੇ ਕੌਮੀ ਨੇਤਾਵਾਂ ਨੂੰ ਲੋਕ ਸਭਾ ਹਲਕਿਆਂ ਵਿਚ ਭੇਜਿਆ ਜਾਣ ਲੱਗਾ ਹੈ ਅਤੇ ਰੈਲੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਪਰ ਆਮ ਆਦਮੀ ਪਾਰਟੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੀ ਜਿੱਤ ਦੇ ਜਸ਼ਨ ’ਚੋਂ ਬਾਹਰ ਨਹੀਂ ਨਿਕਲ ਰਹੀ। ਲੋਕ ਸਭਾ ਚੋਣਾਂ ਸਬੰਧੀ ਕਿਤੇ ਕੋਈ ਸਿਆਸੀ ਸਰਗਰਮੀ ਨਜ਼ਰ ਨਹੀਂ ਆ ਰਹੀ।

ਗੁਜਰਾਤ ’ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਵੇਂ ਆਮ ਆਦਮੀ ਪਾਰਟੀ ਇਹ ਚੋਣ ਹਾਰ ਗਈ ਸੀ ਪਰ ਪਾਰਟੀ ਆਪਣਾ ਕੌਮੀ ਪਾਰਟੀ ਹੋਣ ਦਾ ਸਟੇਟਸ ਬਚਾਉਣ ਵਿਚ ਕਾਮਯਾਬ ਹੋ ਗਈ ਸੀ। 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਚੋਣ ਅਖਾੜੇ ਤਾਂ ਤਿਆਰ ਹੋਣ ਲੱਗੇ ਹਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਸੀਟਾਂ ’ਤੇ ਚੋਣ ਵੀ ਲੜਨਾ ਚਾਹੁੰਦੀ ਹੈ ਪਰ ਚੋਣ ਅਖਾੜੇ ਵਿਚ ਉਤਾਰਨ ਲਈ ਉਸ ਕੋਲ ਖਿਡਾਰੀ ਨਹੀਂ ਹਨ। ਠੀਕ ਉਸੇ ਤਰ੍ਹਾਂ ਦੀ ਹਾਲਤ ਹੈ ਜਿਵੇਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਸੀ। ਆਮ ਆਦਮੀ ਪਾਰਟੀ ਨੇ ਐਨ ਮੌਕੇ ’ਤੇ ਕਾਂਗਰਸ ਪਾਰਟੀ ਦੇ ਹਾਰੇ ਹੋਏ ਵਿਧਾਇਕ ਸੁਸ਼ੀਲ ਰਿੰਕੂ ਨੂੰ ‘ਆਪ’ ਦੀ ਟਿਕਟ ’ਤੇ ਲੋਕ ਸਭਾ ਜ਼ਿਮਨੀ ਚੋਣ ਲੜਨ ਲਈ ਮਨਾਇਆ ਅਤੇ ਸੀਟ ਜਿੱਤਣ ਲਈ ਆਮ ਆਦਮੀ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੇ ਹਰੇਕ ਮੰਤਰੀ ਅਤੇ ਵਿਧਾਇਕ ਨੂੰ ਜ਼ੋਰ ਲਾਉਣਾ ਪਿਆ। ਵਰਣਨਯੋਗ ਹੈ ਕਿ ਸੁਸ਼ੀਲ ਰਿੰਕੂ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਤੋਂ ਟਿਕਟ ਮੰਗ ਰਹੇ ਸਨ ਪਰ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਸਮੇਂ ਰਾਹੁਲ ਗਾਂਧੀ ਵੱਲੋਂ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਦਾ ਭਰੋਸਾ ਦਿੱਤੇ ਜਾਣ ਕਾਰਨ ਸੁਸ਼ੀਲ ਰਿੰਕੂ ਨੂੰ ਟਿਕਟ ਨਹੀਂ ਮਿਲੀ ਸੀ ਅਤੇ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ।

ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ: ਮੁਕੇਰੀਆਂ ਦੇ 27 ਸਾਲਾ ਨੌਜਵਾਨ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ

ਭਾਜਪਾ ਕਰ ਚੁੱਕੀ ਹੈ ਗੁਰਦਾਸਪੁਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਜਲੰਧਰ ਵਿਚ ਰੈਲੀਆਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ 9 ਸਫ਼ਲ ਸਾਲ ਪੂਰੇ ਕਰ ਚੁੱਕੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਸੁਸ਼ਾਸਨ ਦੇ 9 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਨੇਤਾ ਜਨਤਾ ਵਿਚ ਜਾ ਰਹੇ ਹਨ। ਪੰਜਾਬ ਵਿਚ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਭਾਜਪਾ ਵੱਲੋਂ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਭਾਜਪਾ ਦੇ ਕੌਮੀ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਰਦਾਸਪੁਰ ਵਿਚ, ਭਾਜਪਾ ਪ੍ਰਧਾਨ ਜੇ. ਪੀ. ਨੱਢਾ ਹੁਸ਼ਿਆਰਪੁਰ ਵਿਚ, ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਜਲੰਧਰ ਵਿਚ ਅਤੇ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਲੁਧਿਆਣਾ ਵਿਚ ਰੈਲੀਆਂ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਵੀ ਲਗਾਤਾਰ ਪੰਜਾਬ ਵਿਚ ਬੈਠਕਾਂ ਕਰ ਰਹੇ ਹਨ।

ਇਹ ਵੀ ਪੜ੍ਹੋ-ਨਿੱਜੀ ਹੋਟਲ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਾਤ 'ਚ ਫੜੇ ਕੁੜੀਆਂ-ਮੁੰਡੇ

ਕੀ ਕਾਂਗਰਸ ‘ਆਪ’ ਲਈ ਛੱਡ ਸਕਦੀ ਹੈ ਪੰਜਾਬ ਦੀਆਂ 7 ਸੀਟਾਂ?
ਜੁਲਾਈ ਦੇ ਦੂਜੇ ਹਫ਼ਤੇ ਵਿਚ ਸ਼ਿਮਲਾ ’ਚ ਵਿਰੋਧੀ ਏਕਤਾ ਦੀ ਦੂਜੀ ਬੈਠਕ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਉਸ ਦੀ ਪਹਿਲੀ ਬੈਠਕ ਪਟਨਾ ਵਿਚ ਹੋ ਚੁੱਕੀ ਹੈ, ਜਿਸ ਵਿਚ 15 ਪਾਰਟੀਆਂ ਦੇ 27 ਨੇਤਾਵਾਂ ਨੇ ਹਿੱਸਾ ਲਿਆ ਸੀ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਰਡੀਨੈਂਸ ਦੇ ਮਾਮਲੇ ਕਾਰਨ ਵਿਰੋਧੀ ਏਕਤਾ ਦੀ ਸਾਂਝੀ ਪ੍ਰੈੱਸ ਕਾਨਫ਼ਰੰਸ ਵਿਚ ਹਿੱਸਾ ਨਹੀਂ ਲਿਆ ਸੀ। ਹੁਣ ਆਮ ਆਦਮੀ ਪਾਰਟੀ ਵਿਰੋਧੀ ਏਕਤਾ ਦਾ ਹਿੱਸਾ ਬਣਦੀ ਹੈ ਜਾਂ ਨਹੀਂ, ਇਹ ਤਾਂ ਸ਼ਿਮਲਾ ਦੀ ਬੈਠਕ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਜਿੱਥੋਂ ਤਕ ਵਿਰੋਧੀ ਏਕਤਾ ਵਿਚ ਗਠਜੋੜ ਦੀ ਗੱਲ ਹੈ ਤਾਂ ਕੀ ਕਾਂਗਰਸ ਪੰਜਾਬ ਦੀਆਂ 7 ਸੀਟਾਂ ਆਮ ਆਦਮੀ ਪਾਰਟੀ ਲਈ ਛੱਡ ਦੇਵੇਗੀ ਕਿਉਂਕਿ 2019 ਦੀ ਚੋਣ ਵਿਚ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਨੇ ਪੰਜਾਬ ਦੀਆਂ 8 ਲੋਕ ਸਭਾ ਸੀਟਾਂ ’ਤੇ 40.12 ਫ਼ੀਸਦੀ ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤ ਕੀਤੀ ਸੀ। ਇਕ ਸੀਟ ’ਤੇ ਹੁਣ ‘ਆਪ’ ਦਾ ਕਬਜ਼ਾ ਹੈ।
ਇਸ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਸਿਰਫ ਇਕ ਸੀਟ ’ਤੇ ਸੰਗਰੂਰ ਤੋਂ ਜਿੱਤ ਹਾਸਲ ਹੋਈ ਸੀ ਪਰ ਇਹ ਸੀਟ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਛੱਡ ਦਿੱਤੀ ਸੀ। ਇਸ ਸੀਟ ਨੂੰ ਲੈ ਕੇ ਹੋਈ ਉਪ-ਚੋਣ ਵਿਚ ਕੁਝ ਮਹੀਨੇ ਪਹਿਲਾਂ ਹੀ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਪਾਰਟੀ ਲੋਕ ਸਭਾ ’ਚੋਂ ਬਾਹਰ ਹੋ ਗਈ ਸੀ, ਜਿਸ ਨੂੰ ਸੁਸ਼ੀਲ ਰਿੰਕੂ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਦੁਬਾਰਾ ਲੋਕ ਸਭਾ ਵਿਚ ਜਾਣ ਦਾ ਮੌਕਾ ਮਿਲਿਆ ਹੈ।
ਲੋਕ ਸਭਾ ਚੋਣਾਂ 2019 ਅਤੇ ਪੰਜਾਬ ਦੀਆਂ 13 ਸੀਟਾਂ ’ਤੇ ਜਿੱਤੀਆਂ ਪਾਰਟੀਆਂ ਦਾ ਵੋਟ ਗਣਿਤ

ਸਿਆਸੀ ਪਾਰਟੀ    ਸੀਟਾਂ ਜਿੱਤੀਆਂ    ਵੋਟ ਫ਼ੀਸਦੀ
ਕਾਂਗਰਸ  8    40.12
ਅਕਾਲੀ ਦਲ    2 27.76
ਭਾਜਪਾ 2 9 . 63
ਆਪ 1  7.38
ਹੋਰ 0   10.69 

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਉਨ੍ਹਾਂ ਦੇ ਸੰਸਦ ਮੈਂਬਰ

ਗੁਰਦਾਸਪੁਰ    ਭਾਜਪਾ  ਸੰਨੀ ਦਿਓਲ
ਅੰਮ੍ਰਿਤਸਰ  ਕਾਂਗਰਸ ਗੁਰਜੀਤ ਸਿੰਘ ਔਜਲਾ
ਖਡੂਰ ਸਾਹਿਬ ਕਾਂਗਰਸ ਜਸਬੀਰ ਸਿੰਘ ਗਿੱਲ
ਜਲੰਧਰ (ਐੱਸ. ਸੀ.) ਆਪ  ਸੁਸ਼ੀਲ ਰਿੰਕੂ
ਹੁਸ਼ਿਆਰਪੁਰ (ਐੱਸ. ਸੀ.)   ਭਾਜਪਾ ਸੋਮ ਪ੍ਰਕਾਸ਼
ਆਨੰਦਪੁਰ ਸਾਹਿਬ ਕਾਂਗਰਸ  ਮਨੀਸ਼ ਤਿਵਾਰੀ
ਲੁਧਿਆਣਾ ਕਾਂਗਰਸ ਰਵਨੀਤ ਸਿੰਘ ਬਿੱਟੂ
ਫਤਿਹਗੜ੍ਹ ਸਾਹਿਬ (ਐੱਸ. ਸੀ.) ਕਾਂਗਰਸ  ਡਾ. ਅਮਰ ਸਿੰਘ
ਫਰੀਦਕੋਟ (ਐੱਸ. ਸੀ.) ਕਾਂਗਰਸ  ਮੁਹੰਮਦ ਸਦੀਕ
ਫਿਰੋਜ਼ਪੁਰ ਸ਼੍ਰੋਅਦ   ਸੁਖਬੀਰ ਸਿੰਘ ਬਾਦਲ
ਬਠਿੰਡਾ ਸ਼੍ਰੋਅਦ ਹਰਸਿਮਰਤ ਕੌਰ ਬਾਦਲ
ਸੰਗਰੂਰ ਅਕਾਲੀ ਦਲ (ਅ) ਸਿਮਰਨਜੀਤ ਸਿੰਘ ਮਾਨ
ਪਟਿਆਲਾ  ਕਾਂਗਰਸ  ਪਰਨੀਤ ਕੌਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

           


shivani attri

Content Editor

Related News