ਇਸ ਵਾਰ ਬਾਬਾ ਬਕਾਲਾ ਸਾਹਿਬ ''ਚ ਨਹੀਂ ਹੋ ਸਕਣਗੀਆਂ ਸਿਆਸੀ ਕਾਨਫਰੰਸਾਂ

7/14/2020 1:36:46 PM

ਬਾਬਾ ਬਕਾਲਾ ਸਾਹਿਬ (ਰਾਕੇਸ਼) : ਇਤਿਹਾਸਕ ਕਸਬਾ ਬਾਬਾ ਬਕਾਲਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਏ ਜਾਣ ਵਾਲੇ ਤਿੰਨ ਰੋਜ਼ਾ ਮੇਲਾ ਰੱਖੜ ਪੁੰਨਿਆਂ ਅਤੇ 'ਸਾਚਾ ਗੁਰੂ ਲਾਧੋ ਰੇ' ਦਿਵਸ ਦੀਆਂ ਰੌਣਕਾਂ ਇਸ ਵਾਰ ਕੋਵਿੰਡ-19 ਦੀ ਭੇਂਟ ਚੜ੍ਹ ਜਾਣ ਕਾਰਨ, ਇਸ ਦਿਵਸ ਮੌਕੇ ਹੋਣ ਵਾਲੀਆਂ ਰੌਣਕਾਂ ਇਸ ਵਾਰ ਗਾਇਬ ਹੋ ਰਹੀਆਂ ਹਨ। ਭਾਵੇਂਕਿ ਇਸ ਨਗਰ 'ਚ ਅਕਸਰ ਹੀ ਸ਼ਰਧਾਲੂਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਪਰ ਫਿਰ ਵੀ ਇਸ ਇਤਿਹਾਸਕ ਮੇਲੇ ਅਤੇ 'ਸਾਚਾ ਗੁਰੂ ਲਾਧੋ ਰੇ' ਦਿਵਸ ਜੋ ਇਸ ਵਾਰ 3 ਅਗਸਤ 2020 ਨੂੰ ਮਨਾਇਆ ਜਾਣਾ ਹੈ, ਦੇ ਨਾਲ ਇਲਾਕੇ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਅਤੇ ਆਸਥਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਵੱਲੋਂ ਨਤਮਸਤਕ ਹੋਣ ਉਪਰੰਤ ਪਵਿੱਤਰ ਸਰੋਵਰਾਂ 'ਚ ਇਸ਼ਨਾਨ ਵੀ ਕੀਤੇ ਜਾਂਦੇ ਹਨ। ਇਸੇ ਹੀ ਰੱਖੜ ਪੁੰਨਿਆਂ ਮੇਲੇ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਜਿੰਨ੍ਹਾਂ 'ਚ ਪ੍ਰਮੁੱਖ ਤੌਰ 'ਤੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਸਯੁੰਕਤ ਅਕਾਲੀ ਦਲ ਅਤੇ ਪੰਜਾਬ ਏਕਤਾ ਪਾਰਟੀ ਵੱਲੋਂ ਆਪਣੀਆਂ ਕਾਨਫਰੰਸਾਂ ਵੀ ਕੀਤੀਆਂ ਜਾਦੀਆ ਹਨ, ਜਿਨ੍ਹਾਂ ਨੂੰ ਵੱਖ-ਵੱਖ ਪਾਰਟੀਆਂ ਦੇ ਆਲ੍ਹਾ ਨੇਤਾ ਸੰਬੋਧਨ ਕਰਨ ਲਈ ਪੁੱਜਦੇ ਹਨ ਪਰ ਇਸ ਵਾਰ ਹੋਣ ਵਾਲੀਆਂ ਉਕਤ ਕਾਨਫਰੰਸਾਂ ਦਾ ਹੋਣਾ ਮੁਸ਼ਕਿਲ ਹੈ।

ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਛਿੱਕੇ ਟੰਗੇ ਕੈਪਟਨ ਦੇ ਹੁਕਮ, ਕੀਤਾ ਵੱਡਾ ਸਿਆਸੀ ਇਕੱਠ (ਵੀਡੀਓ)

ਇਸ ਸਬੰਧੀ ਪੰਜਾਬ ਸਰਕਾਰ ਨੇ ਸਿੱਧੇ ਤੌਰ 'ਤੇ ਇਹ ਕਾਨਫਰੰਸਾਂ ਕਰਨ ਜਾ ਕਰਵਾਉਣ ਲਈ ਕੋਈ ਹੁਕਮ ਜਾਰੀ ਨਹੀਂ ਕੀਤਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਵੱਡੇ ਇਕੱਠ ਕਰਨ 'ਤੇ ਲਾਈ ਗਈ ਪਾਬੰਦੀ ਇਸਦੇ ਸੰਕੇਤ ਵਜੋਂ ਸਮਝੇ ਜਾ ਰਹੇ ਹਨ। ਇਨ੍ਹਾਂ ਕਾਨਫਰੰਸਾਂ ਨੂੰ ਲੈ ਕੇ ਇਥੇ ਪੰਜ ਜ਼ਿਲ੍ਹਿਆਂ ਦੀ ਪੁਲਸ ਤਾਇਨਾਤ ਕੀਤੀ ਜਾਂਦੀ ਹੈ। ਇਹ ਇਤਿਹਾਸਕ ਮੇਲਾ ਕਰੀਬੀ 100 ਪਿੰਡਾਂ ਲਈ ਕੇਂਦਰ ਬਿੰਦੂ ਹੁੰਦਾ ਹੈ। ਪੇਂਡੂ ਲੋਕ ਇਸ ਮੇਲੇ ਦੌਰਾਨ ਖਰੀਦੋ-ਫਰੋਖਤ ਵੀ ਵੱਡੇ ਪੱਧਰ 'ਤੇ ਕਰਦੇ ਹਨ। ਮੇਲੇ ਦੇ ਆਖਰੀ ਦਿਨ ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਵੱਲੋਂ ਮੁਹੱਲੇ ਸਜਾਏ ਜਾਂਦੇ ਹਨ ਅਤੇ ਇਸ ਤੋਂ ਬਾਅਦ ਘੌੜ ਸਵਾਰੀ, ਨੇਜ਼ੇਬਾਜੀ, ਤੀਰ ਅੰਦਾਜ਼ੀ ਦੇ ਜੌਹਰ ਦਿਖਾਏ ਜਾਂਦੇ ਹਨ ਅਤੇ ਕਬੱਡੀ ਦੇ ਮੈਚ ਵੀ ਕਰਵਾਏ ਜਾਂਦੇ ਹਨ। 

ਇਹ ਵੀ ਪੜ੍ਹੋ : ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਕਰਵਾਇਆ ਕੋਰੋਨਾ ਟੈਸਟ, ਅੱਜ ਆ ਸਕਦੀ ਹੈ ਰਿਪੋਰਟ

ਕਸਬਾ ਬਾਬਾ ਬਕਾਲਾ ਸਾਹਿਬ ਨੂੰ ਹੋਇਆ ਵੱਡਾ ਘਾਟਾ
ਇਹ ਮੇਲਾ ਗਰਮੀ ਦੇ ਦਿਨਾਂ 'ਚ ਲਗਦਾ ਹੈ ਪਰ ਫਿਰ ਵੀ ਲੋਕਾਂ 'ਚ ਬਹੁਤ ਉਤਸ਼ਾਹ ਪਾਇਆ ਜਾਂਦਾ ਹੈ। ਇਸ ਵਾਰ ਇਸ ਮੇਲੇ ਦੀਆਂ ਰੌਣਕਾਂ ਫਿੱਕੀਆ ਪੈਣ ਕਾਰਨ ਸਭ ਤੋਂ ਵੱਡਾ ਨੁਕਸਾਨ ਕਸਬਾ ਬਾਬਾ ਬਕਾਲਾ ਸਾਹਿਬ ਨੂੰ ਹੋਇਆ ਮਹਿਸੂਸ ਹੋਵੇਗਾ ਕਿਉਂਕਿ ਕੋਈ ਵੀ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਇਸ ਕਸਬੇ ਦੇ ਵਿਕਾਸ ਲਈ ਕਰੋੜਾ ਰੁਪਏ ਦੀ ਗ੍ਰਾਂਟ ਆਦਿ ਦੇਣ ਦਾ ਐਲਾਨ ਕੀਤਾ ਜਾਂਦਾ ਹੈ, ਜੋ ਇਸ ਵਾਰ ਉਨ੍ਹਾਂ ਦੀ ਆਮਦ ਨਾ ਹੋਣ ਕਾਰਨ ਇਸ ਇਲਾਕੇ ਨੂੰ ਬਹੁਤ ਵੱਡਾ ਘਾਟਾ ਮਹਿਸੂਸ ਹੋ ਰਿਹਾ ਹੈ।


Anuradha

Content Editor Anuradha