ਲੜਕੀ ਗਾਇਬ : ਪੀੜਤ ਔਰਤ ਪੁਲਸ ਚੌਕੀ ਅੱਗੇ ਰੋਂਦੀ-ਕੁਰਲਾਉਂਦੀ ਰਹੀ

Wednesday, Jan 17, 2018 - 07:35 AM (IST)

ਬਠਿੰਡਾ (ਬਲਵਿੰਦਰ)-ਊਧਮ ਸਿੰਘ ਨਗਰ ਦੇ ਵਿਆਹੁਤਾ ਜੋੜੇ ਨੇ ਅੱਜ ਮੁਹੱਲਾ ਵਾਸੀਆਂ ਨਾਲ ਮਿਲ ਕੇ ਪੁਲਸ ਚੌਕੀ ਵਰਧਮਾਨ ਸਾਹਮਣੇ ਧਰਨਾ ਮਾਰਿਆ। ਇਸ ਦੌਰਾਨ ਪੀੜਤ ਮਹਿਲਾ ਰੋਂਦੀ-ਕੁਰਲਾਉਂਦੀ ਰਹੀ ਕਿ ਉਸ ਦੀ ਲੜਕੀ ਗਾਇਬ ਹੈ ਪਰ ਪੁਲਸ ਉਸ ਦੀ ਮਦਦ ਨਹੀਂ ਕਰ ਰਹੀ।
ਕੀ ਹੈ ਮਾਮਲਾ
ਪੁਲਸ ਅਨੁਸਾਰ ਗੁਰਮੀਤ ਕੌਰ ਪਤਨੀ ਸੁੱਚਾ ਸਿੰਘ ਵਾਸੀ ਊਧਮ ਸਿੰਘ ਨਗਰ ਬਠਿੰਡਾ ਨੇ 25 ਦਸੰਬਰ 2017 ਨੂੰ ਪੁਲਸ ਕੋਲ ਬਿਆਨ ਦਰਜ ਕਰਵਾਇਆ ਸੀ ਕਿ ਉਸ ਦੀ ਲੜਕੀ ਪਰਮਜੀਤ ਕੌਰ 24 ਦਸੰਬਰ 2017 ਤੋਂ ਗਾਇਬ ਹੈ, ਜਿਸ 'ਤੇ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਜਦਕਿ ਸ਼ੱਕ ਕਰਨ 'ਤੇ ਸਤਨਾਮ ਸਿੰਘ ਵਾਸੀ ਊਧਮ ਸਿੰਘ ਨਗਰ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਵੀ ਕੀਤੀ ਗਈ। ਸਪੱਸ਼ਟ ਹੋ ਗਿਆ ਸੀ ਕਿ ਪਰਮਜੀਤ ਕੌਰ ਸਤਨਾਮ ਸਿੰਘ ਨਾਲ ਹੀ ਗਈ ਹੈ ਤੇ ਉਸ ਨਾਲ ਵਿਆਹ ਕਰਵਾ ਲਿਆ ਹੈ। ਇਸ ਦੌਰਾਨ ਪਰਮਜੀਤ ਕੌਰ ਤੇ ਸਤਨਾਮ ਸਿੰਘ ਨੇ ਆਪਣੇ ਦਸਤਖਤਾਂ ਵਾਲਾ ਇਕ ਐਫੀਡੈਵਿਟ ਵੀ ਭੇਜਿਆ, ਜਿਸ ਵਿਚ ਦੱਸਿਆ ਗਿਆ ਕਿ ਉਹ ਦੋਵੇਂ ਬਾਲਗ ਹਨ ਤੇ ਉਨ੍ਹਾਂ ਨੇ ਵਿਆਹ ਕਰਵਾ ਲਿਆ ਹੈ।
ਪੁਲਸ ਦਾ ਖਰਚਾ ਪੂਰਾ ਨਹੀਂ ਕਰ ਸਕੀ : ਗੁਰਮੀਤ ਕੌਰ
ਲੜਕੀ ਦੀ ਮਾਂ ਗੁਰਮੀਤ ਕੌਰ ਦਾ ਕਹਿਣਾ ਹੈ ਕਿ ਉਹ ਵਾਰ-ਵਾਰ ਪੁਲਸ ਨੂੰ ਕਹਿ ਰਹੀ ਹੈ ਕਿ ਲੜਕੀ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ ਕਿਉਂਕਿ ਹੋ ਸਕਦਾ ਹੈ ਕਿ ਉਸ ਤੋਂ ਜਬਰਨ ਦਸਤਖ਼ਤ ਕਰਵਾਏ ਗਏ ਜਾਂ ਫਿਰ ਇਹ ਦਸਤਖਤ ਉਸ ਦੇ ਹਨ ਵੀ ਜਾਂ ਨਹੀਂ। ਪਰਮਜੀਤ ਕੌਰ ਅਜਿਹਾ ਕੁਝ ਨਹੀਂ ਕਰ ਸਕਦੀ ਹੈ, ਪੁਲਸ ਸਤਨਾਮ ਸਿੰਘ ਤੇ ਉਸ ਦੇ ਪਰਿਵਾਰ ਨੂੰ ਬਚਾਉਣ ਖਾਤਰ ਹੀ ਮਨਘੜਤ ਗੱਲਾਂ ਕਰ ਰਹੀ ਹੈ। ਇਕ ਵਾਰ ਪੁਲਸ ਨੇ ਲੜਕੀ ਨੂੰ ਬਰਾਮਦ ਵੀ ਕਰ ਲਿਆ ਸੀ ਪਰ ਉਨ੍ਹਾਂ ਨੂੰ ਨਹੀਂ ਦੱਸਿਆ ਗਿਆ, ਸਗੋਂ ਉਸ ਨੂੰ ਉਕਤ ਨਾਲ ਹੀ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਸ ਨੂੰ ਹਰ ਕੀਮਤ 'ਤੇ ਆਪਣੀ ਲੜਕੀ ਚਾਹੀਦੀ ਹੈ। ਜੇਕਰ ਉਹ ਗਰੀਬ ਨਾ ਹੁੰਦੀ ਤਾਂ ਪੁਲਸ ਉਸ ਦੀ ਮਦਦ ਜ਼ਰੂਰ ਕਰਦੀ। ਹੁਣ ਉਹ ਪੁਲਸ ਦਾ ਖਰਚਾ ਪੂਰਾ ਨਹੀਂ ਕਰ ਸਕੀ ਤਾਂ ਹੀ ਉਸ ਦੀ ਲੜਕੀ ਬਰਾਮਦ ਨਹੀਂ ਕਰਵਾਈ ਗਈ। ਜੇਕਰ ਉਸ ਦੀ ਲੜਕੀ ਨਾ ਮਿਲੀ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਏਗੀ। 
ਕੀ ਕਹਿੰਦੇ ਹਨ ਪੁਲਸ ਅਧਿਕਾਰੀ 
ਪੁਲਸ ਚੌਕੀ ਵਰਧਮਾਨ ਦੇ ਮੁਖੀ ਹਰਨੇਕ ਸਿੰਘ ਨੇ ਦੱਸਿਆ ਕਿ ਗੁਰਮੀਤ ਕੌਰ ਦੇ ਬਿਆਨ 'ਤੇ ਮੁਕੱਦਮਾ ਦਰਜ ਕਰ ਲਿਆ ਸੀ ਪਰ ਲੜਕਾ ਤੇ ਲੜਕੀ ਬਾਲਗ ਹਨ, ਜਿਨ੍ਹਾਂ ਵੱਲੋਂ ਇਕ ਐਫੀਡੈਵਿਟ ਭੇਜਿਆ ਗਿਆ ਹੈ, ਜਿਸ ਵਿਚ ਉਹ ਵਿਆਹ ਕਰਵਾਉਣ ਦੀ ਗੱਲ ਕਰ ਰਹੇ ਹਨ। ਫਿਰ ਵੀ ਉਹ ਐਫੀਡੈਵਿਟ ਦੀ ਸੱਚਾਈ ਪਤਾ ਕਰਨ ਖਾਤਰ ਲੜਕੀ ਤੇ ਲੜਕੇ ਦੀ ਭਾਲ ਕਰ ਰਹੇ ਹਨ, ਜਿਸ ਤੋਂ ਬਾਅਦ ਉਹ ਲੜਕੀ ਦੇ ਬਿਆਨ ਅਦਾਲਤ ਵਿਚ ਵੀ ਦਰਜ ਕਰਵਾਉਣਗੇ ਤਾਂ ਕਿ ਅਸਲੀਅਤ ਸਾਹਮਣੇ ਆ ਸਕੇ ਕਿਉਂਕਿ ਵਿਆਹ ਲਈ ਸਿਰਫ ਐਫੀਡੈਵਿਟ ਹੀ ਕਾਫੀ ਨਹੀਂ ਹੈ। 


Related News