..ਤੇ ਇੰਝ ਵੱਜੀ ਬੇਗੋਵਾਲ ਪੁਲਸ ਥਾਣੇ ''ਚ ਮੁਕੱਦਮਿਆਂ ਦੀ ਸੈਂਚੁਰੀ
Tuesday, Aug 24, 2021 - 02:13 PM (IST)
ਬੇਗੋਵਾਲ (ਰਜਿੰਦਰ) : ਵੱਖ-ਵੱਖ ਮਾਮਲਿਆਂ ਵਿਚ ਕਾਨੂੰਨੀ ਕਾਰਵਾਈ ਕਰਦੇ ਹੋਏ ਅਨੇਕਾਂ ਕੇਸ ਦਰਜ ਕਰ ਚੁੱਕੀ ਬੇਗੋਵਾਲ ਪੁਲਸ ਨੂੰ ਐੱਨ. ਡੀ. ਪੀ. ਐੱਸ. ਐਕਟ ਅਧੀਨ ਮੁਕੱਦਮਾ ਨੰਬਰ 99 ਦਰਜ ਕਰਨ ਤੋਂ ਬਾਅਦ ਇਹ ਕਦੇ ਵੀ ਚਿੱਤ-ਚੇਤਾ ਨਹੀਂ ਹੋਵੇਗਾ ਕਿ ਮੁਕੱਦਮਿਆਂ ਦੀ ਜੋ ਸੈਂਚੁਰੀ ਵੱਜੇਗੀ। ਉਸ ਅਧੀਨ 100ਵਾਂ ਮੁਕੱਦਮਾ ਬੇਗੋਵਾਲ ਥਾਣੇ ਦੇ ਦੋ ਪੁਲਸ ਕਰਮਚਾਰੀਆਂ ’ਤੇ ਹੀ ਕਰਨਾ ਪਵੇਗਾ। ਦੱਸਣਯੋਗ ਹੈ ਕਿ ਥਾਣਾ ਬੇਗੋਵਾਲ ਦੀ ਪੁਲਸ ਨੇ ਬੀਤੇ ਦਿਨੀਂ ਮਨੀ ਪੁੱਤਰ ਸਤਪਾਲ ਵਾਸੀ ਵਾਰਡ ਨੰਬਰ 10, ਬੇਗੋਵਾਲ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਉਸਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਮੁਕੱਦਮਾ ਨੰਬਰ 99 ਦਰਜ ਕੀਤਾ ਸੀ। ਬੀਤੇ ਕੱਲ੍ਹ 22 ਅਗਸਤ ਨੂੰ ਸਵੇਰ ਸਮੇਂ ਇਸ ਨੌਜਵਾਨ ਨੂੰ ਪੁੱਛਗਿੱਛ ਲਈ ਜਦੋਂ ਹਵਾਲਾਤ ਵਿਚੋਂ ਬਾਹਰ ਕੱਢਿਆ ਗਿਆ ਤਾਂ ਉਸ ਸਮੇਂ ਦੌਰਾਨ ਮੌਕੇ ਦਾ ਫ਼ਾਇਦਾ ਉਠਾ ਕੇ ਉਕਤ ਨੌਜਵਾਨ ਥਾਣੇ ਦੇ ਅੰਦਰੋਂ ਪੁਲਸ ਮੁਲਾਜ਼ਮਾਂ ਕੋਲੋਂ ਦੌੜ ਗਿਆ ਤੇ ਫਰਾਰ ਹੋਣ ਵਿਚ ਸਫਲ ਰਿਹਾ। ਇਸ ਦਾ ਪਿੱਛਾ ਕਰਨ ਗਈ ਪੁਲਸ ਖਾਲੀ ਹੱਥ ਪਰਤੀ ਸੀ।
ਇਹ ਵੀ ਪੜ੍ਹੋ : ਕੈਪਟਨ ਵਰਗਾ ਝੂਠਾ ਨਹੀਂ ਵੇਖਿਆ, ਅਕਾਲੀ ਦਲ ਪੰਜਾਬ ਤੇ ਪੰਜਾਬੀਆਂ ਦੀ ਪਾਰਟੀ : ਸੁਖਬੀਰ ਬਾਦਲ
ਇਸ ਤੋਂ ਬਾਅਦ ਇਹ ਮਾਮਲਾ ਸੀਨੀਅਰ ਪੁਲਸ ਅਫਸਰਾਂ ਦੇ ਧਿਆਨ ’ਚ ਆਇਆ ਤੇ ਬੇਗੋਵਾਲ ਥਾਣੇ ਵਿਚ ਡਿਊਟੀ ਦੌਰਾਨ ਅਣਗਹਿਲੀ ਵਰਤਣ ਕਰਕੇ ਏ. ਐੱਸ. ਆਈ. ਗੁਰਨਾਮ ਸਿੰਘ ਅਤੇ ਹੋਮਗਾਰਡ ਮੁਲਾਜਮ ਬਲਦੇਵ ਸਿੰਘ ਤੋਂ ਇਲਾਵਾ ਫਰਾਰ ਹੋਏ ਨੌਜਵਾਨ ਮਨੀ ਖ਼ਿਲਾਫ਼ ਜਿਹੜਾ ਕੇਸ ਦਰਜ ਕੀਤਾ ਗਿਆ ਸੀ, ਉਸ ਦਾ ਨੰਬਰ 100 ਹੈ। ਜੋ ਇਕ ਹੈਰਾਨੀ ਭਰੀ ਗੱਲ ਹੈ ਕਿ 100 ਨੰਬਰ ਮੁਕੱਦਮੇ ਵਿਚ ਬੇਗੋਵਾਲ ਪੁਲਸ ਦੇ ਦੋ ਕਰਮਚਾਰੀ ਸ਼ਾਮਲ ਹਨ ਅਤੇ ਇਹ ਮੁਕੱਦਮਾ ਪੁਲਸ ਵਿਭਾਗ ਨੂੰ ਆਪਣੇ ਮੁਲਾਜ਼ਮਾਂ ਦੀ ਲਾਪ੍ਰਵਾਹੀ ਕਰਕੇ ਹੀ ਦਰਜ ਕਰਨਾ ਪਿਆ। ਹੁਣ ਇਹ ਕੇਸ ਪੁਲਸ ਮੁਲਾਜ਼ਮਾਂ ਦੀ ਮੁਸਤੈਦੀ 'ਤੇ ਵੀ ਸਵਾਲ ਖੜ੍ਹੇ ਕਰਦਾ ਹੈ ਕਿਉਂਕਿ ਮੁਲਜ਼ਮ ਦੇ ਦੌੜਨ ਵੇਲੇ ਥਾਣੇ ਵਿਚ ਦੋ ਨਹੀਂ ਸਗੋਂ ਹੋਰ ਮੁਲਾਜ਼ਮ ਵੀ ਮੌਜੂਦ ਹੋਣਗੇ। ਦੂਜੇ ਪਾਸੇ ਇਹ ਵੀ ਦੱਸਣਯੋਗ ਹੈ ਕਿ ਥਾਣੇ ਵਿਚੋਂ ਫਰਾਰ ਹੋਏ ਨੌਜਵਾਨ ਨੂੰ ਹਾਲੇ ਤੱਕ ਪੁਲਸ ਕਾਬੂ ਨਹੀਂ ਕਰ ਸਕੀ। ਇਸ ਸਬੰਧੀ ਜਦੋਂ ਏ. ਐੱਸ. ਪੀ. ਭੁਲੱਥ ਅਜੇ ਗਾਂਧੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਥਾਣੇ ਵਿਚੋਂ ਫਰਾਰ ਹੋਏ ਨੌਜਵਾਨ ਦੀ ਗ੍ਰਿਫਤਾਰੀ ਵਿਚ ਪੁਲਸ ਟੀਮਾਂ ਜੁੱਟੀਆਂ ਹੋਈਆਂ ਹਨ ਅਤੇ ਇਸ ਮੁਲਜ਼ਮ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : 4 ਸਾਲਾਂ ਬਾਅਦ ਗੰਨੇ ਦਾ ਭਾਅ ਸਿਰਫ਼ 15 ਰੁਪਏ ਵਧਾਉਣਾ ਕਿਸਾਨ ਮਾਰੂ ਫੈਸਲਾ : ਢੀਂਡਸਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ