600 ਪੁਲਸ ਮੁਲਾਜ਼ਮਾਂ ਨੇ ਕੀਤੀ ਜਲੰਧਰ ਸ਼ਹਿਰ ਦੀ ਘੇਰਾਬੰਦੀ, 8 ਨਸ਼ਾ ਸਮੱਗਲਰ ਹੋਏ ਗ੍ਰਿਫ਼ਤਾਰ

07/10/2022 12:38:10 PM

ਜਲੰਧਰ (ਸੁਧੀਰ)– ਪੰਜਾਬ ਨੂੰ ਨਸ਼ਾਮੁਕਤ ਬਣਾਉਣ ਅਤੇ ਨਸ਼ਾ ਸਮੱਗਲਰਾਂ ਦਾ ਸਫ਼ਾਇਆ ਕਰਨ ਲਈ ਡੀ. ਜੀ. ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸ਼ਨੀਵਾਰ ਨੂੰ ਸੂਬੇ ਭਰ ਵਿਚ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਵਿਸ਼ੇਸ਼ ਸਰਚ ਆਪਰੇਸ਼ਨ ’ਚ ਪੰਜਾਬ ਦੇ 26 ਸੀਨੀਅਰ ਆਈ. ਪੀ . ਐੱਸ. ਅਧਿਕਾਰੀਆਂ ਨੂੰ ਮੈਦਾਨ ਵਿਚ ਉਤਾਰਿਆ ਗਿਆ ਸੀ। ਗੌਰਵ ਯਾਦਵ ਨੇ ਦੱਸਿਆ ਕਿ ਸੂਬੇ ਭਰ ਵਿਚ ਹਰ ਐੱਸ. ਐੱਸ. ਪੀ. ਅਤੇ ਪੁਲਸ ਕਮਿਸ਼ਨਰ ਨਾਲ ਜੁਆਇੰਟ ਆਪਰੇਸ਼ਨ ਚਲਾਉਣ ਲਈ ਏ. ਡੀ. ਜੀ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਉਥੇ ਹੀ ਜਲੰਧਰ ਵਿਚ ਏ. ਡੀ. ਜੀ. ਪੀ. ਅਰਪਿਤ ਸ਼ੁਕਲਾ ਦੀ ਅਗਵਾਈ ਵਿਚ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ, ਡੀ. ਸੀ. ਪੀ. ਜਗਮੋਹਨ ਸਿੰਘ, ਏ. ਡੀ. ਸੀ. ਪੀ. ਗੁਰਬਾਜ ਸਿੰਘ ਸਮੇਤ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀ 600 ਪੁਲਸ ਮੁਲਾਜ਼ਮਾਂ ਨਾਲ ਮੈਦਾਨ ਵਿਚ ਉਤਰੇ।

ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਅਤੇ ਡੀ. ਸੀ. ਪੀ. ਤੇਜਾ ਸਿੰਘ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਨਸ਼ਾ ਸਮੱਗਲਰਾਂ ’ਤੇ ਸਖ਼ਤ ਕਾਰਵਾਈ ਕਰਨ ਤੋਂ ਪਹਿਲਾਂ ਸੀਨੀਅਰ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਬਸਤੀਆਂ ਇਲਾਕੇ, ਭਾਰਗੋ ਕੈਂਪ, ਰਾਮਾ ਮੰਡੀ ਤੇ ਥਾਣਾ ਨੰਬਰ 1 ਅਧੀਨ ਕੁਝ ਇਲਾਕਿਆਂ ’ਚ ਨਸ਼ਾ ਸਮੱਗਲਰਾਂ ’ਤੇ ਕਾਰਵਾਈ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਸਾਰੀਆਂ ਥਾਵਾਂ ’ਤੇ ਪਹਿਲਾਂ ਪੁਲਸ ਦੀ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਸਰਚ ਆਪਰੇਸ਼ਨ ਵਿਚ ਭਾਰੀ ਪੁਲਸ ਫ਼ੋਰਸ ਅਤੇ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਏ. ਡੀ. ਸੀ. ਪੀ. ਦੀ ਅਗਵਾਈ ਵਿਚ ਭੇਜਿਆ ਗਿਆ।

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਮਨਾਇਆ ਗਿਆ ਆਪਸੀ ਭਾਈਚਾਰੇ ਦਾ ਪ੍ਰਤੀਕ 'ਈਦ' ਦਾ ਤਿਉਹਾਰ, ਵੇਖੋ ਤਸਵੀਰਾਂ

‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਵਿਚ ਏ. ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਡੀ. ਜੀ. ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸੂਬੇ ਭਰ ਵਿਚ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਬੀਤੇ ਦਿਨ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਸਰਚ ਆਪਰੇਸ਼ਨ ਚਲਾਇਆ ਗਿਆ। ਜਲੰਧਰ ਵਿਚ ਉਹ ਖ਼ੁਦ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਫੀਲਡ ਵਿਚ ਤਾਇਨਾਤ ਰਹੇ। ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚ ਸਰਚ ਆਪਰੇਸ਼ਨ ਦੌਰਾਨ ਵੱਖ-ਵੱਖ ਥਾਣਿਆਂ ਵਿਚ ਨਸ਼ਾ ਸਮੱਗਲਰਾਂ ਖ਼ਿਲਾਫ਼ 10 ਮਾਮਲੇ ਦਰਜ ਕਰਕੇ 8 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਹੈਰੋਇਨ ਅਤੇ ਨਸ਼ੇ ਵਾਲੇ ਪਾਊਡਰ ਦੀ ਖੇਪ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਸਮੱਗਲਰਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਜਲਦ ਪੁਲਸ ਉਨ੍ਹਾਂ ਦਾ ਨੈੱਟਵਰਕ ਬ੍ਰੇਕ ਕਰੇਗੀ।

ਵੀਡੀਓਗ੍ਰਾਫੀ ਦੇ ਨਾਲ ਕੀਤੀ ਛਾਪੇਮਾਰੀ : ਸੀ. ਪੀ. ਗੁਰਸ਼ਰਨ ਸੰਧੂ
ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਤੇ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਸ਼ਹਿਰ ਵਿਚ ਵੱਡੇ ਪੱਧਰ ’ਤੇ ਕਾਰਵਾਈ ਲਈ ਪੁਲਸ ਅਧਿਕਾਰੀਆਂ ਨਾਲ ਸ਼ਹਿਰ ਵਿਚ 600 ਪੁਲਸ ਮੁਲਾਜ਼ਮਾਂ ਨੂੰ ਵਿਸ਼ੇਸ਼ ਰੂਪ ਵਿਚ ਇਸ ਸਰਚ ਆਪਰੇਸ਼ਨ ਵਿਚ ਤਾਇਨਾਤ ਕੀਤਾ ਗਿਆ ਸੀ। ਇਨ੍ਹਾਂ ਵਿਚੋਂ 300 ਮੁਲਾਜ਼ਮ ਨਾਕਿਆਂ ’ਤੇ ਤਾਇਨਾਤ ਕੀਤੇ ਗਏ ਸਨ। ਸਰਚ ਆਪ੍ਰੇਸ਼ਨ ਤੋਂ ਪਹਿਲਾਂ ਉਕਤ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਸੀ ਤਾਂ ਕਿ ਕੋਈ ਵੀ ਨਸ਼ਾ ਸਮੱਗਲਰ ਸ਼ਹਿਰ ਵਿਚੋਂ ਭੱਜ ਨਾ ਸਕੇ।
ਇਸ ਦੇ ਨਾਲ ਹੀ 150 ਪੁਲਸ ਮੁਲਾਜ਼ਮਾਂ ਨੂੰ ਪੈਟਰੋਲਿੰਗ ਪਾਰਟੀਆਂ ਨਾਲ ਤਾਇਨਾਤ ਕੀਤਾ ਗਿਆ ਸੀ, ਜਦਕਿ 150 ਮੁਲਾਜ਼ਮਾਂ ਨੂੰ ਛਾਪੇਮਾਰੀ ਤੇ ਸਰਚ ਕਰਨ ਲਈ ਤਾਇਨਾਤ ਕੀਤਾ ਗਿਆ ਸੀ। ਕਮਿਸ਼ਨਰੇਟ ਪੁਲਸ ਨੇ ਸਰਚ ਆਪਰੇਸ਼ਨ ਨੂੰ ਵੀਡੀਓਗ੍ਰਾਫੀ ਵਿਚਕਾਰ ਅੰਜਾਮ ਦਿੱਤਾ।

ਇਹ ਵੀ ਪੜ੍ਹੋ: CM ਮਾਨ ਦੀ ਕੇਂਦਰ ਸਰਕਾਰ ਤੋਂ ਕੀਤੀ ਮੰਗ 'ਤੇ ਰਾਜਾ ਵੜਿੰਗ ਨੇ ਲਈ ਚੁਟਕੀ, ਟਵੀਟ ਕਰਕੇ ਆਖੀ ਵੱਡੀ ਗੱਲ

ਨਸ਼ਾ ਸਮੱਗਲਰਾਂ ਦਾ ਹੋਵੇਗਾ ਸਫਾਇਆ : ਏ. ਡੀ. ਜੀ. ਪੀ. ਸ਼ੁਕਲਾ
‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਏ. ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੰਜਾਬ ਵਿਚੋਂ ਨਸ਼ਾ ਸਮੱਗਲਰਾਂ ਦਾ ਸਫਾਇਆ ਕੀਤਾ ਜਾਵੇਗਾ। ਇਸ ਮੁਹਿੰਮ ਨੂੰ ਜਲੰਧਰ ਸ਼ਹਿਰ ਵਿਚ ਵੱਡੀ ਕਾਮਯਾਬੀ ਮਿਲੀ ਹੈ। ਜਲੰਧਰ ਵਿਚ 10 ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਇਸ ਤੋਂ ਪਹਿਲਾਂ ਵੀ ਕਮਿਸ਼ਨਰੇਟ ਪੁਲਸ ਨੇ 300 ਦੇ ਲਗਭਗ ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਪੁਲਸ ਨੂੰ ਸਹਿਯੋਗ ਦੇਣ। ਜਨਤਾ ਅਤੇ ਪੁਲਸ ਦੇ ਸਹਿਯੋਗ ਨਾਲ ਹੀ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ।

ਪੰਜਾਬ ਪੁਲਸ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ: ਗੌਰਵ ਯਾਦਵ
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਸੂਬੇ ਭਰ ਵਿਚ ਨਸ਼ਾ ਸਮੱਗਲਰਾਂ ਦਾ ਜੜ੍ਹ ਤੋਂ ਸਫ਼ਾਇਆ ਕਰਨ ਲਈ ਪੰਜਾਬ ਪੁਲਸ ਦੀ ਇਹ ਮੁਹਿੰਮ ਜਾਰੀ ਰਹੇਗੀ। ਅੱਜ ਵੀ ਚੱਲੇ ਇਸ ਆਪਰੇਸ਼ਨ ਨੂੰ ਕਾਫ਼ੀ ਵੱਡੀ ਸਫ਼ਲਤਾ ਹਾਸਲ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਪਹਿਲੀ ਵਾਰ ਨਸ਼ਾ ਸਮੱਗਲਰਾਂ ਖ਼ਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਚਲਾਉਣ ਲਈ ਸੂਬੇ ਭਰ ਵਿਚ ਤਾਇਨਾਤ ਸੀਨੀਅਰ ਅਧਿਕਾਰੀਆਂ ਨਾਲ ਏ. ਡੀ. ਜੀ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵੀ ਪੰਜਾਬ ਪੁਲਸ ਦੀ ਇਹ ਮੁਹਿੰਮ ਜਾਰੀ ਰਹੇਗੀ।

PunjabKesari

ਇਹ ਵੀ ਪੜ੍ਹੋ: ਚੰਡੀਗੜ੍ਹ ਸਕੂਲ ਹਾਦਸੇ ’ਚ ਮਾਰੀ ਗਈ ਹਿਰਾਕਸ਼ੀ ਦਾ ਹੋਇਆ ਸਸਕਾਰ, ਰੋ-ਰੋ ਬੇਹਾਲ ਹੋਏ ਮਾਪੇ

ਇਨ੍ਹਾਂ ਥਾਣਿਆਂ ’ਚ ਦਰਜ ਹੋਏ ਮਾਮਲੇ, ਇਹ ਹੋਈ ਬਰਾਮਦਗੀ
ਥਾਣਾ 1 ਵਿਚ 5 ਗ੍ਰਾਮ ਹੈਰੋਇਨ
ਥਾਣਾ 8 ਵਿਚ 31 ਗ੍ਰਾਮ ਹੈਰੋਇਨ
ਥਾਣਾ ਰਾਮਾ ਮੰਡੀ ਵਿਚ13 ਗ੍ਰਾਮ ਹੈਰੋਇਨ
ਥਾਣਾ ਬਸਤੀ ਬਾਵਾ ਖੇਲ ਵਿਚ 90 ਗ੍ਰਾਮ ਹੈਰੋਇਨ
ਥਾਣਾ ਭਾਰਗੋ ਕੈਂਪ ਵਿਚ125 ਗ੍ਰਾਮ ਹੈਰੋਇਨ, 357 ਗ੍ਰਾਮ ਨਸ਼ੇ ਵਾਲਾ ਪਾਊਡਰ

ਇਹ ਵੀ ਪੜ੍ਹੋ: ਧੀ ਨਾਲ ਜਬਰ-ਜ਼ਿਨਾਹ ਕਰ ਗਰਭਵਤੀ ਕਰਨ ਵਾਲੇ ਦੋਸ਼ੀ ਪਿਓ ਤੇ ਭਰਾ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News