ਮਾਮਲਾ ਪੁਲਸ ਪਾਰਟੀ ''ਤੇ ਹਮਲੇ ਦਾ: ਬਾਬਾ ਬਲਵਿੰਦਰ ਸਿੰਘ ਸਮੇਤ 6 ਦੇ ਪੁਲਸ ਰਿਮਾਂਡ ''ਚ ਵਾਧਾ
Saturday, Apr 25, 2020 - 12:31 PM (IST)
ਪਟਿਆਲਾ (ਬਲਜਿੰਦਰ): ਸਨੌਰ ਰੋਡ 'ਤੇ ਸਬਜ਼ੀ ਮੰਡੀ ਪਟਿਆਲਾ ਵਿਚ ਪੁਲਸ ਪਾਰਟੀ 'ਤੇ ਹਮਲਾ ਕਰਨ ਤੋਂ ਬਾਅਦ ਗੁ. ਖਿਚੜੀ ਸਾਹਿਬ 'ਚੋਂ ਗ੍ਰਿਫਤਾਰ ਕੀਤੇ ਗਏ 6 ਵਿਅਕਤੀਆਂ ਨੂੰ 11 ਦਿਨਾਂ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਉਨ੍ਹਾਂ ਦੇ ਪੁਲਸ ਰਿਮਾਂਡ ਵਿਚ ਤਿੰਨ ਦਿਨ ਦਾ ਵਾਧਾ ਕਰ ਦਿੱਤਾ ਹੈ।
ਜਿਨ੍ਹਾਂ ਦੇ ਪੁਲਸ ਰਿਮਾਂਡ 'ਚ ਵਾਧਾ ਕੀਤਾ ਗਿਆ ਹੈ ਉਨ੍ਹ੍ਹਾਂ 'ਚ ਡੇਰੇ ਦੇ ਮੁਖੀ ਬਲਵਿੰਦਰ ਸਿੰਘ, ਜਗਮੀਤ ਸਿੰਘ, ਬੰਤ ਸਿੰਘ ਉਰਫ ਕਾਲਾ, ਗੁਰਦੀਪ ਸਿੰਘ, ਜਗੀਰ ਸਿੰਘ ਅਤੇ ਮਨਿੰਦਰ ਸਿੰਘ ਸ਼ਾਮਲ ਹਨ।ਰਿਮਾਂਡ ਦੌਰਾਨ ਪੁਲਸ ਵਲੋਂ ਉਨ੍ਹਾਂ ਤੋਂ ਹੋਰ ਪੁੱਛਗਿਛ ਕੀਤੀ ਜਾਵੇਗੀ।ਇਸ ਮਾਮਲੇ 'ਚ ਸੱਤਵਾਂ ਵਿਅਕਤੀਆਂ ਨਿਰਭੈ ਸਿੰਘ ਹੈ, ਜਿਹੜਾ ਜ਼ਖਮੀ ਹੋਣ ਕਾਰਨ ਨਿਆਇਕ ਹਿਰਾਸਤ 'ਚ ਚੱਲ ਰਿਹਾ ਹੈ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੈਦੀ ਵਾਰਡ 'ਚ ਜੇਰੇ ਇਲਾਜ ਹੈ।
ਦੱਸਣਯੋਗ ਹੈ ਕਿ 12 ਅਪ੍ਰੈਲ ਨੂੰ ਨਿਹੰਗਾਂ ਦੇ ਬਾਣੇ 'ਚ ਕੁਝ ਵਿਅਕਤੀਆਂ ਨੇ ਪੁਲਸ ਪਾਰਟੀ 'ਤੇ ਹਮਲਾ ਕਰਕੇ ਇਕ ਏ.ਐੱਸ.ਆਈ ਦਾ ਹੱਥ ਕੱਟ ਦਿੱਤਾ ਸੀ ਅਤੇ ਇਸ ਹਮਲੇ 'ਚ ਐੱਸ.ਐੱਚ.ਓ.ਸਦਰ ਥਾਣਾ ਪਟਿਆਲਾ ਬਿੱਕਰ ਸਿੰਘ ਸਮੇਤ 3 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਸਨ।ਇਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਵਿਚ ਇਕ ਔਰਤ ਸਮੇਤ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਿਚੋਂ ਸੁਖਪ੍ਰੀਤ ਕੌਰ, ਜਸਵੰਤ ਸਿੰਘ, ਦਰਸ਼ਨ ਸਿੰਘ ਅਤੇ ਨੰਨਾ ਦੀ ਇਸ ਮਾਮਲੇ ਵਿਚ ਘੱਟ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਤੋਂ ਬਰੀ ਕਰਵਾ ਦਿੱਤਾ ਗਿਆ ਸੀ।