ਸ਼ੋਅਰੂਮ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਪੁਲਸ ਦੀ ਕਾਰਵਾਈ, ਜਾਰੀ ਕੀਤੀ ਮੁਲਜ਼ਮਾਂ ਦੀ ਫੋਟੋ

Sunday, Oct 20, 2024 - 03:09 PM (IST)

ਸ਼ੋਅਰੂਮ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਪੁਲਸ ਦੀ ਕਾਰਵਾਈ, ਜਾਰੀ ਕੀਤੀ ਮੁਲਜ਼ਮਾਂ ਦੀ ਫੋਟੋ

ਕਪੂਰਥਲਾ (ਭੂਸ਼ਣ/ਮਹਾਜਨ)- ਬੀਤੀ 7 ਅਕਤੂਬਰ ਨੂੰ ਜਲੰਧਰ ਰੋਡ ’ਤੇ ਸਥਿਤ ਇਕ ਉੱਘੇ ਕਾਰੋਬਾਰੀ ਦੇ ਮੋਬਾਇਲ ਸ਼ੋਅਰੂਮ ’ਤੇ ਫਿਰੌਤੀ ਲੈਣ ਦੇ ਇਰਾਦੇ ਨਾਲ ਦੋ ਅਣਪਛਾਤੇ ਹਥਿਆਰਬੰਦ ਮੁਲਜਮਾਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਨ ਦੇ ਮਾਮਲੇ ਨੂੰ ਲੈ ਕੇ ਜਿੱਥੇ ਫਿਲਹਾਲ ਕਪੂਰਥਲਾ ਪੁਲਸ ਦੇ ਹੱਥ ਪੂਰੀ ਤਰ੍ਹਾਂ ਖਾਲੀ ਨਜ਼ਰ ਆ ਰਹੇ ਹਨ। ਉੱਥੇ ਹੀ ਸ਼ਨੀਵਾਰ ਨੂੰ ਕਪੂਰਥਲਾ ਪੁਲਸ ਨੇ ਦਿਨ-ਦਿਹਾੜੇ ਇਸ ਸਨਸਨੀਖੇਜ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਮੁਲਜ਼ਮਾਂ ਦੀ ਤਸਵੀਰ ਜਾਰੀ ਕਰਨ ਅਤੇ ਜਨਤਾ ਦਾ ਸਹਿਯੋਗ ਮੰਗਣਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਫਿਲਹਾਲ ਮੁਲਜ਼ਮਾਂ ਨੂੰ ਫੜਨ ਦੀ ਦਿਸ਼ਾ ’ਚ ਪੁਲਸ ਦੇ ਕੋਲ ਦੂਰ-ਦੂਰ ਤੱਕ ਕੋਈ ਵੀ ਸੁਰਾਗ ਨਹੀਂ ਹੈ।

ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਕਪੂਰਥਲਾ ਸ਼ਹਿਰ ਦੇ ਇਤਿਹਾਸ ’ਚ ਸ਼ਾਇਦ ਪਹਿਲੀ ਵਾਰ 2 ਮੋਟਰਸਾਇਕਲ ਸਵਾਰ 3 ਪਿਸਤੌਲਾਂ ਨਾਲ ਲੈਸ ਮੁਲਜ਼ਮਾਂ ਨੇ ਦਿਨ-ਦਿਹਾੜੇ ਜ਼ਿਲ੍ਹਾ ਸੈਸ਼ਨ ਜੱਜ ਅਤੇ ਡੀ. ਸੀ. ਦੀਆਂ ਸਰਕਾਰੀ ਰਿਹਾਇਸ਼ਾਂ ਨੇੜੇ ਮਿਕ ਮੋਬਾਇਲ ਸ਼ੋਅਰੂਮ ‘ਤੇ 20 ਦੇ ਕਰੀਬ ਫਾਇਰ ਕਰਕੇ ਜਿੱਥੇ ਸ਼ੋਅਰੂਮ ਨੂੰ ਬੁਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ ਸੀ, ਉੱਥੇ ਹੀ ਇਸ ਦੌਰਾਨ ਮੁਲਜ਼ਮਾਂ ਨੇ ਸ਼ੋਅਰੂਮ ਦੇ ਇਕ ਕਰਮਚਾਰੀ ਨੂੰ 5 ਕਰੋੜ ਰੁਪਏ ਦੀ ਫਿਰੌਤੀ ਸਬੰਧੀ ਇਕ ਪੱਤਰ ਵੀ ਫੜਾਇਆ ਸੀ, ਜਿਸ ਤੋਂ ਬਾਅਦ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋਏ ਦੋਵੇਂ ਮੁਲਜਮ ਸ਼ਹਿਰ ਦੇ ਇਕ ਧਾਰਮਿਕ ਸਥਾਨ ਤੋਂ ਚੋਰੀ ਕੀਤੇ ਗਏ ਮੋਟਰਸਾਈਕਲ ’ਤੇ ਸਾਰੇ ਪੁਲਸ ਨਾਕਿਆਂ ਨੂੰ ਸ਼ਰੇਆਮ ਪਾਰ ਕਰਦੇ ਫਰਾਰ ਹੋ ਗਏ।

ਇਹ ਵੀ ਪੜ੍ਹੋ- ਪੰਜਾਬ 'ਚ ਦੋ ਕੈਂਟਰਾਂ ਵਿਚਾਲੇ ਜ਼ਬਰਦਸਤ ਟੱਕਰ ਮਗਰੋਂ ਉੱਡੇ ਵਾਹਨਾਂ ਦੇ ਪਰਖੱਚੇ, ਦੋ ਡਰਾਈਵਰਾਂ ਦੀ ਮੌਤ

PunjabKesari

ਜਿੱਥੇ ਪੁਲਸ ਵੱਲੋਂ ਜਾਰੀ ਕੀਤੇ ਗਏ ਰੈਡ ਅਲਰਟ ਦੀਆਂ ਧੱਜੀਆਂ ਉਡਾਈਆਂ, ਉੱਥੇ ਹੀ ਇਸ ਖ਼ੌਫ਼ਨਾਕ ਵਾਰਦਾਤ ਨੇ ਸ਼ਹਿਰ ਦੇ ਕਾਰੋਬਾਰੀ ਜਗਤ ’ਚ ਭਾਰੀ ਦਹਿਸ਼ਤ ਫ਼ੈਲਾ ਦਿੱਤੀ। ਪੰਜਾਬ ਭਰ ’ਚ ਸੁਰਖੀਆਂ ਦਾ ਕੇਂਦਰ ਬਣੀ ਇਸ ਵਾਰਦਾਤ ’ਚ ਸ਼ਾਮਲ ਮੁਲਜ਼ਮਾਂ ਨੂੰ ਫੜਨ ਲਈ ਪੁਲਸ ਤੰਤਰ ’ਚ ਵੱਡੇ-ਵੱਡੇ ਦਾਅਵੇ ਕੀਤੇ, ਉਥੇ ਹੀ ਮੁਲਜ਼ਮਾਂ ਨੂੰ ਜਲਦੀ ਹੀ ਸਲਾਖਾਂ ਪਿੱਛੇ ਭੇਜਣ ਦੀ ਗੱਲ ਵੀ ਆਖੀ ਪਰ 12 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਦੇ ਹੱਥ ਅਜਿਹਾ ਕੋਈ ਸੁਰਾਗ ਨਜਰ ਨਹੀਂ ਆਉਂਦਾ ਹੈ ਕਿ ਜਿਸ ਦੇ ਦਮ ’ਤੇ ਪੁਲਸ ਦੂਰ-ਦੂਰ ਤੱਕ ਇਸ ਫਿਰੌਤੀ ਦੇ ਨੈਟਵਰਕ ਨੂੰ ਫੜਣ ਦਾ ਦਾਅਵਾ ਕਰ ਸਕੇ।
ਸ਼ਹਿਰ ਦੇ ਵਿਚੋਂ-ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਨਾਲ ਲੈਸ ਇਸ ਇਲਾਕੇ ’ਚ ਵਾਪਰੀ ਇਸ ਵਾਰਦਾਤ ਨੇ ਤਿਉਹਾਰੀ ਸੀਜ਼ਨ ਦੌਰਾਨ ਕਾਰੋਬਾਰੀ ਜਗਤ ਨੂੰ ਇਸ ਹੱਦ ਤੱਕ ਹਿਲਾ ਕੇ ਰੱਖ ਦਿੱਤਾ ਹੈ ਕਿ ਪਹਿਲਾਂ ਹੀ ਫਿਰੌਤੀ ਦੀਆਂ ਕਾਲਾਂ ਤੋਂ ਪਰੇਸ਼ਾਨ ਕਾਰੋਬਾਰੀਆਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ ਹੈ ਅਤੇ ਉਨ੍ਹਾਂ ਨੂੰ ਪੁਲਸ ਦੇ ਦਾਅਵਿਆਂ ’ਤੇ ਕੋਈ ਯਕੀਨ ਨਹੀਂ ਰਹਿ ਗਿਆ ਹੈ। ਦਹਿਸ਼ਤ ਦੇ ਇਸ ਦੌਰ ਦਾ ਸਭ ਤੋਂ ਜ਼ਿਆਦਾ ਅਸਰ ਸ਼ਹਿਰ ਦੇ ਬਾਹਰੀ ਇਲਾਕਿਆਂ ’ਚ ਆਪਣਾ ਕਾਰੋਬਾਰ ਚਲਾਉਣ ਵਾਲੇ ਕਾਰੋਬਾਰੀਆਂ ਦੇ ਚਿਹਰਿਆਂ ’ਤੇ ਸਾਫ਼ ਵੇਖਣ ਨੂੰ ਮਿਲ ਸਕਦਾ ਹੈ ਜੋ ਕਿਤੇ ਨਾ ਕਿਤੇ ਆਪਣੇ ਕਾਰੋਬਾਰੀ ਸੰਸਥਾਨਾਂ ’ਚ ਆਉਣ ਵਾਲੇ ਹਰ ਗਾਹਕ ’ਤੇ ਸ਼ੱਕ ਤੇ ਡਰ ਦੀਆਂ ਨਜ਼ਰਾਂ ਨਾਲ ਵੇਖ ਰਹੇ ਹਨ।

ਇਹ ਵੀ ਪੜ੍ਹੋ- ਆਦਮਪੁਰ ਏਅਰਪੋਰਟ 'ਤੇ ਫਲਾਈਟ 'ਚ ਬੰਬ ਹੋਣ ਦੀ ਖ਼ਬਰ

ਸ਼ਹਿਰ ’ਚ ਚਰਚਾ ਹੈ ਕਿ ਜੇਕਰ ਭੀੜ-ਭੜੱਕੇ ਵਾਲੇ ਇਲਾਕੇ ’ਚ 2 ਖ਼ਤਰਨਾਕ ਮੁਲਜ਼ਮ 3 ਪਿਸਤੌਲਾਂ ਨਾਲ ਲੈਸ ਹੋ ਕੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਣ ’ਚ ਕਾਮਯਾਬ ਹੋ ਗਏ ਹਨ ਤਾਂ ਬਾਹਰੀ ਇਲਾਕਿਆਂ ’ਚ ਅਜਿਹੀ ਵਾਰਦਾਤ ਹੋਣ ’ਤੇ ਹਾਲਾਤ ਕੀ ਹੋਣਗੇ, ਜੋ ਕਿਤੇ ਨਾ ਕਿਤੇ ਗੰਭੀਰ ਅਪਰਾਧਾਂ ਨਾਲ ਨਿਪਟਣ ’ਚ ਪੁਲਸ ਦੀ ਕਮਜ਼ੋਰ ਕਾਰਜਪ੍ਰਣਾਲੀ ਅਤੇ ਰਣਨੀਤੀ ਵੱਲ ਇਸ਼ਾਰਾ ਕਰਦਾ ਹੈ। ਹੁਣ ਸ਼ਨੀਵਾਰ ਨੂੰ ਪੁਲਸ ਵੱਲੋਂ ਸੀ. ਸੀ. ਟੀ. ਵੀ. ਫੁਟੇਜ ’ਚ ਕੈਦ ਮੁਲਜ਼ਮਾਂ ਦੀ ਫੋਟੋ ਆਮ ਜਨਤਾ ਨੂੰ ਜਾਰੀ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਪੁਲਸ ਦੇ ਕੋਲ ਇਸ ਪੂਰੇ ਖ਼ੌਫ਼ਨਾਕ ਘਟਨਾਕ੍ਰਮ ’ਤੇ ਕੁਝ ਖ਼ਾਸ ਕਹਿਣ ਨੂੰ ਨਹੀਂ ਰਹਿ ਗਿਆ।

ਜ਼ਿਕਰਯੋਗ ਹੈ ਕਿ ਅੱਤਵਾਦ ਨੂੰ ਸਫ਼ਲਤਾਪੂਰਵਕ ਖਤਮ ਕਰਨ ਵਾਲੀ ਪੰਜਾਬ ਪੁਲਸ ਫਿਰੌਤੀ ਵਰਗੀਆਂ ਸਨਸਨੀਖੇਜ਼ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਨਾਲ ਨਜਿੱਠਣ ’ਚ ਪੂਰੀ ਤਰ੍ਹਾਂ ਬੇਵੱਸ ਨਜ਼ਰ ਆ ਰਹੀ ਹੈ, ਉਸ ਨਾਲ ਆਉਣ ਵਾਲੇ ਦਿਨਾਂ ‘ਚ ਕਾਰੋਬਾਰੀ ਬਿਜਨੈੱਸ ’ਚ ਨਿਵੇਸ਼ ਕਰਨ ਤੋਂ ਡਰਨ ਲੱਗੇ ਹਨ, ਜਿਸ ਦਾ ਸਿੱਧਾ ਅਸਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਕਸ ’ਤੇ ਪੈ ਰਿਹਾ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਪੁਲਸ ਵੱਲੋਂ ਨਾ ਫੜਿਆ ਗਿਆ ਤਾਂ ਜ਼ਿਲ੍ਹਾ ਕਪੂਰਥਲਾ ’ਚ ਵਪਾਰੀਆਂ ’ਚ ਫੈਲੇ ਡਰ ਨੂੰ ਖ਼ਤਮ ਕਰਨਾ ਅਸੰਭਵ ਹੋ ਜਾਵੇਗਾ। ਹਾਲਾਤ ਤਾਂ ਇਹ ਹਨ ਕਿ ਲਗਾਤਾਰ ਫਿਰੌਤੀ ਲਈ ਆਉਣ ਵਾਲੀਆਂ ਫੋਨ ਕਾਲਾਂ ਤੋਂ ਦੁਖ਼ੀ ਕਈ ਕਾਰੋਬਾਰੀਆਂ ਨੇ ਤਾਂ ਦੂਜੇ ਸੂਬਿਆਂ ’ਚ ਜਾਂ ਵਿਦੇਸ਼ਾਂ ’ਚ ਆਪਣੇ ਕਾਰੋਬਾਰ ਸ਼ਿਫ਼ਟ ਕਰਨ ਦਾ ਫ਼ੈਸਲਾ ਕਰ ਲਿਆ ਹੈ ਤਾਂ ਜੋ ਉਨ੍ਹਾਂ ਨੂੰ ਦਹਿਸ਼ਤ ਦੇ ਮਾਹੌਲ ਤੋਂ ਮੁਕਤੀ ਮਿਲ ਸਕੇ।

ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ੀ ਨਾਲ ਫ਼ੈਲ ਰਹੀ ਭਿਆਨਕ ਬੀਮਾਰੀ, ਸਿਹਤ ਮਹਿਕਮੇ ਵੱਲੋਂ ਹਦਾਇਤਾਂ ਜਾਰੀ

ਕੀ ਕਹਿੰਦੇ ਹਨ ਐੱਸ.ਐੱਸ.ਪੀ.
ਇਸ ਸਬੰਧ ’ਚ ਜਦੋਂ ਐੱਸ. ਐੱਸ. ਪੀ. ਵਤਸਲਾ ਗੁਪਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਨਤਾ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਪਹਿਲ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੁਲਸ ਨੂੰ ਇਸ ਸਬੰਧੀ ਕੁਝ ਅਹਿਮ ਸੁਰਾਗ ਵੀ ਮਿਲੇ ਹਨ। ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ-  ਡੇਰਾ ਬਿਆਸ ਦੀ ਸੰਗਤ ਨੇ ਖੁਦ ਸਾਂਭਿਆ ਮੋਰਚਾ, 2 ਹਜ਼ਾਰ ਤੋਂ ਵੱਧ ਸ਼ਰਧਾਲੂ ਡਟੇ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News