ਦੋਸ਼ੀ ਵਿਰੁੱਧ ਕੇਸ ਦਰਜ, ਭਾਲ ''ਚ ਪੁਲਸ ਨੇ ਸ਼ੁਰੂ ਕੀਤੀ ਛਾਪੇਮਾਰੀ

11/14/2017 7:32:54 AM

ਝਬਾਲ/ਬੀੜ ਸਾਹਿਬ,   (ਲਾਲੂਘੁੰਮਣ, ਬਖਤਾਵਰ)—  ਐਤਵਾਰ ਰਾਤ ਨੂੰ ਪੈਸੇ ਦੇ ਲੈਣ-ਦੇਣ ਤੋਂ ਅੱਡਾ ਝਬਾਲ ਵਾਸੀ ਇਕ ਵਿਅਕਤੀ ਵੱਲੋਂ ਆਪਣੇ ਘਰ ਆਏ ਵਪਾਰੀ ਦੇ ਸਿਰ 'ਚ ਬੋਤਲ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਸ ਵੱਲੋਂ ਉਕਤ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮ੍ਰਿਤਕ ਵਪਾਰੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਬਲਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਸਵ. ਦਿਲਬਾਗ ਸਿੰਘ ਵਿਰੁੱਧ ਕਤਲ ਕੇਸ ਦਰਜ ਕੀਤਾ ਗਿਆ ਹੈ। 
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਝਬਾਲ ਇੰ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਹਰਵਿੰਦਰ ਸਿੰਘ ਦੇ ਪਿਤਾ ਸਵਿੰਦਰ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਪਿੰਡ ਠੱਠਾ ਥਾਣਾ ਅਲੀਪੁਰ ਜ਼ਿਲਾ ਗੁਰਦਾਸਪੁਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਉਹ ਪਸ਼ੂਆਂ ਦਾ ਵਪਾਰ ਕਰਦੇ ਹਨ ਤੇ 2 ਮਹੀਨੇ ਪਹਿਲਾਂ ਦੋਸ਼ੀ ਬਲਵਿੰਦਰ ਸਿੰਘ ਉਰਫ ਬਿੱਲੂ ਨੇ ਉਨ੍ਹਾਂ ਤੋਂ 6 ਗਾਵਾਂ 5 ਲੱਖ 58 ਹਜ਼ਾਰ ਦੀਆਂ ਖਰੀਦੀਆਂ ਸਨ ਤੇ ਉਕਤ ਰਕਮ ਦੀ ਪੇਸ਼ਗੀ ਵਜੋਂ ਦੋਸ਼ੀ ਨੇ ਸਿਰਫ 17 ਹਜ਼ਾਰ ਰੁਪਏ ਦਿੱਤੇ ਸਨ, ਜਦ ਕਿ 5 ਲੱਖ 41 ਹਜ਼ਾਰ ਰੁਪਏ ਉਨ੍ਹਾਂ ਨੇ ਦੋਸ਼ੀ ਤੋਂ ਬਾਕੀ ਲੈਣੇ ਸਨ। 
ਉਸ ਨੇ ਦੱਸਿਆ ਕਿ ਬਣਦੀ ਰਕਮ ਲੈਣ ਲਈ ਉਹ ਕਈ ਵਾਰ ਕਥਿਤ ਦੋਸ਼ੀ ਦੇ ਘਰ ਗੇੜੇ ਮਾਰ ਚੁੱਕੇ ਸਨ ਪਰ ਉਸ ਵੱਲੋਂ ਹਮੇਸ਼ਾ ਹੀ ਲਾਰਿਆਂ ਨਾਲ ਟਾਈਮ ਲੰਘਾਇਆ ਜਾ ਰਿਹਾ ਸੀ। ਸਵਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਦੇਰ ਸ਼ਾਮ ਵੀ ਜਦੋਂ ਉਹ ਦੋਸ਼ੀ ਤੋਂ ਪੈਸੇ ਲੈਣ ਲਈ ਉਸ ਦੇ ਘਰ ਪੁੱਜੇ ਤਾਂ ਦੋਸ਼ੀ ਇਕ ਹੋਰ ਵਿਅਕਤੀ ਨਾਲ ਸ਼ਰਾਬ ਪੀ ਰਿਹਾ ਸੀ, ਪੈਸੇ ਪੁੱਛਣ 'ਤੇ ਤੈਸ਼ 'ਚ ਆਏ ਦੋਸ਼ੀ ਨੇ ਮੇਜ 'ਤੇ ਪਈ ਸ਼ਰਾਬ ਦੀ ਬੋਤਲ ਨੂੰ ਤੋੜ ਕੇ ਉਸ ਦੇ ਲੜਕੇ 'ਤੇ ਹਮਲਾ ਕਰ ਦਿੱਤਾ। ਬੋਤਲ ਦਾ ਵਾਰ ਉਸ ਦੇ ਲੜਕੇ ਦੀ ਗਰਦਨ ਦੇ ਖੱਬੇ ਪਾਸੇ ਲੱਗਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਮੁਖੀ ਇੰ. ਹਰਪ੍ਰੀਤ ਸਿੰਘ ਅਨੁਸਾਰ ਮ੍ਰਿਤਕ ਹਰਵਿੰਦਰ ਸਿੰਘ ਦੇ ਪਿਤਾ ਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਬਲਵਿੰਦਰ ਸਿੰਘ ਉਰਫ ਬਿੱਲੂ ਵਿਰੁੱਧ ਕਤਲ ਦਾ ਕੇਸ ਦਰਜ ਕਰ ਕੇ ਉਸ ਦੀ ਭਾਲ ਆਰੰਭ ਦਿੱਤੀ ਗਈ ਹੈ। ਪੁਲਸ ਵੱਲੋਂ ਉਸ ਦੀ ਭਾਲ 'ਚ ਕਈ ਥਾਈਂ ਛਾਪੇਮਾਰੀ ਕੀਤੀ ਗਈ।


Related News