ਲੁਧਿਆਣਾ 'ਚੋਂ ਅਗਵਾ ਹੋਇਆ 3 ਸਾਲਾ ਬੱਚਾ ਅੰਕੁਸ਼ ਜਲੰਧਰ 'ਚੋਂ ਬਰਾਮਦ

10/30/2018 5:56:54 PM

ਜਲੰਧਰ/ਲੁਧਿਆਣਾ (ਸੁਨੀਲ, ਜਸਪ੍ਰੀਤ) : ਲੁਧਿਆਣਾ ਤੋਂ ਅਗਵਾ ਹੋਇਆ 3 ਸਾਲਾ ਬੱਚਾ ਅੰਕੁਸ਼ ਮੋਤੀ ਨਗਰ, ਜਲੰਧਰ ਤੋਂ ਬਰਾਮਦ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੁਧਿਆਣਾ ਤੋਂ ਅਗਵਾ ਹੋਇਆ 3 ਸਾਲਾ ਬੱਚਾ ਅੰਕੁਸ਼ ਪੁੱਤਰ ਦੇਵ ਬਹਾਦਰ ਜਲੰਧਰ 'ਚ ਹੀ ਹੈ। ਇਸ ਤੋਂ ਬਾਅਦ ਪੁਲਸ ਨੇ ਬੱਚਾ ਬਰਾਮਦ ਕਰਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ। ਬੱਚੇ ਨੂੰ ਲੁਧਿਆਣਾ ਸਥਿਤ ਉਸ ਦੇ ਘਰ ਬਾਹਰੋਂ ਵੀਰਭਾਨ ਪੁੱਤਰ ਗੰਗਾ ਸਿੰਘ ਨੇ ਅਗਵਾ ਕੀਤਾ ਸੀ ਅਤੇ ਜਲੰਧਰ 'ਚ ਰਹਿੰਦੇ ਆਪਣੇ ਭਰਾ ਦੀਪੇਂਦਰ ਵਾਸੀ ਗੁਰੂ ਬਾਜ਼ਾਰ ਦੇ ਘਰ ਰੱਖਿਆ ਹੋਇਆ ਸੀ।

ਵੀਰਭਾਨ ਖੁਦ ਫਰਾਰ ਹੈ। ਦੋਸ਼ੀ ਨੇ ਆਪਣੇ ਭਰਾ ਨੂੰ ਇਹ ਕਿਹਾ ਸੀ ਕਿ ਇਹ ਉਸ ਦਾ ਬੇਟਾ ਹੈ। ਦੋਸ਼ੀ ਆਪਣੇ ਭਰਾ ਨੂੰ ਕਈ ਸਾਲਾਂ ਤੋਂ ਮਿਲਿਆ ਨਹੀਂ ਸੀ, ਇਸ ਲਈ ਉਸ ਦੇ ਭਰਾ ਨੇ ਇਹ ਸੱਚ ਮੰਨ ਲਿਆ ਪਰ ਦੋਸ਼ੀ ਦੇ ਭਰਾ ਨੇ ਇਕ ਦਿਨ ਤੱਕ ਬੱਚੇ ਨੂੰ ਆਪਣੇ ਕੋਲ ਰੱਖਿਆ ਤਾਂ ਉਸ ਨੂੰ ਸ਼ੱਕ ਹੋਣ ਲੱਗਾ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ, ਜਿਸ ਤੋਂ ਬਾਅਦ ਏ. ਡੀ. ਸੀ. ਪੀ. ਭੰਡਾਲ ਨੇ ਲੁਧਿਆਣਾ ਕਮਿਸ਼ਨਰ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲਈ ਅਤੇ ਲੁਧਿਆਣਾ ਤੋਂ ਪੁਲਸ ਪਾਰਟੀ ਨਾਲ ਆਏ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਬੱਚਾ ਸੌਂਪ ਦਿੱਤਾ। ਇਸ ਪੂਰੀ ਘਟਨਾ ਦੌਰਾਨ ਦੋਸ਼ੀ ਦੇ ਭਰਾ ਨੇ ਜਾਗਰੂਕ ਨਾਗਰਿਕ ਦੀ ਭੂਮਿਕਾ ਨਿਭਾਈ। ਫਿਲਹਾਲ ਪੁਲਸ ਦੋਸ਼ੀ ਦੀ ਭਾਲ 'ਚ ਲੱਗ ਗਈ ਹੈ।  


Related News