ਨਾਜਾਇਜ਼ ਮਾਈਨਿੰਗ ''ਤੇ ਪੁਲਸ ਦਾ ਛਾਪਾ, ਕਰੋੜਾਂ ਦੀ ਮਸ਼ੀਨਰੀ ਜ਼ਬਤ
Saturday, Mar 24, 2018 - 12:22 AM (IST)

ਗੜ੍ਹਸ਼ੰਕਰ, (ਬੈਜ ਨਾਥ)- ਮਾਈਨਿੰਗ ਵਿਭਾਗ ਦੇ ਬਲਾਕ ਪ੍ਰਸਾਰ ਅਫਸਰ ਅਵਤਾਰ ਸਿੰਘ ਦੀ ਸ਼ਿਕਾਇਤ 'ਤੇ ਸਥਾਨਕ ਪੁਲਸ ਨੇ ਪਿੰਡ ਨੰਗਲਾਂ (ਨੇੜੇ ਬੋੜਾ) ਵਿਚ ਵੱਡੇ ਪੱਧਰ 'ਤੇ ਹੋ ਰਹੀ ਰੇਤਾ ਦੀ ਮਾਈਨਿੰਗ ਮੌਕੇ ਛਾਪਾ ਮਾਰ ਕੇ ਕਰੋੜਾਂ ਰੁਪਏ ਦੀ ਮਸ਼ੀਨਰੀ ਜ਼ਬਤ ਕਰ ਲਈ ਹੈ। ਜ਼ਬਤ ਮਸ਼ੀਨਰੀ ਵਿਚ 2 ਪੋਕਲਾਈਨ ਮਸ਼ੀਨਾਂ, ਜੇ. ਸੀ. ਬੀ. ਅਤੇ ਸੱਤ ਟਿੱਪਰ ਸ਼ਾਮਲ ਹਨ। ਟਿੱਪਰਾਂ ਤੇ ਮਸ਼ੀਨਾਂ ਦੇ ਡਰਾਈਵਰ ਮੌਕਾ ਦੇਖ ਕੇ ਭੱਜਣ ਵਿਚ ਕਾਮਯਾਬ ਹੋ ਗਏ। ਪੁਲਸ ਨੇ ਮਾਈਨਿੰਗ ਮਿਨਰਲਜ਼ ਐਕਟ 1957 ਦੀ ਧਾਰਾ 21 (1) ਅਧੀਨ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ 'ਤੇ ਦੇਖਿਆ ਗਿਆ ਕਿ ਕਰੀਬ 25-25 ਫੁੱਟ ਤੱਕ ਰੇਤਾ ਚੁੱਕੀ ਗਈ ਹੈ ਅਤੇ ਕਰੀਬ ਪੰਜ ਏਕੜ ਤੋਂ ਜ਼ਿਆਦਾ ਜ਼ਮੀਨ ਵਿਚੋਂ ਟਿੱਪਰ ਰੇਤਾ ਕੱਢਦੇ ਦਿਖਾਈ ਦਿੰਦੇ ਹਨ। ਇਹ ਮਾਮਲਾ ਉਜਾਗਰ ਕਰਨ ਵਿਚ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਦਾ ਯੋਗਦਾਨ ਦੱਸਿਆ ਜਾਂਦਾ ਹੈ।
ਕੀ ਕਹਿੰਦੇ ਨੇ ਐੱਸ. ਡੀ. ਐੱਮ.
ਸੰਪਰਕ ਕਰਨ 'ਤੇ ਐੱਸ. ਡੀ. ਐੱਮ. ਹਰਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦਰਖਾਸਤ ਮੰਗੀ ਨਹੀਂ, ਸਗੋਂ ਵਿਧਾਇਕ ਨੇ ਕਿਹਾ ਸੀ ਕਿ ਦਰਖਾਸਤ ਉਨ੍ਹਾਂ ਕੋਲ ਪਈ ਹੈ, ਤਾਂ ਮੈਂ ਕਿਹਾ ਕਿ ਫਿਰ ਮੇਰੇ ਦਫ਼ਤਰ ਭੇਜ ਦਿਓ।
ਉਨ੍ਹਾਂ ਮਾਈਨਿੰਗ ਵਿਚ ਮਿਲੀਭੁਗਤ ਦੇ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਅਸੀਂ ਤਾਂ ਬਿਨਾਂ ਦਰਖਾਸਤ ਤੋਂ ਵੀ ਕਾਰਵਾਈ ਕਰ ਦਿੱਤੀ ਹੈ। ਵਿਧਾਇਕ ਇਸ ਮਾਮਲੇ ਵਿਚ ਉਨ੍ਹਾਂ 'ਤੇ ਝੂਠੇ ਦੋਸ਼ ਲਾ ਰਹੇ ਹਨ।
ਕੀ ਕਹਿੰਦੇ ਨੇ ਵਿਧਾਇਕ
ਵਿਧਾਇਕ ਗੜ੍ਹਸ਼ੰਕਰ ਜੈ ਕਿਸ਼ਨ ਸਿੰਘ ਰੌੜੀ ਨੇ ਦੱਸਿਆ ਕਿ ਪਿੰਡ ਬੋੜਾ ਨੇੜੇ ਟਿੱਪਰਾਂ ਨੇ ਇਕ ਪੁਲਸ ਮੁਲਾਜ਼ਮ ਰਾਕੇਸ਼ ਕੁਮਾਰ ਨੂੰ ਦਰੜ ਕੇ ਮਾਰ ਦਿੱਤਾ ਅਤੇ ਦੋ ਸਕੂਟਰ ਸਵਾਰਾਂ ਦੀਆਂ ਲੱਤਾਂ ਤੋੜ ਦਿੱਤੀਆਂ। ਉਨ੍ਹਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਟਿੱਪਰ ਵੱਡੇ ਪੱਧਰ 'ਤੇ ਜੀ. ਟੀ. ਰੋਡ ਤੋਂ ਦੋ ਸੌ ਮੀਟਰ ਦੀ ਦੂਰੀ 'ਤੇ ਨਾਜਾਇਜ਼ ਮਾਈਨਿੰਗ ਵਿਚ ਲੱਗੇ ਹੋÂਸ ਸਨ। ਇਹ ਗੱਲ ਬੀਤੀ ਰਾਤ ਅੱਠ ਵਜੇ ਦੀ ਹੈ। ਉਨ੍ਹਾਂ ਮੌਕੇ 'ਤੇ ਹੀ ਡੀ. ਸੀ. ਹੁਸ਼ਿਆਰਪੁਰ, ਐੱਸ. ਐੱਸ. ਪੀ. ਅਤੇ ਮਾਈਨਿੰਗ ਵਿਭਾਗ ਦੇ ਜੀ. ਐੱਮ. ਨੂੰ ਫੋਨ ਕੀਤਾ ਅਤੇ ਨਾਜਾਇਜ਼ ਮਾਈਨਿੰਗ ਬਾਰੇ ਜਾਣਕਾਰੀ ਦਿੱਤੀ ਤਾਂ ਕਿਤੇ ਜਾ ਕੇ ਪ੍ਰਸ਼ਾਸਨ ਹਰਕਤ ਵਿਚ ਆਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਐੱਸ. ਡੀ. ਐੱਮ. ਗੜ੍ਹਸ਼ੰਕਰ ਹਰਦੀਪ ਸਿੰਘ ਧਾਲੀਵਾਲ ਨੂੰ ਵੀ ਸਵੇਰੇ ਫੋਨ ਕੀਤਾ ਤਾਂ ਉਨ੍ਹਾਂ ਉਲਟਾ ਮੈਨੂੰ ਦਰਖਾਸਤ ਦੇਣ ਲਈ ਕਿਹਾ। ਵਿਧਾਇਕ ਨੇ ਮਾਈਨਿੰਗ ਵਿਚ ਐੱਸ. ਡੀ. ਐੱਮ. ਦੀ ਮਿਲੀਭੁਗਤ ਦੇ ਦੋਸ਼ ਵੀ ਲਾਏ। ਉਨ੍ਹਾਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਅਤੇ ਅਸਲੀ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਵੀ ਕੀਤੀ।
ਮਾਈਨਿੰਗ ਐਕਟ ਤਹਿਤ 2 ਖਿਲਾਫ ਕੇਸ ਦਰਜ
ਭੂੰਗਾ/ਗੜ੍ਹਦੀਵਾਲਾ/ਹਰਿਆਣਾ, (ਭਟੋਆ, ਰਾਜਪੂਤ)-ਭੂੰਗਾ ਪੁਲਸ ਵੱਲੋਂ ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਟਰੈਕਟਰ-ਟਰਾਲੀ ਚਾਲਕ ਨੂੰ ਕਾਬੂ ਕਰ ਕੇ ਪਰਚਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਪੁਲਸ ਚੌਕੀ ਭੂੰਗਾ ਦੇ ਹੈੱਡ ਕਾਂਸਟੇਬਲ ਸੁਖਦੇਵ ਸਿੰਘ ਅਤੇ ਮੁਨਸ਼ੀ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਸ ਵੱਲੋਂ ਗਸ਼ਤ ਦੌਰਾਨ ਨੂਰਪੁਰ ਤੋਂ ਕੱਚੇ ਰਸਤੇ 'ਤੇ ਇਕ ਟਰੈਕਟਰ ਨੰ. ਪੀ ਬੀ-07-ਏ ਐੱਫ-3589, ਜੋ ਕਿ ਟਰਾਲੀ 'ਤੇ ਰੇਤਾ ਲੱਦ ਕੇ ਲਿਜਾ ਰਿਹਾ ਸੀ, ਨੂੰ ਰੋਕ ਕੇ ਦਸਤਾਵੇਜ਼ਾਂ ਦੀ ਮੰਗ ਕੀਤੀ ਤਾਂ ਚਾਲਕ ਦਸਤਾਵੇਜ਼ ਪੇਸ਼ ਨਾ ਕਰ ਸਕਿਆ। ਪੁਲਸ ਨੂੰ ਉਸ ਨੇ ਆਪਣਾ ਨਾਂ ਅਮਨਦੀਪ ਪੁੱਤਰ ਪ੍ਰੇਮ ਲਾਲ ਵਾਸੀ ਗੁਰਾਇਆ ਥਾਣਾ ਹਰਿਆਣਾ ਦੱਸਿਆ। ਇਸ ਸਬੰਧੀ ਉਂਕਾਰ ਸਿੰਘ ਬਲਾਕ ਪ੍ਰਸਾਰ ਅਫਸਰ (ਉਦਯੋਗ) ਭੂੰਗਾ ਨੂੰ ਇਤਲਾਹ ਦੇ ਦਿੱਤੀ ਗਈ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਮਾਈਨਿੰਗ ਐਕਟ ਦੀ ਧਾਰਾ 21 (1) ਅਧੀਨ ਥਾਣਾ ਹਰਿਆਣਾ ਵਿਖੇ ਪਰਚਾ ਦਰਜ ਕਰ ਲਿਆ ਹੈ।
ਗੜ੍ਹਸ਼ੰਕਰ, (ਬੈਜ ਨਾਥ)-ਗੜ੍ਹਸ਼ੰਕਰ ਪੁਲਸ ਨੇ ਪਿੰਡ ਪਾਹਲੇਵਾਲ ਦੇ ਕਮਲਜੀਤ ਸਿੰਘ ਉਰਫ ਕਮਲ ਪੁੱਤਰ ਭੁਪਿੰਦਰ ਸਿੰਘ ਵਿਰੁੱਧ ਮਾਈਨਿੰਗ ਮਿਨਰਲਜ਼ ਐਕਟ 1957 ਦੀ ਧਾਰਾ 21(1) ਅਧੀਨ ਨਾਜਾਇਜ਼ ਮਾਈਨਿੰਗ ਦੇ ਦੋਸ਼ ਵਿਚ ਮਾਮਲਾ ਦਰਜ ਕਰ ਕੇ ਟਰੈਕਟਰ-ਟਰਾਲੀ ਸਮੇਤ ਹਿਰਾਸਤ ਵਿਚ ਲੈ ਲਿਆ ਹੈ। ਅਵਤਾਰ ਸਿੰਘ ਬਲਾਕ ਪ੍ਰਸਾਰ ਅਫਸਰ (ਉਦਯੋਗ) ਅਵਤਾਰ ਸਿੰਘ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਉਕਤ ਵਿਅਕਤੀ ਟਰੈਕਟਰ ਨੰ. ਪੀ ਬੀ-24ਬੀ-2405 ਨਾਲ ਟਰਾਲੀ ਵਿਚ ਭਰੀ ਰੇਤ ਦੇ ਕਾਗਜ਼ਾਤ ਨਹੀਂ ਸੀ ਪੇਸ਼ ਕਰ ਸਕਿਆ।