ਦਿੱਲੀ ''ਚ ਸਿੱਖਾਂ ''ਤੇ ਹਮਲੇ ਕਰਨ ਵਾਲੇ ਪੁਲਸ ਕਰਮੀਆਂ ਨੂੰ ਕੀਤਾ ਜਾਵੇ ਬਰਖਾਸਤ: ਸੁਖਬੀਰ

06/17/2019 8:53:12 PM

ਚੰਡੀਗੜ੍ਹ (ਰਮਨਜੀਤ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਦਿੱਲੀ ਵਿਚ ਨਿਰਦੋਸ਼ ਸਿੱਖਾਂ 'ਤੇ ਹਮਲੇ ਲਈ ਜ਼ਿੰਮੇਵਾਰ ਪੁਲਸ ਕਰਮੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕੀਤਾ ਜਾਵੇ।

ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕਤੰਤਰ ਅੰਦਰ ਕਿਸੇ ਵੀ ਭਾਈਚਾਰੇ ਖ਼ਿਲਾਫ਼ ਅਣਮਨੁਖੀ ਵਿਵਹਾਰ ਲਈ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਇਕ ਬਜ਼ੁਰਗ ਸਿੱਖ ਅਤੇ ਉਸ ਦੇ ਬੇਟੇ ਦੀ ਮੁਖਰਜੀ ਨਗਰ ਪੁਲਸ ਸਟੇਸ਼ਨ ਦੇ ਸਾਹਮਣੇ ਬੁਰੀ ਤਰ੍ਹਾਂ ਕੁਟਮਾਰ ਕਰਕੇ ਪੁਲਸ ਕਰਮੀਆਂ ਨੇ ਉਨ੍ਹਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਹੈ। ਬਜ਼ੁਰਗ ਦੇ ਬੇਟੇ ਵਲੋਂ ਕੀਤੇ ਤਰਲਿਆਂ ਦੇ ਬਾਵਜੂਦ ਉਸ ਦੇ ਪਿਤਾ ਨੂੰ ਕੁੱਟਿਆ ਗਿਆ ਅਤੇ ਗਲੀਆਂ ਵਿਚ ਘਸੀਟਿਆ ਗਿਆ। ਬਾਅਦ 'ਚ ਬੇਟੇ 'ਤੇ ਵੀ ਹਮਲਾ ਕਰਕੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ।

ਗ੍ਰਹਿ ਮੰਤਰੀ ਕੋਲ ਇਸ ਘਿਣਾਉਣੀ ਕਾਰਵਾਈ 'ਚ ਸ਼ਾਮਲ ਪੁਲਸ ਕਰਮੀਆਂ ਨੂੰ ਮਿਸਾਲੀ ਸਜ਼ਾ ਦਿੱਤੇ ਜਾਣ ਦੀ ਅਪੀਲ ਕਰਦਿਆਂ ਸੁਖਬੀਰ ਨੇ ਕਿਹਾ ਕਿ ਅਜਿਹੀ ਕਾਰਵਾਈ ਸਮਾਜ ਅੰਦਰ ਇਹ ਸੁਨੇਹਾ ਪਹੁੰਚਾਉਣ ਲਈ ਲਾਜ਼ਮੀ ਹੈ ਕਿ ਖਾਕੀ ਵਰਦੀ ਵਾਲਿਆਂ ਦੀ ਧੱਕੇਸ਼ਾਹੀ ਅਤੇ ਅੱਤਿਆਚਾਰ ਨੂੰ ਕਿਸੇ ਵੀ ਹਾਲਾਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਘਟਨਾ 'ਚ ਸ਼ਾਮਿਲ ਰਹੇ ਪੁਲਸ ਕਰਮੀਆਂ ਨੂੰ ਤੁਰੰਤ ਬਰਖਾਸਤ ਕੀਤੇ ਜਾਣ ਦੀ ਅਪੀਲ ਕਰਦਿਆਂ ਸੁਖਬੀਰ ਨੇ ਗ੍ਰਹਿ ਮੰਤਰੀ ਕੋਲ ਦੋਸ਼ੀ ਪੁਲਸ ਕਰਮੀਆਂ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਪਰਚਾ ਦਰਜ ਕੀਤੇ ਜਾਣ ਦੀ ਵੀ ਬੇਨਤੀ ਕੀਤੀ। ਅਕਾਲੀ ਦਲ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਇਹ ਮਾਮਲਾ ਜ਼ੋਰ ਨਾਲ ਉਠਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਮੈਂ ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਜ਼ਿੰਮੇਵਾਰੀ ਸੌਂਪੀ ਹੈ ਕਿ ਉਹ ਇਸ ਘਿਣਾਉਣੇ ਕਾਰੇ ਲਈ ਜ਼ਿੰਮੇਵਾਰ ਪੁਲਸ ਕਰਮੀਆਂ ਖ਼ਿਲਾਫ ਸਬੰਧਿਤ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਉਣ ਅਤੇ ਨਿਰਦੋਸ਼ ਸਿੱਖਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ।


Baljit Singh

Content Editor

Related News