ਮੋਗਾ ਸੈਕਸ ਸਕੈਂਡਲ ਵਿਚ ਸਜ਼ਾ ਦਾ ਐਲਾਨ, ਚਾਰ ਪੁਲਸ ਅਫਸਰਾਂ ''ਤੇ ਡਿੱਗੀ ਗਾਜ

Monday, Apr 07, 2025 - 06:35 PM (IST)

ਮੋਗਾ ਸੈਕਸ ਸਕੈਂਡਲ ਵਿਚ ਸਜ਼ਾ ਦਾ ਐਲਾਨ, ਚਾਰ ਪੁਲਸ ਅਫਸਰਾਂ ''ਤੇ ਡਿੱਗੀ ਗਾਜ

ਮੋਗਾ (ਗੋਪੀ ਰਾਉਕੇ, ਕਸ਼ਿਸ਼ ਸਿੰਗਲਾ) : ਮੋਗਾ ਸੈਕਸ ਸਕੈਂਡਲ ਮਾਮਲੇ ਵਿਚ ਦੋਸ਼ੀ ਪਾਏ ਗਏ ਸਾਰੇ ਮੁਲਜ਼ਮਾਂ ਨੂੰ 5-5 ਸਾਲ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਮੋਹਾਲੀ ਦੀ ਸੀਬੀਆਈ ਦੀ ਅਦਾਲਤ ਨੇ ਤਤਕਾਲੀ ਥਾਣੇਦਾਰ ਅਤੇ ਮਾਮਲੇ ਦੇ ਇਕ ਮੁਲਜ਼ਮ ਰਮਨ ਕੁਮਾਰ ਨੂੰ ਵਾਧੂ ਤਿੰਨ ਸਾਲ ਦੀ ਕੈਦ ਸੁਣਾਈ ਹੈ ਅਤੇ ਇਕ ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਇਸ ਮਾਮਲੇ ਦੇ ਸ਼ਿਕਾਇਤਕਰਤਾ ਰਣਜੀਤ ਸਿੰਘ ਨੇ ਅਦਾਲਤ ਦੇ ਫੈਸਲੇ ਉੱਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਦੱਸਿਆ ਕਿ ਇਹ ਮਾਮਲਾ 2007 ਦਾ ਹੈ। ਦੇਹ ਵਪਾਰ ਦੇ ਮਾਮਲਿਆਂ ਵਿਚ ਮੋਹਤਬਰਾਂ ਨੂੰ ਫਸਾ ਕੇ ਉਨ੍ਹਾਂ ਤੋਂ ਪੈਸੇ ਵਸੂਲਣ ਦੇ ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪੇ ਨੋਟਿਸ ਲਿਆ ਸੀ ਅਤੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਸੀ। ਪੰਜਾਬ ਪੁਲਸ ਦੇ ਮੋਗਾ ਦੇ ਤਤਕਾਲੀ ਐੱਸਐੱਸਪੀ ਦਵਿੰਦਰ ਸਿੰਘ ਗਰਚਾ ਇਸ ਮਾਮਲੇ ਦੇ ਮੁੱਖ ਮੁਲਜ਼ਮਾਂ ਵਿਚੋਂ ਸਨ। ਗਰਚਾ ਤੋਂ ਇਲਾਵਾ ਉਸ ਵੇਲੇ ਦੇ ਐੱਸਐੱਚਓ ਰਮਨ ਕੁਮਾਰ ਅਤੇ ਥਾਣਾ ਸਿਟੀ ਮੋਗਾ ਦੇ ਐੱਸਐਚਓ ਰਹੇ ਅਮਰਜੀਤ ਸਿੰਘ ਨੂੰ ਵੀ ਇਸ ਮਾਮਲੇ ਵਿਚ ਸਜ਼ਾ ਸੁਣਾਈ ਗਈ ਹੈ। ਦਰਅਸਲ ਇਹ ਮਾਮਲਾ ਦੇਹ-ਵਪਾਰ ਦੇ ਨਾਮ ਉੱਤੇ ਡਰਾ-ਧਮਕਾ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਕਾਰੋਬਾਰੀਆਂ ਅਤੇ ਰਸੂਖ਼ਦਾਰਾਂ ਨੂੰ ਬਲੈਕਮੇਲ ਕਰਨ ਅਤੇ ਮੋਟੀਆਂ ਰਕਮਾਂ ਵਸੂਲਣ ਦਾ ਸੀ।

ਇਹ ਵੀ ਪੜ੍ਹੋ : ਡਰਾਈਵਿੰਗ ਲਾਇਲੈਂਸ ਨੂੰ ਲੈ ਕੇ ਪਿਆ ਵੱਡਾ ਪੰਗਾ, ਹੁਣ ਖੜ੍ਹੀ ਹੋ ਗਈ ਇਕ ਹੋਰ ਨਵੀਂ ਮੁਸੀਬਤ

ਮਾਮਲੇ ਦੇ ਸ਼ਿਕਾਇਤਕਰਤਾ ਨੇ ਕੀ ਕਿਹਾ

ਇਸ ਮਾਮਲੇ ਵਿਚ ਰਣਜੀਤ ਸਿੰਘ ਮੁਖ ਸ਼ਿਕਾਇਤਕਰਤਾ ਹਨ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ''ਸਾਨੂੰ 18 ਸਾਲ ਤੋਂ ਬਹੁਤ ਉਮੀਦ ਸੀ, ਜੱਜ ਸਹਿਬ ਨੇ ਵਧੀਆ ਫੈਸਲਾ ਸੁਣਾਇਆ ਹੈ। ਅਸੀਂ ਇਸ ਫੈਸਲੇ ਤੋਂ ਸੰਤੁਸ਼ਟ ਹਾਂ।'' ਉਨ੍ਹਾਂ ਦੱਸਿਆ ਕਿ ਇੰਨੇ ਸਾਲਾਂ ਦੌਰਾਨ ''ਮੇਰੇ ਉੱਤੇ ਕੇਸ ਨੂੰ ਵਾਪਸ ਲੈਣ ਲਈ ਦਬਾਅ ਵੀ ਪਾਇਆ ਗਿਆ, ਪਿੱਛੇ ਬੰਦੇ ਲਗਾਏ ਗਏ ਪਰ ਮੈਂ ਦੱਬਿਆ ਨਹੀਂ। ਮੈਂ ਠਾਣਿਆ ਹੋਇਆ ਸੀ ਕਿ ਮੈਂ ਦੱਬਣਾ ਨਹੀਂ। ਉਹ ਕਹਿੰਦੇ ਹਨ ਕਿ ਜਿੰਨੀ ਸਜ਼ਾ ਅਦਾਲਤ ਨੇ ਦਿੱਤੀ ਹੈ, ਉਹ ਬਹੁਤ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ

ਕੀ ਸੀ ਮਾਮਲਾ?

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਰਸਾਲ ਦੀ ਇਕ ਮਹਿਲਾ ਮਨਜੀਤ ਕੌਰ ਅਤੇ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਬੱਡੂਵਾਲ ਦੀ ਮਨਪ੍ਰੀਤ ਕੌਰ ਨੇ ਪੁਲਸ ਕੋਲ ਇਕ ਸੈਕਸ ਰੈਕਟ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਸੀ। ਮਨਜੀਤ ਕੌਰ ਅਤੇ ਮਨਪ੍ਰੀਤ ਕੌਰ ਆਪਸ ਵਿਚ ਰਿਸ਼ਤੇਦਾਰ ਸਨ। ਸਾਲ 2007 ਵਿਚ ਹੋਏ ਇਸ ਸੈਕਸ ਸਕੈਂਡਲ ਸਬੰਧੀ ਮਾਮਲੇ ਦੀ ਜਾਂਚ ਉਸ ਵੇਲੇ ਦੇ ਫਰੀਦਕੋਟ ਦੇ ਐੱਸਐੱਸਪੀ ਐੱਲ. ਕੇ ਯਾਦਵ ਨੇ ਕੀਤੀ ਸੀ, ਜਿਸ ਮਗਰੋਂ ਪੁਲਸ ਅਧਿਕਾਰੀਆਂ ਦੇ ਜੇਲ੍ਹ ਜਾਣ ਦਾ ਰਾਹ ਪੱਧਰਾ ਹੋ ਗਿਆ ਸੀ। ਪੰਜਾਬ ਪੁਲਸ ਦੇ ਇਨ੍ਹਾਂ ਅਫਸਰਾਂ ਉੱਤੇ ਇਲਜ਼ਾਮ ਲਾਇਆ ਗਿਆ ਕਿ ਉਨ੍ਹਾਂ ਨੇ ਦੇਹ ਵਪਾਰ ਦੇ ਧੰਦੇ ਨੂੰ ਮੋਹਰਾ ਬਣਾ ਕੇ ਸ਼ਹਿਰ ਅਤੇ ਪਿੰਡਾਂ ਦੇ ਕਈ ਸਫੈਦਪੋਸ਼ਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿੱਤੀ ਲਾਭ ਲਏ ਸਨ। ਇਲਜ਼ਾਮਾਂ ਤੋਂ ਬਾਅਦ ਇਹ ਪੁਲਸ ਅਧਿਕਾਰੀ ਵਿਵਾਦਾਂ ਵਿਚ ਘਿਰ ਗਏ ਸਨ। ਮਨਪ੍ਰੀਤ ਕੌਰ ਨਾਂ ਦੀ ਔਰਤ ਨੇ 10 ਅਪ੍ਰੈਲ, 2007 ਨੂੰ ਥਾਣਾ ਸਿਟੀ ਮੋਗਾ ਕੋਲ ਇਕ ਰਿਪੋਰਟ ਦਰਜ ਕਰਵਾਈ ਸੀ ਜਿਸ ਵਿਚ ਉਸ ਨੇ ਕਥਿਤ ਦੇਹ ਵਪਾਰ ਨੈੱਟਵਰਕ ਦਾ ਖੁਲਾਸਾ ਕੀਤਾ ਸੀ। ਬਾਅਦ ਵਿਚ ਸ਼ਿਕਾਇਤਕਰਤਾ ਦੀ ਰਿਸ਼ਤੇਦਾਰ ਦੱਸੀ ਜਾਂਦੀ ਮਨਜੀਤ ਕੌਰ ਨੂੰ ਇਸ ਮਾਮਲੇ ਵਿਚ ਪੁਲਸ ਨੇ ਨਾਮਜ਼ਦ ਕੀਤਾ ਸੀ। 11 ਦਸੰਬਰ, 2007 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਸੀਬੀਆਈ ਨੇ ਇਸ ਮਾਮਲੇ ਵਿੱਚ ਪਰਚਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੁਰੀ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ

ਮਾਮਲੇ ਦੀ ਜਾਂਚ ਵਿਚ ਹੋਏ ਖ਼ੁਲਾਸੇ

ਪੁਲਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਇਨ੍ਹਾਂ ਪੁਲਸ ਅਧਿਕਾਰੀਆਂ ਨੇ 200 ਦੇ ਕਰੀਬ ਲੋਕਾਂ ਨੂੰ ਦੇਹ ਵਪਾਰ ਦੀ ਆੜ ਵਿਚ ਕਥਿਤ ਤੌਰ ਉੱਪਰ ਡਰਾ ਧਮਕਾ ਕੇ ਵਿੱਤੀ ਫ਼ਾਇਦੇ ਲਏ ਸਨ। ਇਸ ਮਾਮਲੇ ਦੀ ਮੁੱਢਲੀ ਪੜਤਾਲ ਉਸ ਵੇਲੇ ਦੇ ਏਡੀਜੀਪੀ ਚੰਦਰ ਸ਼ੇਖਰ ਦੇ ਹੁਕਮਾਂ ਤੇ ਡੀਐੱਸਪੀ ਭੁਪਿੰਦਰ ਸਿੰਘ ਵੱਲੋਂ ਕੀਤੀ ਗਈ ਸੀ। ਉਹ ਉਸ ਸਮੇਂ ਬਾਘਾਪੁਰਾਣਾ ਤਾਇਨਾਤ ਸਨ। ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਭਾਗੀਕੇ ਦੇ ਵਸਨੀਕ ਰਣਜੀਤ ਸਿੰਘ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀ ਸ਼ੇਖਰ ਕੋਲ ਉਹ ਰਿਕਾਰਡਿੰਗ ਪੇਸ਼ ਕੀਤੀ ਸੀ ਜਿਸ ਵਿਚ ਕੁਝ ਪੁਲਸ ਅਧਿਕਾਰੀਆਂ ਨੂੰ ਸੁਣਿਆ ਜਾ ਸਕਦਾ ਸੀ ਜੋ ਰਣਜੀਤ ਸਿੰਘ ਤੋਂ ਕੇਸ ਵਿਚ ਫਸਾਉਣ ਬਦਲੇ ਪੈਸੇ ਮੰਗ ਰਹੇ ਸਨ। ਕਾਰਵਾਈ ਕਰਦਿਆਂ ਪੁਲਿਸ ਨੇ ਤਤਕਾਲੀ ਐੱਸਐੱਚਓ ਅਮਰਜੀਤ ਸਿੰਘ ਅਤੇ ਰਮਨ ਕੁਮਾਰ ਨੂੰ ਜੇਲ੍ਹ ਭੇਜ ਦਿੱਤਾ ਸੀ ਜਦੋਂ ਕਿ ਐੱਸਐੱਸਪੀ ਦਵਿੰਦਰ ਸਿੰਘ ਗਰਚਾ ਦੀ ਇਸ ਸਕੈਂਡਲ ਵਿੱਚ ਨਾ ਆਉਣ ਤੋਂ ਬਾਅਦ ਬਦਲੀ ਕਰ ਦਿੱਤੀ ਗਈ ਸੀ।। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News