ਪੁਲਸ ਮੁਲਾਜ਼ਮ ਗੁਰਪ੍ਰੀਤ ਸਿੰਘ ਕੋਰੋਨਾ ''ਤੇ ਫ਼ਤਿਹ ਹਾਸਲ ਕਰ ਲੋਕਾਂ ਨੂੰ ਕਰ ਰਿਹੈ ਜਾਗਰੂਕ

Wednesday, Aug 26, 2020 - 06:48 PM (IST)

ਪੁਲਸ ਮੁਲਾਜ਼ਮ ਗੁਰਪ੍ਰੀਤ ਸਿੰਘ ਕੋਰੋਨਾ ''ਤੇ ਫ਼ਤਿਹ ਹਾਸਲ ਕਰ ਲੋਕਾਂ ਨੂੰ ਕਰ ਰਿਹੈ ਜਾਗਰੂਕ

ਸੰਦੌੜ,(ਰਿਖੀ): ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫ਼ਤਿਹ' ਮੁਹਿੰਮ 'ਚ ਆਪਣਾ ਯੋਗਦਾਨ ਪਾਉਂਦੇ ਪੁਲਸ ਕਾਂਸਟੇਬਲ ਗੁਰਪ੍ਰੀਤ ਸਿੰਘ ਕੋਰੋਨਾ ਨੂੰ ਮਾਤ ਦੇ ਕੇ ਖ਼ੁਦ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਗੁਰਪ੍ਰੀਤ ਸਿੰਘ ਨੇ ਕੋਵਿਡ 'ਤੇ ਜਿੱਤ ਦਾ ਸਿਹਰਾ ਜ਼ਿਲ੍ਹਾ ਪ੍ਰਸ਼ਾਸਨ ਤੇ ਹਸਪਤਾਲ ਦੇ ਵਧੀਆ ਪ੍ਰਬੰਧਾਂ ਨੂੰ ਦਿੱਤਾ। ਜ਼ਿਲ੍ਹੇ ਦੇ ਬਲਾਕ ਫ਼ਤਿਹਗੜ੍ਹ ਪੰਜਗਰਾਈਆਂ ਅਧੀਨ ਆਉਂਦੇ ਪਿੰਡ ਮਹੋਲੀ ਖੁਰਦ ਦੇ ਗੁਰਪ੍ਰੀਤ ਸਿੰਘ ਦਫ਼ਤਰ ਪੁਲਸ ਕਮਿਸ਼ਨਰ, ਲੁਧਿਆਣਾ ਵਿਖੇ ਬਤੌਰ ਕਾਂਸਟੇਬਲ ਕੰਮ ਕਰ ਰਹੇ ਹਨ। ਇਸ ਦੌਰਾਨ ਹੀ ਉਹ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਗਏ ਸਨ। ਗੁਰਪ੍ਰੀਤ ਸਿੰਘ ਦਾ 29 ਜੁਲਾਈ ਨੂੰ ਨਮੂਨਾ ਲਿਆ ਗਿਆ ਸੀ ਤੇ 2 ਅਗਸਤ ਨੂੰ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆ ਗਈ ਸੀ। ਉਨ੍ਹਾਂ ਨੂੰ ਲੱਛਣ ਨਜ਼ਰ ਆਉਣ 'ਤੇ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਦਾਖ਼ਲ ਕਰਵਾਇਆ ਗਿਆ। ਗੁਰਪ੍ਰੀਤ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਉਸ ਦਾ ਚੰਗੀ ਤਰ੍ਹਾਂ ਖਿਆਲ ਰੱਖਿਆ ਗਿਆ, ਜਿਸ ਕਾਰਨ ਉਹ 8 ਅਗਸਤ ਨੂੰ ਬਿਲਕੁਲ ਠੀਕ ਹੋ ਕੇ ਘਰ ਆ ਗਿਆ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਗਲੇ ਕੁਝ ਦਿਨਾਂ ਲਈ ਘਰ ਵਿਚ ਇਕਾਂਤਵਾਸ ਰਿਹਾ।
ਗੁਰਪ੍ਰੀਤ ਸਿਘ ਨੇ ਕਿਹਾ ਕਿ ਕੋਵਿਡ 19 ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਸੁਚੇਤ ਰਹਿਣ ਦੀ ਲੋੜ ਹੈ। ਇਸ ਵਾਇਰਸ ਦੀ ਲਾਗ ਤੋਂ ਬਚਣ ਲਈ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਜਾਰੀ ਹਦਾਇਤ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿੰਦਾਦਿਲੀ ਨਾਲ ਹੀ ਇਸ ਬਿਮਾਰੀ 'ਤੇ ਫਤਿਹ ਹਾਸਲ ਕੀਤੀ ਜਾ ਸਕਦੀ ਹੈ। ਸੀਨੀਅਰ ਮੈਡੀਕਲ ਅਫ਼ਸਰ ਫਤਿਹਗੜ੍ਹ ਪੰਜਗਰਾਈਆਂ ਡਾ. ਗੀਤਾ ਨੇ ਗੁਰਪ੍ਰੀਤ ਸਿੰਘ ਦੇ ਹੌਂਸਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਘਰ ਆਉਣ ਵਾਲਿਆਂ ਨੂੰ ਆਪਣੇ ਹੌਂਸਲੇ ਦੀ ਕਹਾਣੀ ਜ਼ਰੂਰ ਸੁਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਾਇਰਸ ਦੀ ਲਾਗ ਤੋਂ ਬਚਣ ਲਈ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਪਹਿਨਣ, ਸਮਾਜਿਕ ਦੂਰੀ ਤੇ ਵਾਰ—ਵਾਰ ਹੱਥ ਧੋਣ ਦੀ ਆਦਤ ਨੂੰ ਆਪਣੀ ਜ਼ਿੰਦਗੀ ਵਿਚ ਸ਼ਾਮਲ ਕਰ ਲੈਣਾ ਚਾਹੀਦਾ ਹੈ।


author

Deepak Kumar

Content Editor

Related News