ਪੁਲਸ ਕਰਮਚਾਰੀ ਆਪਣੇ ਇਕ ਸਾਥੀ ਨਾਲ ਸ਼ਰਾਬ ਸਮੇਤ ਗ੍ਰਿਫ਼ਤਾਰ
Friday, Jul 17, 2020 - 02:06 PM (IST)
ਗੁਰਦਾਸਪੁਰ (ਵਿਨੋਦ) : ਪੁਲਸ ਨੇ ਕਾਰ 'ਚ ਲੈ ਜਾ ਰਹੇ 9 ਕੈਨ ਪਲਾਸਟਿਕ 'ਚ ਭਰੀ ਲਗਭਗ ਤਿੰਨ ਲੱਖ ਮਿ.ਲੀਟਰ ਨਾਜਾਇਜ਼ ਸ਼ਰਾਬ ਫੜ ਕੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਗ੍ਰਿਫ਼ਤਾਰ ਦੋਸ਼ੀਆਂ 'ਚ ਪੁਲਸ ਦਾ ਇਕ ਸਿਪਾਹੀ ਵੀ ਸ਼ਾਮਲ ਹੈ ਜੋ ਪੁਲਸ ਵਰਦੀ 'ਚ ਇਹ ਨਾਜ਼ਾਇਜ਼ ਕਾਰੋਬਾਰ ਕਰਦਾ ਸੀ ਜਦੋਂਕਿ ਦੂਜਾ ਦੋਸ਼ੀ ਸ਼ਰਾਬ ਦਾ ਨਾਜ਼ਾਇਜ਼ ਕਾਰੋਬਾਰ ਕਰਨ ਦੇ ਲਈ ਮਸ਼ਹੂਰ ਹੈ। ਜ਼ਿਲ੍ਹਾ ਪੁਲਸ ਮੁਖੀ ਰਜਿੰਦਰ ਸਿੰਘ ਸੋਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਰਾਜ ਕੁਮਾਰ ਪੁਲਸ ਪਾਰਟੀ ਦੇ ਨਾਲ ਪਿੰਡ ਪਸਨਾਵਾਲ ਦੇ ਕੋਲ ਨਾਕਾ ਲਗਾ ਕੇ ਖੜ੍ਹਾ ਸੀ ਤਾਂ ਇਕ ਕਾਰ ਨੰਬਰ ਪੀਬੀ06 ਟੀ 2178 ਨੂੰ ਰੋਕਿਆ ਗਿਆ। ਕਾਰ ਨੂੰ ਇਕ ਪੁਲਸ ਕਰਮਚਾਰੀ ਚਲਾ ਰਿਹਾ ਸੀ, ਜਿਸ ਨੇ ਵਰਦੀ ਪਾ ਰੱਖੀ ਸੀ ਅਤੇ ਉਸ ਦੇ ਨਾਲ ਇਕ ਹੋਰ ਵਿਅਕਤੀ ਬੈਠਾ ਸੀ ਪਰ ਕਾਰ 'ਚ ਪਲਾਸਟਿਕ ਕੈਨ ਪਏ ਹੋਣ 'ਤੇ ਸ਼ੱਕ ਹੋਣ 'ਤੇ ਜਦ ਕਾਰ ਦੀ ਤਾਲਾਸ਼ੀ ਦੇਣ ਨੂੰ ਕਿਹਾ ਗਿਆ ਤਾਂ ਪਹਿਲਾਂ ਤਾਂ ਪੁਲਸ ਕਰਮਚਾਰੀ ਦੋਸ਼ੀ ਮਨਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਪਿੰਡ ਗੁਣੀਆ ਆਪਣੇ ਪੁਲਸ ਕਰਮਚਾਰੀ ਹੋਣ ਦਾ ਰੌਬ ਦਿਖਾਉਣ ਲੱਗਾ ਪਰ ਪੁਲਸ ਪਾਰਟੀ ਨੇ ਉਸ ਦੀ ਇਕ ਨਹੀਂ ਸੁਣੀ ਅਤੇ ਕਾਰ ਦੀ ਤਾਲਾਸ਼ੀ ਲੈਣ 'ਤੇ ਉਸ 'ਚੋਂ ਪਲਾਸਟਿਕ ਦੇ 9 ਕੈਨ ਬਰਾਮਦ ਹੋਏ।
ਇਹ ਵੀ ਪੜ੍ਹੋ : ਪੰਜਾਬ ਦੇ ਨਿੱਜੀ ਸਕੂਲਾਂ ਦਾ ਫੀਸ ਮਾਮਲਾ, ਹਾਈਕੋਰਟ 'ਚ ਟਲੀ ਸੁਣਵਾਈ
ਚੈਕ ਕਰਨ 'ਤੇ ਉਨ੍ਹਾਂ ਸਾਰਿਆਂ 'ਚ ਸ਼ਰਾਬ ਭਰੀ ਹੋਈ ਸੀ। ਜਿਸ 'ਤੇ ਦੋਸ਼ੀ ਪੁਲਸ ਕਾਂਸਟੇਬਲ ਮਨਦੀਪ ਸਿੰਘ ਅਤੇ ਉਸ ਦੇ ਸਾਥੀ ਰਮਨ ਕੁਮਾਰ ਉਰਫ਼ ਗਿਆਨੀ ਪੁੱਤਰ ਕਮਲ ਕੁਮਾਰ ਨਿਵਾਸੀ ਪਿੰਡ ਜੌੜਾ ਛੱਤਰਾਂ ਨੂੰ ਗ੍ਰਿਫ਼ਤਾਰ ਕਰਕੇ ਸ਼ਰਾਬ ਤੇ ਕਾਰ ਨੂੰ ਵੀ ਕਬਜ਼ੇ ਵਿਚ ਲਿਆ ਗਿਆ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਸਿਪਾਹੀ ਮਨਦੀਪ ਸਿੰਘ ਪੁਲਸ ਲਾਈਨ ਗੁਰਦਾਸਪੁਰ 'ਚ ਜਨਰਲ ਡਿਊਟੀ 'ਤੇ ਤੈਨਾਤ ਹੈ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦੋਂਕਿ ਦੂਜਾ ਦੋਸ਼ੀ ਰਮਨ ਕੁਮਾਰ ਸ਼ਰਾਬ ਦੇ ਨਾਜ਼ਾਇਜ਼ ਕਾਰੋਬਾਰ ਕਰਨ ਦਾ ਆਦੀ ਹੈ ਅਤੇ ਉਸ ਦੇ ਖਿਲਾਫ ਜੌੜਾ ਛੱਤਰਾਂ ਪੁਲਸ ਚੌਂਕੀ ਵਿਚ ਪਹਿਲੇ ਹੀ ਕੇਸ ਦਰਜ ਹੈ। ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਹ ਲੋਕ ਕਦੋਂ ਤੋਂ ਇਹ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਭੈਣ ਨੂੰ ਗੋਲੀ ਮਾਰ ਕੇ ਮੌਤ ਦੇਣ ਵਾਲਾ ਭਰਾ ਹੋਇਆ ਗ੍ਰਿਫ਼ਤਾਰ, ਪੁੱਛਗਿੱਛ 'ਚ ਦੱਸਿਆ ਕਤਲ ਦਾ ਰਾਜ਼