ਫਾਦਰ ਐਨਥਨੀ ਦਾ ਦੋਸ਼, ਅਦਾਲਤੀ ਹੁਕਮ ਦੇ ਬਾਵਜੂਦ ਪੁਲਸ ਰਿਫੰਡ ਨਹੀਂ ਕਰ ਰਹੀ 4.57 ਕਰੋੜ

10/27/2020 3:58:11 PM

ਜਲੰਧਰ (ਜ. ਬ.) : 2019 'ਚ ਜਲੰਧਰ ਵਿਖੇ ਫਾਦਰ ਐਨਥਨੀ ਦੇ ਘਰ ਖੰਨਾ ਪੁਲਸ ਵੱਲੋਂ ਮਾਰੇ ਛਾਪੇ ਤੋਂ ਬਾਅਦ ਪੁਲਸ ਖ਼ਿਲਾਫ਼ ਫਾਦਰ ਐਨਥਨੀ ਦੇ 6.6 ਕਰੋੜ ਰੁਪਏ ਗਾਇਬ ਕਰਨ ਦੇ ਦੋਸ਼ ਲੱਗੇ ਸਨ ਅਤੇ ਇਹ ਮਾਮਲਾ ਮਹੀਨਿਆਂ ਤੱਕ ਸੁਰਖੀਆਂ 'ਚ ਰਿਹਾ ਸੀ। ਇਸ ਤੋਂ ਬਾਅਦ ਛਾਪਾ ਮਾਰਨ ਵਾਲੀ ਟੀਮ ਵਿਚ ਸ਼ਾਮਲ ਪੁਲਸ ਮੁਲਾਜ਼ਮ ਗਾਇਬ ਵੀ ਹੋ ਗਏ ਸਨ ਅਤੇ ਬਾਅਦ 'ਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 4.57 ਕਰੋੜ ਰੁਪਏ ਬਰਾਮਦ ਵੀ ਕਰ ਲਏ ਗਏ ਸਨ। ਮਾਮਲੇ ਦੀ ਸੁਣਵਾਈ ਜਲੰਧਰ ਦੀ ਸੈਸ਼ਨ ਅਦਾਲਤ 'ਚ ਚੱਲ ਰਹੀ ਹੈ। ਅਦਾਲਤ ਨੇ ਪੁਲਸ ਨੂੰ ਬਰਾਮਦ ਕੀਤੇ 4.57 ਕਰੋੜ ਜਲੰਧਰ ਵਿਚ ਫਾਦਰ ਐਨਥਨੀ ਦੀ ਫਰਮ ਸਹੋਦਿਆ ਨੂੰ ਰਿਫੰਡ ਕਰਨ ਦੇ ਹੁਕਮ ਦਿੱਤੇ ਸਨ। ਇਸ ਮਾਮਲੇ 'ਚ ਫਾਦਰ ਐਨਥਨੀ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਅਦਾਲਤੀ ਹੁਕਮਾਂ ਨੂੰ 6 ਹਫਤੇ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਪੁਲਸ ਨੇ 4.57 ਕਰੋੜ ਰੁਪਏ ਵਾਪਸ ਨਹੀਂ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਪਹਿਲਾਂ ਸਹੋਦਿਆ 'ਚ ਪੈਸੇ ਟਰਾਂਸਫਰ ਕਰਵਾਵੇ, ਉਸ ਤੋਂ ਬਾਅਦ ਹੀ ਬੈਂਕ ਗਾਰੰਟੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਬੀਰ ਦਵਿੰਦਰ ਸਿੰਘ 'ਤੇ ਸਾਧਿਆ ਨਿਸ਼ਾਨਾ, ਰਾਜਪਾਲ ਦੀ ਆਲੋਚਨਾ ਨੂੰ ਦੱਸਿਆ ਬੇਮਾਨੀ

ਪੁਲਸ ਦਾ ਤਰਕ : ਐੱਸ. ਆਈ. ਟੀ. ਦੀ ਰਿਪੋਰਟ ਦਾ ਇੰਤਜ਼ਾਰ
ਇਸ ਮਾਮਲੇ 'ਚ ਪੁਲਸ ਦਾ ਤਰਕ ਹੈ ਕਿ ਉਹ ਐੱਸ. ਆਈ. ਟੀ. ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਇਸੇ ਲਈ ਪੈਸੇ ਰਿਫੰਡ ਕਰਨ ਵਿਚ ਦੇਰੀ ਹੋ ਰਹੀ ਹੈ। ਦੋਸ਼ੀਆਂ ਕੋਲੋਂ 4.57 ਕਰੋੜ ਰੁਪਏ ਰਿਕਵਰ ਕੀਤੇ ਗਏ ਸਨ, ਜਦੋਂ ਕਿ ਇਸ ਮਾਮਲੇ ਵਿਚ ਸਾਰੇ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਅਤੇ ਉਨ੍ਹਾਂ ਕੋਲੋਂ ਰਿਕਵਰੀ ਕਰਨੀ ਬਾਕੀ ਹੈ। ਮਾਮਲੇ ਵਿਚ ਇਕ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ ਸੀ, ਜਿਸ ਦਾ ਜ਼ਿੰਮਾ ਇਹ ਜਾਣਨਾ ਸੀ ਕਿ ਖੰਨਾ ਪੁਲਸ ਦੇ ਐੱਫ. ਐੱਮ. ਜੇ. ਹਾਊਸ ਵਿਚ ਛਾਪੇ ਦੌਰਾਨ ਉਥੇ ਕਿੰਨਾ ਕੈਸ਼ ਮੌਜੂਦ ਸੀ, ਇਹੀ ਰਿਪੋਰਟ ਅਜੇ ਬਾਕੀ ਹੈ। ਪੁਲਸ ਦਾ ਕਹਿਣਾ ਹੈ ਕਿ ਇਹੀ ਕਾਰਣ ਹੈ ਕਿ ਸ਼ਿਕਾਇਤਕਰਤਾ ਦੀ ਫਰਮ ਨੂੰ ਬਰਾਮਦ ਕੀਤੀ ਰਾਸ਼ੀ ਵਾਪਸ ਨਹੀਂ ਕੀਤੀ।

ਇਹ ਵੀ ਪੜ੍ਹੋ : ਜਲੰਧਰ ਦੇ ਵਿਧਾਇਕ ਸੁਸ਼ੀਲ ਰਿੰਕੂ ਨਾਲ ਨਵਾਂਸ਼ਹਿਰ 'ਚ ਵਾਪਰਿਆ ਹਾਦਸਾ, ਫਾਰਚੂਨਰ ਦੇ ਉੱਡੇ ਪਰਖੱਚੇ

ਸਹੋਦਿਆ ਦੇ ਅਕਾਊਂਟ 'ਚ ਪੈਸੇ ਪਾਉਣਗੇ ਜ਼ਰੂਰ ਪਰ ਇਨਕਮ ਟੈਕਸ ਦੀ ਐੱਨ. ਓ. ਸੀ. ਆਉਣ ਤੱਕ ਨਹੀਂ ਹੋਣਗੇ ਰਿਲੀਜ਼
11 ਸਤੰਬਰ ਨੂੰ ਮੋਹਾਲੀ ਦੀ ਸੈਸ਼ਨ ਅਦਾਲਤ ਨੇ ਹੁਕਮ ਦਿੱਤੇ ਸਨ ਕਿ ਪੁਲਸ ਵੱਲੋਂ ਬਰਾਮਦ 4.57 ਕਰੋੜ ਦੇ ਨੋਟਾਂ ਦੀ ਫੋਟੋ ਕਰਵਾਈ ਜਾਵੇ, ਇਹ ਵੀ ਯਕੀਨੀ ਬਣਾਇਆ ਜਾਵੇ ਕਿ ਮੁਲਜ਼ਮਾਂ ਕੋਲੋਂ ਕੀਤੀ ਬਰਾਮਦਗੀ ਦਾ ਮੈਮੋ ਵੱਖ-ਵੱਖ ਬਣਾਇਆ ਜਾਵੇ। ਇਸ ਤੋਂ ਇਲਾਵਾ ਅਦਾਲਤ ਦੇ ਆਈ. ਓ. ਨੂੰ ਅਦਾਲਤ ਨੇ ਹਦਾਇਤਾਂ ਦਿੱਤੀਆਂ ਹਨ ਕਿ ਫਾਦਰ ਐਨਥਨੀ ਦੀ ਫਰਮ ਸਹੋਦਿਆ ਤੋਂ ਇਕ ਅੰਡਰਟੇਕਿੰਗ ਲਈ ਜਾਵੇ, ਜਿਸ ਇਹ ਯਕੀਨੀ ਬਣਾਇਆ ਜਾਵੇ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਸਾਹਮਣੇ ਆਉਂਦੀ ਹੈ ਕਿ ਉਕਤ ਬਰਾਮਦ ਕੀਤੀ ਗਈ ਰਾਸ਼ੀ ਸਹੋਦਿਆ ਦੀ ਨਹੀਂ ਹੈ ਤਾਂ ਉਸ ਨੂੰ ਅਦਾਲਤ ਨੂੰ ਵਾਪਸ ਲੈਣ ਦਾ ਹੱਕ ਹੈ। ਇਸ ਦੇ ਨਾਲ ਹੀ ਕੇਸ ਦਾ ਆਈ. ਓ. ਉਕਤ ਰਾਸ਼ੀ ਨੂੰ ਸਹੋਦਿਆ ਦੇ ਖਾਤੇ ਵਿਚ ਐੱਫ. ਡੀ. ਆਰ. ਵਜੋਂ ਜਮ੍ਹਾ ਕਰਵਾਏਗਾ ਤੇ ਬੈਂਕ ਨੂੰ ਇਹ ਨਿਰਦੇਸ਼ ਰਹਿਣਗੇ ਕਿ ਇਨ੍ਹਾਂ ਪੈਸਿਆਂ ਨੂੰ ਇਨਕਮ ਟੈਕਸ ਦੀ ਐੱਨ. ਓ. ਸੀ. ਆਉਣ ਤੱਕ ਰਿਲੀਜ਼ ਨਾ ਕੀਤਾ ਜਾਵੇ।

ਇਹ ਸੀ ਮਾਮਲਾ
ਦੱਸ ਦੇਈਏ ਕਿ 29 ਅਪ੍ਰੈਲ 2019 ਨੂੰ ਖੰਨਾ ਪੁਲਸ ਨੇ ਫਾਦਰ ਐਨਥਨੀ ਦੇ ਪ੍ਰਤਾਪਪੁਰਾ ਸਥਿਤ ਐੱਫ. ਐੱਮ. ਜੇ. ਹਾਊਸ ਵਿਚ ਛਾਪਾ ਮਾਰਿਆ ਸੀ ਅਤੇ ਉਥੋਂ ਇਕ ਟੀਮ 9.56 ਕਰੋੜ ਰੁਪਏ ਲੈ ਕੇ ਖੰਨਾ ਚਲੀ ਗਈ ਸੀ, ਜਦੋਂ ਕਿ ਦੋਵੇਂ ਏ. ਐੱਸ.ਆਈ. ਮੁਖਬਰ ਸਮੇਤ ਉਪਰਲੀ ਮੰਜ਼ਿਲ ਤੋਂ 5.78 ਕਰੋੜ ਰੁਪਏ ਲੈ ਕੇ ਮੋਗਾ ਵੱਲ ਚਲੇ ਗਏ ਸਨ। ਅਗਲੇ ਦਿਨ ਪੁਲਸ ਨੇ ਇਹ ਪੈਸਾ ਹਵਾਲਾ ਦਾ ਹੋਣ ਦਾ ਦਾਅਵਾ ਕੀਤਾ ਸੀ ਪਰ ਫਾਦਰ ਐਨਥਨੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਇਸ ਨੂੰ ਪੁਲਸ ਦੀ ਲੁੱਟ ਕਰਾਰ ਦਿੱਤਾ ਸੀ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਸਕੀ ਨਾਬਾਲਗ ਭਾਣਜੀ ਨਾਲ ਮਾਮੇ ਦੀ ਘਟੀਆ ਕਰਤੂਤ


Anuradha

Content Editor

Related News