ਦਿੱਲੀ ਤੋਂ ਹਿਮਾਚਲ ਤੱਕ ਫੈਲਿਆ ਪੁਲਸ ਦਾ ਜਾਲ, ਲੁਧਿਆਣਾ ਰੈਸਟੋਰੈਂਟ ''ਚ ਗੋਲੀਆਂ ਚਲਾਉਣ ਵਾਲੇ ਸ਼ੂਟਰ ਊਨਾ ਤੋਂ ਦਬੋਚੇ

Friday, Aug 21, 2026 - 09:18 AM (IST)

ਦਿੱਲੀ ਤੋਂ ਹਿਮਾਚਲ ਤੱਕ ਫੈਲਿਆ ਪੁਲਸ ਦਾ ਜਾਲ, ਲੁਧਿਆਣਾ ਰੈਸਟੋਰੈਂਟ ''ਚ ਗੋਲੀਆਂ ਚਲਾਉਣ ਵਾਲੇ ਸ਼ੂਟਰ ਊਨਾ ਤੋਂ ਦਬੋਚੇ

ਲੁਧਿਆਣਾ (ਰਾਜ) : ਮਹਾਨਗਰ ਦੇ ਪੌਸ਼ ਇਲਾਕੇ ਭਾਈ ਰਣਧੀਰ ਸਿੰਘ ਨਗਰ ਦੇ ਜੇ-ਬਲਾਕ ਸਥਿਤ ‘ਪਿੱਜ਼ਾ ਫਰਾਮ ਮੈਕਸੀਕੋ’ ਰੈਸਟੋਰੈਂਟ ’ਚ ਤਾਬੜਤੋੜ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਵਾਲੇ 2 ਸ਼ੂਟਰਾਂ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਮਨਦੀਪ ਸਿੰਘ ਨਿਵਾਸੀ ਅੰਮ੍ਰਿਤਸਰ ਤੇ ਹਰਸ਼ਦੀਪ ਸਿੰਘ ਨਿਵਾਸੀ ਪਿੰਡ ਨੰਗਲ, ਡੇਹਲੋਂ, ਲੁਧਿਆਣਾ ਵਜੋਂ ਹੋਈ ਹੈ। ਵਾਰਦਾਤ ’ਚ ਸ਼ਾਮਲ ਉਨ੍ਹਾਂ ਦੇ ਤੀਜੇ ਸਾਥੀ ਦੀ ਪਛਾਣ ਅਤੇ ਗ੍ਰਿਫ਼ਤਾਰੀ ਦੇ ਯਤਨ ਜਾਰੀ ਹਨ। ਜਾਣਕਾਰੀ ਅਨੁਸਾਰ ਰੈਸਟੋਰੈਂਟ ’ਤੇ ਫਾਇਰਿੰਗ ਦੀ ਵਾਰਦਾਤ ਤੋਂ ਬਾਅਦ ਤੋਂ ਹੀ ਪੁਲਸ ਕਮਿਸ਼ਨਰੇਟ ਦੀ ਸੀ. ਆਈ. ਏ. ਅਤੇ ਸਪੈਸ਼ਲ ਟੀਮਾਂ ਮੁਲਜ਼ਮਾਂ ਦੀ ਲੋਕੇਸ਼ਨ ਟ੍ਰੇਸ ਕਰ ਰਹੀਆਂ ਸਨ। ਤਕਨੀਕੀ ਸੁੁਰਾਗਾਂ ਦੇ ਆਧਾਰ ’ਚ ਜਦੋਂ ਲੁਧਿਆਣਾ ਪੁਲਸ ਮੁਲਜ਼ਮਾਂ ਨੂੰ ਫੜਨ ਹਿਮਾਚਲ ਪ੍ਰਦੇਸ਼ ਦੇ ਊਨਾ ਪਹੁੰਚੀ, ਉਸ ਤੋਂ ਕੁਝ ਹੀ ਦੇਰ ਪਹਿਲਾਂ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੇ ਕਰਮਚਾਰੀਆਂ ਨੇ ਘੇਰਾਬੰਦੀ ਕਰ ਕੇ ਦੋਹਾਂ ਨੂੰ ਧਰ ਦਬੋਚਿਆ ਤੇ ਦਿੱਲੀ ਲੈ ਗਏ। ਹੁਣ ਲੁਧਿਆਣਾ ਪੁਲਸ ਦੋਹਾਂ ਮੁਲਜ਼ਮਾਂ ਨੂੰ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਵੇਗੀ ਤੇ ਰਿਮਾਂਡ ’ਤੇ ਡੂੰਘਾਈ ਨਾਲ ਪੁੱਛਗਿੱਛ ਕਰੇਗੀ।

ਇਹ ਵੀ ਪੜ੍ਹੋ : ਜੇਕਰ ਤੁਹਾਡਾ ਫ਼ੋਨ ਹੋ ਜਾਵੇ ਚੋਰੀ ਤਾਂ ਤੁਰੰਤ ਕਰੋ ਇਹ ਕੰਮ; ਪੰਜਾਬ ਪੁਲਸ ਨੇ ਟ੍ਰੇਸ ਕੀਤੇ 1,00,00,000 ਰੁਪਏ ਦੇ ਫ਼ੋਨ

ਦਿੱਲੀ ’ਚ ਫਾਇਰਿੰਗ ਕਰ ਕੇ ਲੁਧਿਆਣਾ ਪਹੁੰਚੇ ਸਨ ਮੁਲਜ਼ਮ

ਪੁਲਸ ਜਾਂਚ ’ਚ ਪਤਾ ਲੱਗਿਆ ਹੈ ਕਿ ਫੜੇ ਗਏ ਮੁਲਜ਼ਮ ਅੰਤਰਰਾਜੀ ਪੱਧਰ ’ਤੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। 16 ਅਗਸਤ ਨੂੰ ਉਨ੍ਹਾਂ ਨੇ ਦਿੱਲੀ ਦੇ ਨਜ਼ਫ਼ਗੜ੍ਹ ਇਲਾਕੇ ’ਚ ਇਕ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਅੰਨੇਵਾਹ ਫਾਇਰਿੰਗ ਕੀਤੀ ਸੀ। ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਦਿੱਲੀ ਤੋਂ ਫਰਾਰ ਹੋ ਕੇ ਪੰਜਾਬ ਆ ਗਏ। ਇਸ ਤੋਂ ਬਾਅਦ 17-18 ਅਗਸਤ ਦੀ ਦਰਮਿਆਨੀ ਰਾਤ ਲੁਧਿਆਣਾ ਪਹੁੰਚ ਕੇ ਉਨ੍ਹਾਂ ਨੇ ਬੀ. ਆਰ. ਐੱਸ. ਨਗਰ ਦੇ ‘ਪਿੱਜ਼ਾ ਫਰਾਮ ਮੈਕਸੀਕੋ’ ਰੈਸਟੋਰੈਂਟ ’ਚ ਵੜ ਕੇ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਤਾਬੜਤੋੜ ਗੋਲੀਆਂ ਚਲਾਈਆਂ। ਵਾਰਦਾਤ ਕਰਨ ਤੋਂ ਬਾਅਦ ਦੋਵੇਂ ਪੁਲਸ ਤੋਂ ਬਚਣ ਲਈ ਹਿਮਾਚਲ ਪ੍ਰਦੇਸ਼ ਦੇ ਊਨਾ ’ਚ ਜਾ ਕੇ ਲੁਕ ਗਏ ਸਨ।

ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਗੋਪੀ ਲਾਹੌਰੀਆ ਗਰੁੱਪ ਵੱਲੋਂ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਗਈ ਸੀ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਤੋਂ ਬਾਅਦ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਨੂੰ ਰੈਸਟੋਰੈਂਟ ’ਤੇ ਫਾਇਰਿੰਗ ਕਰਨ ਦੇ ਨਿਰਦੇਸ਼ ਕਿਸ ਗੈਂਗਸਟਰ ਜਾਂ ਵਿਦੇਸ਼ੀ ਹੈਂਡਲਰ ਨੇ ਦਿੱਤੇ ਸਨ, ਹਥਿਆਰ ਕਿੱਥੋਂ ਮੁਹੱਈਆ ਕਰਵਾਏ ਗਏ ਸਨ ਤੇ ਉਨ੍ਹਾਂ ਦਾ ਤੀਜਾ ਸਾਥੀ ਕੌਣ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News