ਦਿਲ ਦਾ ਦੌਰਾ ਪੈਣ ਕਾਰਨ ਪੁਲਸ ਮੁਲਾਜ਼ਮ ਦੀ ਮੌਤ, ਬਰਥ ਡੇ ਵਾਲੇ ਦਿਨ ਹੋਇਆ ਸਸਕਾਰ
Saturday, Aug 24, 2019 - 06:58 PM (IST)

ਜਲੰਧਰ (ਮਾਹੀ) : ਥਾਣਾ ਮਕਸੂਦਾਂ 'ਚ ਤਾਇਨਾਤ ਕਾਂਸਟੇਬਲ ਹਰਪ੍ਰੀਤ ਸਹੋਤਾ ਦੀ ਅਚਾਨਕ ਦਿਲ ਦਾ ਦੌਰਾਨ ਪੈਣ ਕਾਰਨ ਮੌਤ ਹੋ ਗਈ ਅਤੇ ਉਨ੍ਹਾਂ ਨੂੰ ਆਪਣਾ ਜਨਮਦਿਨ ਮਨਾਉਣ ਦਾ ਸਮਾਂ ਵੀ ਪ੍ਰਮਾਤਮਾ ਨੇ ਨਾਂ ਦਿਤਾ। ਐੱਸ. ਐੱਚ. ਓ. ਰਮਨਦੀਪ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਹੋਤਾ ਪੁੱਤਰ ਦੇਵ ਰਾਜ ਸਹੋਤਾ ਵਾਸੀ ਪਿੰਡ ਚਿੱਟੀ, ਲਾਂਬੜਾ ਰਾਤ 8.30 ਵਜੇ ਆਪਣੀ ਡਿਊਟੀ ਕਰਕੇ ਘਰ ਗਿਆ ਸੀ ਤਾਂ ਰਾਤ 9.30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹਰਪ੍ਰੀਤ ਸਹੋਤਾ ਦੀ ਮੌਤ ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਮ੍ਰਿਤਕ ਕਾਂਸਟੇਬਲ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਡਿਊਟੀ ਤੋਂ ਵਾਪਸ ਆ ਕੇ ਰੋਟੀ ਖਾਣ ਲੱਗਾ ਤਾਂ ਇਕ ਰੋਟੀ ਦੀ ਬੁਰਕੀ ਮੂੰਹ ਵਿਚ ਪਾਈ ਸੀ ਤਾਂ ਉਸਨੂੰ ਦਿਲ ਦਾ ਦੌਰਾ ਪੈ ਗਿਆ ।
ਪਰਿਵਾਰ ਨੇ ਦੱਸਿਆ ਕਿ ਉਹ ਉਸਨੂੰ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਸੱਤ ਸਾਲ ਪੁਲਸ ਮਹਿਕਮੇ ਵਿਚ ਡਿਊਟੀ ਕਰਕੇ ਮੌਤ ਦੇ ਮੂੰਹ ਵਿਚ ਗਏ ਹਰਪ੍ਰੀਤ ਸਹੋਤਾ (32) ਆਪਣੇ ਪਿੱਛੇ ਪਤਨੀ ਸਮੇਤ ਦੋ ਮਾਸੂਮ ਬੱਚੇ ਛੱਡ ਗਿਆ ਹੈ। ਸੋਗ ਵਿਚ ਡੁੱਬੇ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਦਾ ਜਨਮ ਦਿਨ ਮਨਾਉਣਾ ਸੀ ਪਰ ਉਨ੍ਹਾਂ ਨੂੰ ਜਨਮ ਦਿਨ ਮਨਾਉਣਾ ਵੀ ਨਸੀਬ ਨਾ ਹੋਇਆ ਅਤੇ ਜਨਮ ਦਿਨ ਵਾਲੇ ਦਿਨ ਹੀ ਹਰਪ੍ਰੀਤ ਦਾ ਅੰਤਿਮ ਸੰਸਕਾਰ ਕੀਤਾ ਗਿਆ।