ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਘੈਂਟ ਅਤੇ ਗੁਰਮੁੱਖ ਸਿੰਘ ਨੇ ਪੁੱਛਗਿੱਛ ''ਚ ਕੀਤੇ ਵੱਡੇ ਖੁਲਾਸੇ

06/23/2017 7:40:31 PM

ਨਵਾਂਸ਼ਹਿਰ (ਤ੍ਰਿਪਾਠੀ) : ਨਵਾਂਸ਼ਹਿਰ ਪੁਲਸ ਵਲੋਂ ਪਾਕਿਸਤਾਨ ਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਥੇਬੰਦੀ ਨਾਲ ਸੰਬੰਧਤ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਗੁਰਜੀਤ ਸਿੰਘ ਘੈਂਟ ਵਾਸੀ ਪਿੰਡ ਬਢਾਲਾ ਜ਼ਿਲਾ ਗੁਰਦਾਸਪੁਰ ਅਤੇ ਗੁਰਮੁੱਖ ਸਿੰਘ ਵਾਸੀ ਪਿੰਡ ਤਲਵੰਡੀ ਨਾਹਰ ਜ਼ਿਲਾ ਅੰਮ੍ਰਿਤਸਰ ਨੇ ਪੁਲਸ ਰਿਮਾਂਡ ਦੇ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਜਿਸ ਕਾਰਨ ਪੁਲਸ ਨੇ ਵੀਰਵਾਰ ਨੂੰ ਉਕਤ ਅੱਤਵਾਦੀਆਂ ਨੂੰ ਅਦਾਲਤ 'ਚ ਪੇਸ਼ ਕਰਕੇ 7 ਦਿਨ ਦੇ ਹੋਰ ਰਿਮਾਂਡ 'ਤੇ ਲਿਆ ਹੈ। ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੁਲਸ ਉਕਤ ਅੱਤਵਾਦੀ ਘੈਂਟ ਅਤੇ ਗੁਰਮੁੱਖ ਸਿੰਘ ਦਾ 9 ਦਿਨ ਅਤੇ 6 ਦਿਨ ਦਾ 2 ਵਾਰ ਪੁਲਸ ਰਿਮਾਂਡ ਹਾਸਲ ਕਰ ਚੁੱਕੀ ਹੈ।
ਧਾਰਮਿਕ ਅਤੇ ਆਰ.ਐੱਸ.ਐੱਸ. ਨੇਤਾ ਸੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਗ੍ਰਿਫ਼ਤਾਰ ਅੱਤਵਾਦੀ ਗੁਰਜੀਤ ਸਿੰਘ ਘੈਂਟ ਅਤੇ ਗੁਰਮੁੱਖ ਸਿੰਘ ਜ਼ਿਲਾ ਗੁਰਦਾਸਪੁਰ ਦੇ ਆਰ.ਐੱਸ.ਐੱਸ. ਨਾਲ ਸੰਬੰਧਤ ਇਕ ਡਾਕਟਰ ਸਮੇਤ ਕਰੀਬ 12 ਧਾਰਮਿਕ, ਆਰ.ਐੱਸ.ਐੱਸ. ਦੇ ਆਗੂਆਂ ਦੀ ਰੇਕੀ ਕੀਤੀ ਸੀ ਅਤੇ ਆਪਣੇ ਵਿਦੇਸ਼ੀ ਹਾਕਮਾਂ ਦੇ ਕਹਿਣ 'ਤੇ ਉਕਤ ਆਗੂ ਇਨ੍ਹਾਂ ਦੇ ਰਾਡਾਰ 'ਤੇ ਸਨ। ਪੁਲਸ ਸੂਤਰਾਂ ਅਨੁਸਾਰ ਗ੍ਰਿਫ਼ਤਾਰ ਅੱਤਵਾਦੀਆਂ ਦੇ ਹੋਰ ਸੂਬਿਆ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸੰਪਰਕ ਸਨ। ਪੁਲਸ ਨੇ ਗ੍ਰਿਫ਼ਤਾਰ ਅੱਤਵਾਦੀਆਂ ਦੀ ਕੀਤੀ ਜਾਂਚ ਦੇ ਬਾਅਦ ਇਤਰਾਜ਼ ਯੋਗ ਲਿਟਰੇਚਰ ਸਮੱਗਰੀ ਵੀ ਬਰਾਮਦ ਕੀਤੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਘੈਂਟ ਕਾਫ਼ੀ ਸਮੇਂ ਤੱਕ ਦਮਦਮੀ ਟਕਸਾਲ ਨਾਲ ਜੁੜਿਆ ਰਿਹਾ ਹੈ ਅਤੇ ਉਨ੍ਹਾਂ ਨੇ ਰਾਜ 'ਚ ਵੀ ਆਪਣਾ ਸੰਪਰਕ ਸੂਤਰ ਦਾ ਜਾਲ ਕਾਫ਼ੀ ਹੱਦ ਤੱਕ ਵਿਛਾਉਣ 'ਚ ਸਫ਼ਲਤਾ ਹਾਸਲ ਕਰ ਲਈ ਸੀ।
ਜਾਣਕਾਰੀ ਅਨੁਸਾਰ ਕੈਨੇਡਾ 'ਚ ਰਹਿ ਰਹੇ ਗੁਰਮੀਤ ਸਿੰਘ ਫ਼ੌਜੀ ਤੋਂ ਮਿਲ ਰਹੀ ਆਰਥਿਕ ਸਹਾਇਤਾ ਨਾਲ ਉਕਤ ਅੱਤਵਾਦੀ ਪੰਜਾਬ 'ਚ ਇਕ ਨਵੇਂ ਨਾਮ ਦਾ ਸੰਗਠਨ ਗਠਿਤ ਕਰਨ ਦੀ ਤਾਕ 'ਚ ਸੀ। ਪੁਲਸ ਸੂਤਰ ਇਸ ਗੱਲ ਦੀ ਜਾਂਚ ਵੀ ਕਰ ਰਹੇ ਹਨ ਕਿ ਪੰਜਾਬ 'ਚ ਪਿਛਲੇ ਸਮੇਂ ਦੌਰਾਨ ਵਾਪਰੀਆਂ ਅੱਤਵਾਦੀ ਘਟਨਾਵਾਂ ਜਿਸ 'ਚ ਸ਼ਿਵ ਸੈਨਾ ਆਗੂਆਂ ਸਮੇਤ ਜਲੰਧਰ 'ਚ ਆਰ.ਐੱਸ.ਐੱਸ. ਆਗੂ ਦੇ ਕਤਲ ਦੇ ਤਾਰ ਵੀ ਇਸ ਸੰਗਠਨ ਨਾਲ ਜੁੜੇ ਹੋ ਸਕਦੇ ਹਨ। ਇੱਥੇ ਵਰਨਣਯੋਗ ਹੈ ਕਿ ਰਿਮਾਂਡ ਦੌਰਾਨ ਹੋ ਰਹੇ ਹੈਰਾਨੀਜਨਕ ਖੁਲਾਸਿਆਂ ਦੇ ਕਾਰਨ ਹੀ ਅਜੇ ਤੱਕ ਆਈ.ਬੀ. ਤੇ ਸੀ.ਬੀ.ਆਈ ਸਮੇਤ ਕਈ ਏਜੰਸੀਆਂ ਅੱਤਵਾਦੀਆਂ ਤੋਂ ਪੁੱਛ-ਪੜਤਾਲ ਕਰ ਚੁੱਕੀਆਂ ਹਨ। ਉਕਤ ਅੱਤਵਾਦੀਆਂ ਨੂੰ 29 ਜੂਨ ਨੂੰ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ।


Related News