ਗੁਰੂ ਨਗਰੀ ’ਚ ਧਾਰਮਿਕ ਸਥਾਨਾਂ ’ਤੇ ਪੁਲਸ ਨੇ ਵਧਾਈ ਚੌਕਸੀ; ਜਨਤਕ ਥਾਵਾਂ ’ਤੇ ਚੈਕਿੰਗ

Wednesday, May 06, 2026 - 10:38 PM (IST)

ਗੁਰੂ ਨਗਰੀ ’ਚ ਧਾਰਮਿਕ ਸਥਾਨਾਂ ’ਤੇ ਪੁਲਸ ਨੇ ਵਧਾਈ ਚੌਕਸੀ; ਜਨਤਕ ਥਾਵਾਂ ’ਤੇ ਚੈਕਿੰਗ

ਅੰਮ੍ਰਿਤਸਰ (ਸਰਬਜੀਤ) - ਪੰਜਾਬ ਵਿਚ ਪਿਛਲੇ ਦਿਨੀਂ ਹੋਏ ਧਮਾਕਿਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਚੁੱਕੀਆਂ ਹਨ। ਖ਼ਾਸ ਕਰ ਕੇ ਅੰਮ੍ਰਿਤਸਰ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਜਨਤਕ ਥਾਵਾਂ ’ਤੇ ਸੁਰੱਖਿਆ ਕਾਫ਼ੀ ਸਖ਼ਤ ਕਰ ਦਿੱਤੀ ਗਈ ਹੈ। ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਵਰਗੀਆਂ ਭੀੜ-ਭਾੜ ਵਾਲੀਆਂ ਥਾਵਾਂ ’ਤੇ ਪੁਲਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਕੈਂਟ ਇਲਾਕੇ ਵਿਚ ਸਥਿਤ ਬਾਰਡਰ ਸਿਕਿਉਰਿਟੀ ਫੋਰਸ (ਬੀ. ਐੱਸ. ਐੱਫ.) ਦੇ ਹੈੱਡਕੁਆਰਟਰਾਂ ਦੇ ਬਾਹਰ ਜਵਾਨਾਂ ਵੱਲੋਂ ਰੇਤ ਨਾਲ ਭਰੀਆਂ ਬੋਰੀਆਂ ਲਗਾ ਕੇ ਮੁੱਖ ਦਰਵਾਜ਼ਿਆਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਧਾਰਮਿਕ ਸਥਾਨਾਂ ’ਤੇ ਵੀ ਇਸ ਦਾ ਸਿੱਧਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਮ ਦਿਨਾਂ ਦੇ ਮੁਕਾਬਲੇ ਸ਼ਰਧਾਲੂਆਂ ਦੀ ਗਿਣਤੀ ਘੱਟ ਨਜ਼ਰ ਆਈ।

ਇਸ ਤੋਂ ਇਲਾਵਾ ਸ੍ਰੀ ਦੁਰਗਿਆਣਾ ਤੀਰਥ, ਮੰਦਰ ਮਾਤਾ ਲਾਲ ਦੇਵੀ ਅਤੇ ਸ਼ਿਵਾਲਾ ਬਾਗ ਭਈਆਂ ਸਮੇਤ ਹੋਰ ਵੀ ਧਾਰਮਿਕ ਅਸਥਾਨਾਂ ਵਿਖੇ ਦਰਸ਼ਨ ਕਰਨ ਆਉਣ ਵਾਲੇ ਲੋਕਾਂ ਦੀ ਸੰਖਿਆ ਵਿਚ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ ਪੁਲਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਸਾਰੇ ਧਾਰਮਿਕ ਸਥਾਨਾਂ ਦੇ ਮੁੱਖ ਦਰਵਾਜ਼ਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸੁਰੱਖਿਆ ਬਹੁਤ ਹੀ ਸਖ਼ਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਫਿਲਹਾਲ ਹਾਲਾਤ ਕਾਬੂ ਵਿਚ ਦੱਸੇ ਜਾ ਰਹੇ ਹਨ ਪਰ ਸੁਰੱਖਿਆ ਏਜੰਸੀਆਂ ਵੱਲੋਂ ਚੌਕਸੀ ਜਾਰੀ ਹੈ।
 


author

Inder Prajapati

Content Editor

Related News