ਰਾਵੀ ਦੇ ਕਟਾਅ ਨਾਲ ਸਰਹੱਦੀ ਪਿੰਡ ਕੱਕੜ ’ਤੇ ਮੰਡਰਾਇਆ ਖ਼ਤਰਾ, MP ਔਜਲਾ ਨੇ ਕੀਤਾ ਦੌਰਾ
Thursday, Jul 16, 2026 - 02:08 PM (IST)
ਅੰਮ੍ਰਿਤਸਰ (ਕਮਲ)- ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਕੱਕੜ ਦਾ ਦੌਰਾ ਕਰ ਕੇ ਰਾਵੀ ਦਰਿਆ ਦੇ ਤੇਜ਼ ਕਟਾਅ ਕਾਰਨ ਬਣੇ ਗੰਭੀਰ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਦੌਰਾਨ ਬੀ.ਐੱਸ.ਐੱਫ. ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਰਾਵੀ ਦੇ ਲਗਾਤਾਰ ਕਟਾਅ ਕਾਰਨ ਸੈਂਕੜੇ ਏਕੜ ਕੀਮਤੀ ਖੇਤੀਬਾੜੀ ਜ਼ਮੀਨ ਦਰਿਆ ’ਚ ਸਮਾ ਚੁੱਕੀ ਹੈ ਅਤੇ ਹੁਣ ਬੀ.ਐੱਸ.ਐੱਫ. ਦੀਆਂ ਡਿਫੈਂਸ ਲਾਈਨਾਂ ਵੀ ਖ਼ਤਰੇ ’ਚ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਔਜਲਾ ਨੇ ਦੱਸਿਆ ਕਿ ਪਹਿਲਾਂ ਦਰਿਆ ਦਾ ਰੁਖ ਕਾਫ਼ੀ ਦੂਰ ਸੀ, ਪਰ ਹੁਣ ਇਹ ਕਟਾਅ ਕਰਦਾ ਹੋਇਆ ਡਿਫੈਂਸ ਲਾਈਨਾਂ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਰੋਕਥਾਮ ਨਾ ਕੀਤੀ ਗਈ ਤਾਂ ਡਿਫੈਂਸ ਲਾਈਨ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ, ਜਿਸ ਨਾਲ ਦੇਸ਼ ਦੀ ਸੁਰੱਖਿਆ ਵੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਹੜ੍ਹਾਂ ਤੋਂ ਬਾਅਦ ਸਰਕਾਰ ਵੱਲੋਂ ਇਸ ਖੇਤਰ ਦੀ ਕੋਈ ਸਾਰ ਨਹੀਂ ਲਈ ਗਈ। ਨਾ ਕੋਈ ਪੱਥਰ ਲਾਏ ਗਏ ਅਤੇ ਨਾ ਹੀ ਕਟਾਅ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਰਜਿਸਟਰਡ ਜ਼ਮੀਨਾਂ, ਖਸਰਾ ਨੰਬਰਾਂ ਸਮੇਤ, ਰਾਵੀ ਦੇ ਕਟਾਅ ਦੀ ਭੇਟ ਚੜ੍ਹ ਰਹੀਆਂ ਹਨ।
ਇਹ ਵੀ ਪੜ੍ਹੋ-ਪਠਾਨਕੋਟ 'ਚ ED ਦੀ ਵੱਡੀ ਕਾਰਵਾਈ, ਕਰੈਸ਼ਰਾਂ ਤੇ ਪ੍ਰਾਪਰਟੀ ਡੀਲਰ ਦੇ ਘਰ ਰੇਡ
ਮੈਂਬਰ ਪਾਰਲੀਮੈਂਟ ਔਜਲਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਅਸਥਾਈ ਤੌਰ ’ਤੇ ਰੇਤ ਦੀਆਂ ਬੋਰੀਆਂ ਜਾਂ ਹੋਰ ਪ੍ਰਬੰਧ ਕਰਕੇ ਕਟਾਅ ਰੋਕਿਆ ਜਾਵੇ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਕਰੀਬ ਦੋ ਤੋਂ ਢਾਈ ਕਿਲੋਮੀਟਰ ਲੰਬੇ ਪ੍ਰਭਾਵਿਤ ਹਿੱਸੇ ’ਤੇ ਪੱਕੇ ਤੌਰ ’ਤੇ ਪੱਥਰ ਲਾ ਕੇ ਦਰਿਆ ਦੇ ਕਟਾਅ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਸੰਸਦ ਦਾ ਸੈਸ਼ਨ ਸ਼ੁਰੂ ਹੋਣ ’ਤੇ ਉਹ ਇਹ ਮਾਮਲਾ ਵੀ ਉਠਾਉਣਗੇ ਅਤੇ ਜੇਕਰ ਪੰਜਾਬ ਸਰਕਾਰ ਕੇਂਦਰ ਨੂੰ ਕੋਈ ਤਜਵੀਜ਼ ਭੇਜੇਗੀ ਤਾਂ ਉਸ ਨੂੰ ਮਨਜ਼ੂਰ ਕਰਵਾਉਣ ਲਈ ਪੂਰਾ ਯਤਨ ਕਰਨਗੇ।
ਇਹ ਵੀ ਪੜ੍ਹੋ- ਕਾਦੀਆਂ ਨਗਰ ਕੌਂਸਲ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਭਾਰੀ ਹੰਗਾਮਾ, ਆਹਮੋ-ਸਾਹਮਣੇ ਹੋਏ ਪਾਰਟੀ ਵਰਕਰ
ਔਜਲਾ ਨੇ ਕਿਹਾ ਕਿ ਕੱਕੜ ਤੋਂ ਲੈ ਕੇ ਇਸ ਸਰਹੱਦੀ ਪੱਟੀ ਦੇ ਆਖ਼ਰੀ ਹਿੱਸੇ ਤੱਕ ਕਿਤੇ ਵੀ ਬਚਾਅ ਲਈ ਪੱਥਰ ਜਾਂ ਰੇਤ ਦੀਆਂ ਬੋਰੀਆਂ ਨਹੀਂ ਲਾਈਆਂ ਗਈਆਂ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਅਤੇ ਸਰਹੱਦੀ ਇਲਾਕੇ ਦੀ ਸੁਰੱਖਿਆ ਲਈ ਲੋੜੀਂਦੇ ਬਚਾਅ ਕਾਰਜ ਸ਼ੁਰੂ ਕੀਤੇ ਜਾਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
