ਨਸ਼ਾ ਸਮੱਗਲਰਾਂ ਖ਼ਿਲਾਫ਼ ਪੁਲਸ ਦੀ ਵੱਡੀ ਸਰਗਰਮੀ, ਅੰਮ੍ਰਿਤਸਰ ਸ਼ਹਿਰ ਦੇ ਸਾਰੇ ਐਂਟਰੀ-ਐਗਜ਼ਿਟ ਪੁਆਇੰਟ ਕੀਤੇ ਸੀਲ
Thursday, Jul 09, 2026 - 03:56 PM (IST)
ਅੰਮ੍ਰਿਤਸਰ(ਜਸ਼ਨ)- ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਚਾਕ-ਚੌਬੰਦ ਰੱਖਣ ਅਤੇ ਨਸ਼ਾ ਸਮੱਗਲਰਾਂ ’ਤੇ ਸ਼ਿਕੰਜਾ ਕੱਸਣ ਲਈ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ ’ਤੇ ਪੁਲਸ ਫੋਰਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਸ਼ਹਿਰ ਦੇ ਮੁੱਖ ਜਨਤਕ ਸਥਾਨਾਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਵੱਡੇ ਮਾਲਜ਼ ’ਤੇ ਵਿਸ਼ੇਸ਼ ਤੌਰ ’ਤੇ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਦੌਰਾਨ ਕਮਿਸ਼ਨਰੇਟ ਪੁਲਸ ਦੇ ਅਧੀਨ ਵੱਖ-ਵੱਖ ਥਾਣਿਆਂ ਦੀ ਪੁਲਸ, ਸਵੈਟ ਟੀਮਾਂ, ਐੱਸ. ਓ. ਜੀ. ਕਮਾਂਡੋਜ਼, ਏ. ਆਰ. ਪੀ., ਥਾਣਾ ਜੀ. ਆਰ. ਪੀ., ਆਰ. ਪੀ. ਐੱਫ., ਡੌਗ ਸਕੁਐਡ ਅਤੇ ਬੰਬ ਨਿਰੋਧਕ ਦਸਤਿਆਂ ਦੀਆਂ ਵੱਖ-ਵੱਖ ਟੀਮਾਂ ਨੇ ਕਈ ਇਲਾਕਿਆਂ ਦੀ ਡੂੰਘੀ ਤਲਾਸ਼ੀ ਲਈ। ਪੁਲਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ’ਤੇ ਵੀ ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਕੀਤੇ ਗਏ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਘਰੇਲੂ ਗੈਸ ਸਿਲੰਡਰਾਂ ਨੂੰ ਲੈ ਕੇ ਪ੍ਰਸ਼ਾਸਨ ਦਾ ਵੱਡਾ ਫ਼ਰਮਾਨ, ਦਿੱਤਾ 3 ਮਹੀਨਿਆਂ ਦਾ ਸਮਾਂ
ਯਾਤਰੀਆਂ ਦੇ ਸਾਮਾਨ ਦੀ ਡੂੰਘਾਈ ਨਾਲ ਚੈਕਿੰਗ
ਇਸ ਅਭਿਆਨ ਦੌਰਾਨ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਕਮਿਸ਼ਨਰੇਟ ਪੁਲਸ, ਥਾਣਾ ਜੀ. ਆਰ. ਪੀ., ਆਰ. ਪੀ. ਐੱਫ., ਡੌਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਨੇ ਖ਼ਾਸ ਤੌਰ ’ਤੇ ਚੈਕਿੰਗ ਕਰ ਕੇ ਚੱਪਾ-ਚੱਪਾ ਖੰਗਾਲਿਆ। ਸਟੇਸ਼ਨ ’ਤੇ ਆਉਣ ਵਾਲੇ ਹਰ ਯਾਤਰੀ ਦੀ ਤਲਾਸ਼ੀ ਅਤੇ ਸਾਮਾਨ ਦੀ ਵੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਸੁਰੱਖਿਆ ਟੀਮਾਂ ਰੇਲ ਗੱਡੀਆਂ ’ਤੇ ਵੀ ਚੌਕਸੀ ਨਾਲ ਨਜ਼ਰ ਰੱਖ ਰਹੀਆਂ ਹਨ। ਹਰ ਪਲੇਟਫਾਰਮ ’ਤੇ ਪੁਲਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ, ਜਿਸ ਨਾਲ ਮੁਸਾਫ਼ਰਾਂ ਵਿਚ ਸੁਰੱਖਿਆ ਦੀ ਭਾਵਨਾ ਵਧੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ’ਤੇ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਪੁਖ਼ਤਾ ਹਨ ਅਤੇ ਹਰੇਕ ਸ਼ੱਕੀ ਯਾਤਰੀ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ- SIR ਦੀ ਡਿਊਟੀ ਤੋਂ ਦੁਖੀ ਸਰਕਾਰੀ ਅਧਿਆਪਕ ਨੇ ਠਾਠਾਂ ਮਾਰ ਦੇ ਪਾਣੀ 'ਚ ਮਾਰੀ ਛਾਲ
ਸ਼ੱਕੀ ਵਿਅਕਤੀ ਕੀਤੇ ਰਾਊਂਡਅੱਪ, ਵਾਹਨਾਂ ਦੀ ਲਗਾਤਾਰ ਨਾਕਾਬੰਦੀ
ਚੈਕਿੰਗ ਦੌਰਾਨ ਪੁਲਸ ਟੀਮ ਵੱਲੋਂ ਜਿੱਥੇ ਰੇਲ ਮੁਸਾਫ਼ਰਾਂ ਦਾ ਸਾਮਾਨ ਚੈੱਕ ਕੀਤਾ ਗਿਆ, ਉੱਥੇ ਹੀ ਕਈ ਸ਼ੱਕੀ ਵਿਅਕਤੀਆਂ ਨੂੰ ਰਾਊਂਡਅੱਪ ਕਰ ਕੇ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਵੀ ਕੀਤੀ ਗਈ। ਇਸ ਤੋਂ ਇਲਾਵਾ ਸ਼ਹਿਰ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ’ਤੇ ਪੁਲਸ ਨੇ ਵੱਡੇ ਪੱਧਰ ’ਤੇ ਨਾਕਾਬੰਦੀ ਕੀਤੀ ਹੈ। ਹਰੇਕ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਵਾਹਨਾਂ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਸਟੇਸ਼ਨ ਦੇ ਹਰੇਕ ਪਲੇਟਫਾਰਮ ਤੋਂ ਇਲਾਵਾ ਉੱਥੋਂ ਦੇ ਸਟਾਲ ਵਾਲਿਆਂ ਤੋਂ ਵੀ ਪੁੱਛਗਿੱਛ ਕਰ ਕੇ ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਲਾਵਾਰਿਸ ਚੀਜ਼ ਦਿਸਦੀ ਹੈ, ਤਾਂ ਉਹ ਤੁਰੰਤ ਪੁਲਸ ਨੂੰ ਸੂਚਿਤ ਕਰਨ।
ਇਹ ਵੀ ਪੜ੍ਹੋ-ਪੰਜਾਬ ਪੁਲਸ ਦੇ ASI ਨੇ ਰੱਖਿਆ ਪ੍ਰਾਈਵੇਟ ਬਾਡੀਗਾਰਡ, ਹੱਥ 'ਚ ਫੜਾਈ ਸਰਕਾਰੀ AK47, SSP ਨੇ ਕਰ'ਤੀ ਕਾਰਵਾਈ
‘ਆਰਟੀਫੀਸ਼ੀਅਲ ਇੰਟੈਲੀਜੈਂਸ’ ਅਤੇ ‘ਈ-ਵਾਹਨ ਐਪ’ ਦੀ ਵਰਤੋਂ
ਸੁਰੱਖਿਆ ਨੂੰ ਹੋਰ ਮਜ਼ਬੂਤ ਕਰਦਿਆਂ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ’ਤੇ ਘੁੰਮ ਰਹੇ ਸ਼ੱਕੀ ਵਿਅਕਤੀਆਂ ਦੀ ‘ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ’ ਰਾਹੀਂ ਫ਼ੋਟੋਆਂ ਖਿੱਚ ਕੇ ਉਨ੍ਹਾਂ ਦੀ ਅਪਰਾਧਿਕ ਪਛਾਣ ਕੀਤੀ ਗਈ। ਇਸ ਤੋਂ ਬਾਅਦ ਪੁਲਸ ਟੀਮ ਨੇ ਰੇਲਵੇ ਸਟੇਸ਼ਨ ਕੰਪਲੈਕਸ ਸਥਿਤ ਪਬਲਿਕ ਪਾਰਕਿੰਗ ਤੋਂ ਇਲਾਵਾ ਮੁੱਖ ਪਾਰਕਿੰਗ ਵਾਲੀ ਥਾਂ ’ਤੇ ਜਾ ਕੇ ਵਾਹਨਾਂ ਦੀ ਜਾਂਚ ਕੀਤੀ ਅਤੇ ਉੱਥੇ ਖੜ੍ਹੇ ਵਾਹਨਾਂ ਦੇ ਰਜਿਸਟਰਡ ਨੰਬਰਾਂ ਨੂੰ ‘ਈ-ਵਾਹਨ ਐਪ’ ਦੀ ਮਦਦ ਨਾਲ ਖੰਗਾਲ ਕੇ ਵਾਹਨ ਮਾਲਕਾਂ ਬਾਰੇ ਤੁਰੰਤ ਜਾਣਕਾਰੀ ਹਾਸਲ ਕੀਤੀ। ਪੁਲਸ ਪ੍ਰਸ਼ਾਸਨ ਨੇ ਸਾਫ਼ ਕੀਤਾ ਕਿ ਇਹ ਚੈਕਿੰਗ ਅਭਿਆਨ ਅੱਗੇ ਵੀ ਨਿਰੰਤਰ ਜਾਰੀ ਰਹੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ, ਕਾਰੋਬਾਰੀ ਦੀ ਦੁਕਾਨ 'ਤੇ ਫਾਇਰਿੰਗ ਕਰਨ ਵਾਲੇ ਦੋ ਸ਼ੂਟਰ ਗ੍ਰਿਫਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
