ਅਮਰਿੰਦਰ ਸਿੰਘ ਨੇ ਪੁਲਸ ''ਚ ਕੀਤੀਆਂ ਅਹਿਮ ਤਬਦੀਲੀਆਂ, ਡੀ. ਜੀ. ਪੀ. ਦੀਆਂ ਹਦਾਇਤਾਂ ''ਤੇ ਕਾਰਵਾਈ, ਮਾਲਵਾ ਕਈ ਅਰਥਾਂ ''ਚ ਸੰਵੇਦਨਸ਼ੀਲ
Wednesday, Aug 02, 2017 - 06:42 AM (IST)
ਜਲੰਧਰ (ਧਵਨ) - ਮਾਲਵਾ ਇਲਾਕੇ 'ਚ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਅਸਰਦਾਰ ਢੰਗ ਨਾਲ ਕੰਟਰੋਲ ਰੱਖਣ ਲਈ ਪੰਜਾਬ ਪੁਲਸ ਦੀ 5ਵੀਂ ਕਮਾਂਡੋ ਬਟਾਲੀਅਨ ਦੇ ਹੈੱਡਕੁਆਰਟਰ ਨੂੰ ਬਠਿੰਡਾ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਹੈੱਡਕੁਆਰਟਰ ਪਟਿਆਲਾ 'ਚ ਹੁੰਦਾ ਸੀ। ਇਸ ਕਮਾਂਡੋ ਬਟਾਲੀਅਨ 'ਚ 800 ਟ੍ਰੇਂਡ ਜਵਾਨ ਸ਼ਾਮਲ ਸਨ, ਜੋ ਕਿਸੇ ਵੀ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰਨ 'ਚ ਸਮਰੱਥ ਹੈ। ਕਮਾਂਡੋ ਬਟਾਲੀਅਨ ਹੁਣ ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ, ਮੋਗਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਇਲਾਕਿਆਂ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਦੇਖੇਗੀ। ਪੰਜਾਬ 'ਚ ਇਸ ਸਮੇਂ 4 ਪੁਲਸ ਜ਼ੋਨ ਹਨ, ਜਿਸ ਵਿਚ ਬਠਿੰਡਾ ਹੀ ਇਕੋ-ਇਕ ਅਜਿਹਾ ਜ਼ੋਨ ਸੀ, ਜਿਥੇ ਕੋਈ ਵੀ ਕਮਾਂਡੋ ਬਟਾਲੀਅਨ ਮੁਹੱਈਆ ਨਹੀਂ ਸੀ। ਰਾਜ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ 'ਚ ਆਉਣ ਤੋਂ ਬਾਅਦ ਜਿਥੇ ਇਕ ਪਾਸੇ ਪੁਲਸ 'ਚ ਚੱਲ ਰਹੇ ਹਲਕਾ ਇੰਚਾਰਜ ਸਿਸਟਮ ਨੂੰ ਖਤਮ ਕੀਤਾ, ਉਥੇ ਦੂਜੇ ਪਾਸੇ ਉਨ੍ਹਾਂ ਨੇ ਹਦਾਇਤਾਂ ਦਿੱਤੀਆਂ ਸਨ ਕਿ ਹਰੇਕ ਜ਼ੋਨ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਸੁਧਾਰਿਆ ਜਾਵੇ। ਪੁਲਸ ਡਵੀਜ਼ਨਾਂ ਦੇ ਖੇਤਰ ਅਧਿਕਾਰਾਂ 'ਚ ਵੀ ਤਬਦੀਲੀਆਂ ਕੀਤੀਆਂ ਗਈਆਂ। ਕੈਪਟਨ ਅਮਰਿੰਦਰ ਸਿੰਘ ਜਿਥੇ ਇਕ ਪਾਸੇ ਪੁਲਸ ਨੂੰ ਚੁਸਤ-ਦਰੁਸਤ ਬਣਾਉਣਾ ਚਾਹੁੰਦੇ ਹਨ, ਉਥੇ ਉਹ ਹਰੇਕ ਜ਼ੋਨ 'ਚ ਸੁਰੱਖਿਆ ਦੇ ਜ਼ਰੂਰੀ ਪ੍ਰਬੰਧ ਕਰਨ ਲਈ ਡੀ. ਜੀ. ਪੀ. ਨੂੰ ਹਦਾਇਤਾਂ ਜਾਰੀ ਕਰ ਰਹੇ ਹਨ। ਹਰ ਮਹੀਨੇ ਮੁੱਖ ਮੰਤਰੀ ਹੁਣ ਰਾਜ ਪੁਲਸ ਤੋਂ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਰਿਪੋਰਟ ਵੀ ਲਿਆ ਕਰਨਗੇ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਲਵਾ ਖੇਤਰ 'ਚ ਕਮਾਂਡੋ ਬਟਾਲੀਅਨ ਦੇ ਜਵਾਨਾਂ ਤੇ ਅਧਿਕਾਰੀਆਂ ਨੂੰ ਠਹਿਰਾਉਣ ਲਈ ਲੋੜੀਂਦੀ ਸਪੇਸ ਮੁਹੱਈਆ ਹੈ। ਪੰਜਵੇਂ ਕਮਾਂਡੋ ਬਟਾਲੀਅਨ ਦੇ ਜਵਾਨ ਆਧੁਨਿਕ ਢੰਗ ਨਾਲ ਹਥਿਆਰਾਂ ਨੂੰ ਚਲਾਉਣ 'ਚ ਮਾਹਿਰ ਹਨ ਅਤੇ ਨਾਲ ਹੀ ਉਹ ਸੰਵੇਦਨਸ਼ੀਲ ਸਥਾਨਾਂ ਦੀ ਸੁਰੱਖਿਆ ਕਰਨ 'ਚ ਵੀ ਮਾਹਰ ਹਨ। ਕਮਾਂਡੋ ਬਟਾਲੀਅਨ ਦੇ ਬਠਿੰਡਾ 'ਚ ਆ ਜਾਣ ਤੋਂ ਬਾਅਦ ਹੁਣ ਗੈਂਗਸਟਰਾਂ 'ਤੇ ਵੀ ਦਬਾਅ ਵਧ ਜਾਵੇਗਾ ਕਿਉਂਕਿ ਸਾਬਕਾ ਸਰਕਾਰ ਦੇ ਸਮੇਂ ਮਾਲਵਾ 'ਚ ਵੀ ਗੈਂਗਸਟਰਾਂ ਨੇ ਵੱਡੇ ਪੱਧਰ 'ਤੇ ਲੁੱਟਮਾਰ ਦੀਆਂ ਘਟਨਾਵਾਂ ਕੀਤੀਆਂ ਸਨ।
