ਪੁਲਸ ਹੱਥ ਲੱਗੀ ਵੱਡੀ ਸਫਲਤਾ, ਮਾਰੂ ਹਥਿਆਰਾਂ ਸਣੇ 4 ਨਾਮੀ ਗੈਂਗਸਟਰ ਗ੍ਰਿਫਤਾਰ

04/10/2017 6:15:15 PM

ਫ਼ਤਹਿਗੜ੍ਹ ਸਾਹਿਬ (ਰਾਮਚੇਤ) : ਜ਼ਿਲਾ ਪੁਲਸ ਵੱਲੋਂ 4 ਨਾਮੀ ਗੈਂਗਸਟਰਾਂ ਬਲਜੀਤ ਸਿੰਘ ਉਰਫ ਲਵਲੀ ਪੁੱਤਰ ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪਰਮਜੀਤ ਸਿੰਘ ਵਾਸੀ ਅੱਤੇਵਾਲੀ, ਦਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਸਵਰਗੀ ਸੱਤਪਾਲ ਸਿੰਘ ਪਿੰਡ ਲਿੱਤਰਾਂ ਥਾਣਾ ਰਾਏਕੋਟ ਜ਼ਿਲਾ ਲੁਧਿਆਣਾ ਅਤੇ ਮਨਪ੍ਰੀਤ ਸਿੰਘ ਉਰਫ ਕਾਕਾ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਪਮੌਰ ਥਾਣਾ ਬਸੀ ਪਠਾਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗੈਂਗਸਟਰਾਂ ਪਾਸੋਂ ਪੁਲਸ ਨੇ 20 ਗਰਾਮ ਹੈਰੋਇਨ, ਦੋ ਰਿਵਾਲਵਰ 38 ਬੌਰ ਤੇ 357 ਬੌਰ, ਤਿੰਨ ਪਿਸਤੋਲ 30 ਬੌਰ, 32 ਬੌਰ ਅਤੇ 19 ਕਾਰਤੂਸਾਂ ਬਰਾਮਦ ਕੀਤੇ ਹਨ। ਇਹ ਜਾਣਕਾਰੀ ਜ਼ਿਲਾ ਪੁਲਸ ਮੁਖੀ ਸ੍ਰੀਮਤੀ ਅਲਕਾ ਮੀਨਾ ਨੇ ਸੋਮਵਾਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।
ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਐੱਸ.ਪੀ. (ਡੀ) ਦਲਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਸੀ.ਆਈ.ਏ. ਸਰਹਿੰਦ ਦੇ ਇੰਚਾਰਜ ਇੰਸਪੈਕਟਰ ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਸਮੇਤ ਸੀ.ਆਈ.ਏ. ਦੀ ਪੁਲਸ ਪਾਰਟੀ ਚੁੰਗੀ ਨੰਬਰ 4 ਸਰਹਿੰਦ ਮੰਡੀ ਵਿਖੇ ਮੌਜੂਦ ਸੀ, ਜਿਥੇ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਉਕਤ ਗੈਂਗਸਟਰ ਆਪਣੀਆਂ ਕਾਰਾਂ ''ਤੇ ਸਵਾਰ ਹੋ ਕੇ ਜ਼ਿਲਾ ਫ਼ਤਹਿਗੜ੍ਹ ਸਾਹਿਬ ਵਿਖੇ ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਹੋਰ ਆਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਦੇ ਹਨ ਅਤੇ ਉਨ੍ਹਾਂ ਪਾਸ ਨਜਾਇਜ਼ ਹਥਿਆਰ ਵੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਬਲਜੀਤ ਸਿੰਘ ਉਰਫ ਲਵਲੀ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 20 ਗ੍ਰਾਮ ਹੈਰੋਇਨ, ਇਕ ਰਿਵਾਲਵਰ 38 ਬੌਰ ਸਮੇਤ 2 ਕਾਰਤੂਸ ਤੇ ਇਕ ਰਿਵਾਲਵਰ 357 ਬੌਰ ਮੈਗਨਮ ਸਮੇਤ 5 ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਹੋਰ ਦੱਸਿਆ ਕਿ ਇਨ੍ਹਾਂ ਦੇ ਸਾਥੀ ਕਥਿਤ ਦੋਸ਼ੀ ਦਵਿੰਦਰ ਸਿੰਘ ਉਰਫ ਸੋਨੂੰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ ਪਿਸਤੌਲ 32 ਬੌਰ ਦੇਸੀ ਸਮੇਤ 2 ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਤਫਤੀਸ਼ ਦੌਰਾਨ ਕਥਿਤ ਦੋਸ਼ੀ ਦਵਿੰਦਰ ਸਿੰਘ ਉਰਫ ਸੋਨੂੰ ਪਾਸੋਂ ਇਕ ਹੋਰ ਪਿਸਟਲ 30 ਬੌਰ ਸਮੇਤ 5 ਕਾਰਤੂਸ ਬਰਾਮਦ ਕੀਤੇ ਗਏ ਹਨ। ਜਦੋਂ ਕਿ ਉਕਤ ਦੋਸ਼ੀਆਂ ਦੇ ਸਾਥੀ ਮਨਪ੍ਰੀਤ ਸਿੰਘ ਉਰਫ ਕਾਕਾ ਨੂੰ ਮਿਤੀ 8-4-17 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਮੁਤਾਬਕ ਦੋਸ਼ੀਆਂ ਖਿਲਾਫ ਵੱਖ-ਵੱਖ ਥਾਣਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿਚ ਵੀ ਕਤਲ, ਕਤਲ ਦਾ ਯਤਨ, ਲੜਾਈ ਝਗੜੇ, ਅਸਲਾ ਐਕਟ ਤੇ ਐਨ.ਡੀ.ਪੀ.ਐਸ. ਐਕਟ ਦੇ 16 ਮੁਕੱਦਮੇ ਦਰਜ ਹਨ।


Gurminder Singh

Content Editor

Related News