ਇਨਸਾਨੀਅਤ ਸ਼ਰਮਸਾਰ: ਖਾਲੀ ਪਲਾਟ 'ਚੋਂ ਮਿਲਿਆ ਨਵਜੰਮਿਆ ਬੱਚਾ, ਹਾਲਤ ਵੇਖ ਡਾਕਟਰ ਵੀ ਹੈਰਾਨ
Thursday, Aug 06, 2020 - 08:19 PM (IST)
ਜਲੰਧਰ (ਸੋਨੂੰ)— ਇਕ ਪਾਸੇ ਜਿੱਥੇ ਮਾਂ-ਬਾਪ ਸੰਤਾਨ ਨੂੰ ਪਾਉਣ ਖਾਤਿਰ ਕਈ ਅਰਦਾਸਾਂ ਕਰਦੇ ਅਤੇ ਸੁੱਖਣਾ ਸੁੱਖਦੇ ਹਨ, ਉਥੇ ਹੀ ਇਸ ਕਲਯੁਗ 'ਚ ਕੁਝ ਅਜਿਹੇ ਵੀ ਮਾਂ-ਬਾਪ ਹਨ, ਜੋ ਬੱਚਿਆਂ ਨੂੰ ਮਰਨ ਦੀ ਹਾਲਤ 'ਚ ਛੱਡ ਦਿੰਦੇ ਹਨ। ਅਜਿਹਾ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਜਲੰਧਰ ਦੀ ਮਸ਼ਹੂਰ ਬੂਟਾ ਮੰਡੀ 'ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਖਾਲੀ ਪਲਾਟ 'ਚੋਂ ਰੋਂਦਾ-ਕਰਲਾਉਂਦਾ ਹੋਇਆ ਨਵਜੰਮਿਆ ਬੱਚਾ ਬਰਾਮਦ ਕੀਤਾ ਗਿਆ। ਸੂਚਨਾ ਪਾ ਕੇ ਥਾਣਾ ਨੰਬਰ-6 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਇਕ ਬੀਬੀ ਕੋਲੋਂ ਬੱਚੇ ਨੂੰ ਲੈ ਕੇ ਜਲੰਧਰ ਦੇ ਸਿਵਲ ਹਸਪਤਾਲ 'ਚ ਪਹੁੰਚਾਇਆ।
ਚਾਈਲਡ ਸਪੈਸ਼ਲਿਸਟ ਡਾਕਟਰ ਵਿਜੇਂਦਰ ਨੇ ਦੱਸਿਆ ਕਿ ਬੱਚੇ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕਰੀਬ 7 ਘੰਟੇ ਪਹਿਲਾਂ ਹੀ ਬੱਚੇ ਦਾ ਜਨਮ ਹੋਇਆ ਹੈ। ਬੱਚੇ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਸ ਦਾ ਸਰੀਰ ਬਿਲਕੁਲ ਠੰਡਾ ਪੈ ਗਿਆ ਹੈ। ਸਾਹ ਲੈਣ 'ਚ ਵੀ ਉਸ ਨੂੰ ਕਾਫ਼ੀ ਦਿੱਕਤ ਆ ਰਹੀ ਹੈ। ਡਾ. ਵਿਜੇਂਦਰ ਨੇ ਦੱਸਿਆ ਕਿ ਹੋ ਸਕਦਾ ਹੈ ਬੱਚੇ ਨੂੰ ਵੈਂਟੀਲੇਟਰ 'ਤੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਹਾਲਤ 'ਚ ਸੁਧਾਰ ਹੁੰਦਾ ਹੈ ਤਾਂ ਉਸ ਦਾ ਇਲਾਜ ਇਸੇ ਹਸਪਤਾਲ 'ਚ ਕੀਤਾ ਜਾਵੇਗਾ ਨਹੀਂ ਤਾਂ ਅੱਗੇ ਰੈਫਰ ਕਰ ਦਿੱਤਾ ਜਾਵੇਗਾ।
ਉਥੇ ਹੀ ਥਾਣਾ ਨੰਬਰ-6 ਦੇ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣੇ 'ਚ ਪੀ.ਸੀ.ਆਰ. ਕਾਮਿਆਂ ਵੱਲੋਂ ਸੂਚਨਾ ਮਿਲੀ ਸੀ ਕਿ ਬੂਟਾ ਮੰਡੀ ਨੇੜੇ ਇਕ ਖਾਲੀ ਪਲਾਟ 'ਚ ਨਵਜੰਮਿਆ ਬੱਚਾ ਮਿਲਿਆ ਹੈ, ਜਿਸ ਨੂੰ ਇਕ ਬੀਬੀ ਨੇ ਕੱਪੜੇ 'ਚ ਲਪੇਟ ਕੇ ਰੱਖਿਆ ਹੋਇਆ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬੀਬੀ ਅਮਰਜੀਤ ਕੋਲੋਂ ਬੱਚਾ ਲੈ ਕੇ ਜਲੰਧਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਦਾਖ਼ਲ ਕਰਵਾਇਆ।
ਮੌਕੇ 'ਤੇ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਦੋ ਦੁਕਾਨਾਂ ਛੱਡ ਕੇ ਇਕ ਖਾਲੀ ਪਲਾਟ ਸਥਿਤ ਹੈ, ਜਿੱਥੇ ਉਨ੍ਹਾਂ ਦੇ ਕੋਲ ਕੰਮ ਕਰਨ ਵਾਲੀ ਅਮਰੂਦ ਤੋੜਨ ਗਈ ਸੀ। ਉਸ ਨੇ ਖਾਲੀ ਪਲਾਟ 'ਚ ਝਾੜੀਆਂ 'ਚੋਂ ਬੱਚੇ ਦੇ ਰੌਣ ਦੀ ਆਵਾਜ਼ ਸੁਣੀ ਤਾਂ ਮੌਕੇ 'ਤੇ ਰੌਲਾ ਪਾ ਦਿੱਤਾ। ਉਸ ਨੇ ਨਵਜੰਮੇ ਲੜਕੇ ਨੂੰ ਝਾੜੀਆਂ 'ਚੋਂ ਬਾਹਰ ਕੱਢਿਆ ਅਤੇ ਫਿਰ ਨੇੜੇ ਦੇ ਲੋਕ ਇਕੱਠੇ ਹੋ ਗਏ। ਉਸ ਨੇ ਕਿਹਾ ਕਿ ਉਹ ਬੱਚੇ ਨੂੰ ਅੰਮ੍ਰਿਤਸਰ ਲੈ ਕੇ ਜਾਣਗੇ ਅਤੇ ਬੱਚੇ ਖਾਤਿਰ ਕੁਝ ਵੀ ਕਰਨਗੇ।