ਵੈੱਬਸਾਈਟ ਅਪਡੇਟ ਕਰਨੀ ਭੁੱਲਿਆ ਪੁਲਸ ਮਹਿਕਮਾ, ਕੈਪਟਨ ਅਜੇ ਵੀ ਮੁੱਖ ਮੰਤਰੀ
Wednesday, Sep 22, 2021 - 04:43 PM (IST)
 
            
            ਭਵਾਨੀਗੜ੍ਹ (ਵਿਕਾਸ) : ਭਾਵੇਂ ਕਿ ਕਈ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਦੀ ਜਗ੍ਹਾ ’ਤੇ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਕਾਰਜਕਾਲ ਸ਼ੁਰੂ ਕਰ ਦਿੱਤਾ ਪਰ ਸੰਗਰੂਰ ਪੁਲਸ ਵੱਲੋਂ ਆਪਣੀ ਵੈੱਬਸਾਈਟ ਉੱਪਰ ਹਾਲੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਮੁੱਖ ਮੰਤਰੀ ਦਰਸਾਇਆ ਜਾ ਰਿਹਾ ਹੈ। ਜਿਸਨੂੰ ਲੈ ਕੇ ਲੋਕਾਂ 'ਚ ਪੁਲਸ ਵਿਭਾਗ ਦੀ ਕਿਰਕਰੀ ਹੁੰਦੀ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਵੱਜੋਂ ਸਹੁੰ ਚੁੱਕੇ ਜਾਣ ਨੂੰ ਤਿੰਨ ਦਿਨ ਹੋ ਗਏ ਜਿਸ ਤੋਂ ਬਾਅਦ ਸੁਭਾਵਿਕ ਹੈ ਕਿ ਸਰਕਾਰੀ ਅਦਾਰਿਆਂ ਜਾਂ ਸਰਕਾਰੀ ਵਿਭਾਗਾਂ ਦੀ ਵੈੱਬਸਾਈਟਾਂ 'ਤੇ ਨਵੇਂ ਮੁੱਖ ਮੰਤਰੀ ਚੰਨੀ ਦੀਆਂ ਤਸਵੀਰਾਂ ਦਿਖਾਈ ਦੇਣੀਆਂ ਚਾਹੀਦੀਆਂ ਹਨ ਪਰ ਸੰਗਰੂਰ ਪੁਲਸ ਬੁੱਧਵਾਰ ਤੱਕ ਅਪਣੀ ਅਧਿਕਾਰਿਤ ਵੈੱਬਸਾਈਟ ਨੂੰ ਅਪਡੇਟ ਨਹੀਂ ਕਰ ਸਕੀ। ਦੂਜੇ ਪਾਸੇ ਸ਼ਹਿਰ 'ਚ ਸਰਕਾਰ ਦੇ ਕੰਮਾਂ ਦਾ ਗੁਣਗਾਨ ਕਰਦੇ ਕੈਪਟਨ ਦੀ ਫੋਟੋ ਵਾਲੇ ਲੱਗੇ ਹੋਰਡਿੰਗ ਨੂੰ ਵੀ ਉਤਾਰ ਦਿੱਤਾ ਗਿਆ।
ਇਹ ਵੀ ਪੜ੍ਹੋ : ਮੋਦੀ ਤੋਂ ਕਾਂਗਰਸ ਸਿੱਖ ਗਈ ਪਰ ਭਾਜਪਾ ਨਹੀਂ ਸਿੱਖ ਸਕੀ
ਇੱਥੇ ਇਹ ਦੱਸਣਾ ਵੀ ਦਿਲਚਸਪ ਰਹੇਗਾ ਕਿ ਕਈ ਸਰਕਾਰੀ ਵਿਭਾਗਾਂ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਫਰੇਮ ਕੀਤੀਆਂ ਫੋਟੋਆਂ ਹਾਲੇ ਵੀ ਅਫਸਰਾਂ ਦੇ ਕਮਰਿਆਂ ਦੀਆਂ ਕੰਧਾਂ ’ਤੇ ਟੰਗੀਆਂ ਦੇਖੀਆਂ ਜਾ ਸਕਦੀਆਂ ਹਨ। 
ਸੰਪਰਕ ਕਰਨ ’ਤੇ ਜ਼ਿਲੇ ਦੇ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਕਿਹਾ ਕਿ ਪੁਲਸ ਦੀ ਵੈੱਬਸਾਈਟ ਨੂੰ ਚੰਡੀਗੜ੍ਹ ਹੈੱਡਕੁਆਟਰ ਤੋਂ ਅਪਡੇਟ ਕੀਤਾ ਜਾਂਦਾ ਹੈ। 
ਇਹ ਵੀ ਪੜ੍ਹੋ : ਵੱਡਾ ਸਵਾਲ : ਹੁਣ ਕੈਪਟਨ ਵੱਲੋਂ ਕਾਂਗਰਸ ’ਚ ਸ਼ਾਮਲ ਕਰਵਾਏ ‘ਆਪ’ ਵਿਧਾਇਕਾਂ ਦਾ ਕੀ ਹੋਵੇਗਾ?
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            