ਨਾਜਾਇਜ਼ ਤੌਰ ''ਤੇ ਹਿਰਾਸਤ ''ਚ ਰਹੇ ਨੌਜਵਾਨ ਨੇ ਜਲੰਧਰ ਪੁਲਸ ਬਾਰੇ ਕੀਤੇ ਵੱਡੇ ਖੁਲਾਸੇ

06/22/2019 1:34:30 PM

ਜਲੰਧਰ (ਸੋਨੂੰ)— ਪੰਜਾਬ ਪੁਲਸ ਆਪਣੇ ਕਾਰਨਾਮਿਆਂ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਤਾਜ਼ਾ ਮਾਮਲਾ ਜਲੰਧਰ ਦਾ ਸਾਹਮਣੇ ਆਇਆ ਹੈ, ਜਿੱਥੇ ਥਾਣਾ ਮਕਸੂਦਾਂ ਦੀ ਪੁਲਸ ਨੇ ਇਕ ਬੇਕਸੂਰ ਨੌਜਵਾਨ ਨੂੰ ਹਿਰਾਸਤ 'ਚ ਰੱਖ ਕੇ ਥਰਡ ਡਿਗਰੀ ਟਾਰਚਰ ਕੀਤਾ। ਦਰਅਸਲ ਨਸ਼ਾ ਵੇਚਣ ਦੇ ਦੋਸ਼ ਹੇਠ ਫੜੇ ਗਏ ਨੌਜਵਾਨ ਰਾਜ ਕੁਮਾਰ ਨੇ ਮੀਡੀਆ ਸਾਹਮਣੇ ਆ ਕੇ ਪੰਜਾਬ ਪੁਲਸ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਵੱਡੇ ਖੁਲਾਸੇ ਕੀਤੇ ਹਨ। 

PunjabKesari

ਦੱਸਣਯੋਗ ਹੈ ਕਿ 19 ਜੂਨ ਨੂੰ ਰਾਜ ਕੁਮਾਰ ਉਰਫ ਰਾਜੂ ਵਾਸੀ ਪਿੰਡ ਨੰਗਲ ਸਲੇਮਪੁਰ ਨੂੰ ਮਕਸੂਦਾਂ ਪੁਲਸ ਨੇ ਨਸ਼ੀਲਾ ਪਦਾਰਥ ਵੇਚਣ ਦੇ ਦੋਸ਼ 'ਚ ਜਬਰਨ ਚੁੱਕ ਲਿਆ ਸੀ। ਇਸ ਤੋਂ ਬਾਅਦ ਪੁਲਸ ਦੀ ਹਿਰਾਸਤ 'ਚੋਂ ਹੀ ਉਸ ਨੂੰ ਕੋਈ ਬਾਹਰੋਂ ਲੈ ਗਿਆ ਸੀ ਅਤੇ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਚਲਾ ਗਿਆ ਸੀ। ਪਰਿਵਾਰ ਵੱਲੋਂ ਪੁਲਸ 'ਤੇ ਇਹ ਦੋਸ਼ ਲਗਾਏ ਗਏ ਸਨ ਕਿ ਉਨ੍ਹਾਂ ਦੇ ਪੁੱਤਰ ਨੂੰ ਜਾਂ ਤਾਂ ਹਿਰਾਸਤ 'ਚੋਂ ਪੁਲਸ ਨੇ ਗਾਇਬ ਕੀਤਾ ਹੈ ਜਾਂ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਕਰੀਬ ਦੋ ਘੰਟੇ ਪਰਿਵਾਰ ਵੱਲੋਂ ਪੁਲਸ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ ਸੀ। ਦੋ ਘੰਟਿਆਂ ਦੇ ਬਾਅਦ ਪੁਲਸ ਨੂੰ ਰਾਜ ਕੁਮਾਰ ਦੇ ਕਿਤੇ ਰਿਸ਼ਤੇਦਾਰ ਕੋਲ ਹੋਣ ਬਾਰੇ ਪਤਾ ਲੱਗਾ ਸੀ, ਜਿਸ ਤੋਂ ਬਾਅਦ ਉਸ ਨੂੰ ਰਿਸ਼ਤੇਦਾਰ ਦੇ ਘਰੋਂ ਬਰਾਮਦ ਕੀਤਾ ਗਿਆ ਸੀ।  

PunjabKesari
ਹੁਣ ਰਾਜੂ ਨੇ ਮੀਡੀਆ ਸਾਹਮਣੇ ਆ ਕੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਪੁਲਸ 'ਤੇ ਥਰਡ ਡਿਗਰੀ ਟਾਰਚਰ ਕਰਨ ਦੇ ਦੋਸ਼ ਲਗਾਏ ਹਨ। ਖੁਲਾਸੇ ਕਰਦੇ ਹੋਏ ਉਸ ਨੇ ਦੱੱਸਿਆ ਕਿ ਹਿਰਾਸਤ 'ਚ ਐੱਸ. ਐੱਚ. ਓ. ਰਮਨਦੀਪ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਪੰਜਾਬ 'ਚ ਜਿੰਨੇ ਵੀ ਨਸ਼ਾ ਤਸਕਰ ਹਨ, ਉਨ੍ਹਾਂ ਨੂੰ ਫੜਨ 'ਚ ਪੁਲਸ ਦੀ ਮਦਦ ਕਰੇ। ਇਸ ਦੇ ਬਦਲੇ ਉਹ ਰਾਜ ਕੁਮਾਰ ਨੂੰ ਇਕ ਲੱਖ ਰੁਪਏ ਦੇ ਨਾਲ ਇਕ ਕਿਲੋ ਚਿੱਟਾ, ਭੁੱਕੀ ਅਤੇ ਡੋਡੇ ਦੇਣਗੇ। ਇੰਨਾ ਹੀ ਨਹੀਂ ਸਗੋਂ ਐੱਸ. ਐੱਚ. ਓ. ਨੇ ਇਥੋਂ ਤੱਕ ਕਿਹਾ ਸੀ ਕਿ ਰਾਜ ਕੁਮਾਰ ਨਸ਼ਾ ਜਿੱਥੇ ਵੀ ਵੇਚੇ, ਪੁਲਸ ਉਸ ਨੂੰ ਨਹੀਂ ਫੜੇਗੀ ਅਤੇ ਜਿਹੜਾ ਵੀ ਤਸਕਰ ਉਸ ਦੇ ਕੋਲ ਆਵੇ, ਉਹ ਉਸ ਦੇ ਬਾਰੇ ਪੁਲਸ ਨੂੰ ਦੱਸੇ।

PunjabKesari

ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਰਾਜੂ ਨੇ ਕਿਹਾ ਕਿ ਪੁਲਸ ਕਰਮਚਾਰੀਆਂ 'ਤੇ ਸਖਤ ਐਕਸ਼ਨ ਲੈਂਦੇ ਹੋਏ ਉਨ੍ਹਾਂ ਨੂੰ ਮੁਅੱਤਲ ਕੀਤਾ ਜਾਵੇ। ਉਥੇ ਹੀ ਇਸ ਬਾਰੇ ਜਦੋਂ ਐੱਸ. ਪੀ. ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀ 'ਤੇ  ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਜਾਂਚ ਜਾਰੀ ਹੈ।


shivani attri

Content Editor

Related News