50 ਹਜ਼ਾਰ ਚੋਰੀ ਕਰ ਭੱਜਿਆ ਚੋਰ, ਪੁਲਸ ਨੇ ਘਰ ਦੀ ਅਲਮਾਰੀ 'ਚੋਂ ਕੀਤਾ ਕਾਬੂ
Sunday, Apr 23, 2023 - 02:36 AM (IST)
ਗੁਰਦਾਸਪੁਰ (ਅਵਤਾਰ ਸਿੰਘ) : ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬੇਖੌਫ ਚੋਰ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕੁਝ ਦਿਨ ਪਹਿਲਾਂ 2 ਸ਼ਾਤਿਰ ਚੋਰ ਗੁਰਦਾਸਪੁਰ ਦੀ ਆਈਟੀਆਈ ਕਾਲੋਨੀ 'ਚ ਸਥਿਤ ਇਕ ਘਰ ਦੇ ਤਾਲੇ ਤੋੜ ਕੇ 50 ਹਜ਼ਾਰ ਦੀ ਨਕਦੀ ਅਤੇ ਸਾਮਾਨ ਚੋਰੀ ਕਰ ਫਰਾਰ ਹੋ ਗਏ, ਜਿਸ ਤੋਂ ਬਾਅਦ ਚੋਰ ਨੂੰ ਫੜਨ ਲਈ ਪੁਲਸ ਵੱਲੋਂ ਲਗਾਤਾਰ ਉਸ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਪੁਲਸ ਨੂੰ ਦੇਖ ਕੇ ਚੋਰ ਭੱਜ ਜਾਂਦਾ ਸੀ। ਸ਼ਨੀਵਾਰ ਮੁਖ਼ਬਰ ਖਾਸ ਤੋਂ ਮਿਲੀ ਇਤਲਾਹ ਤੋਂ ਬਾਅਦ ਬੀਤੇ ਕੱਲ੍ਹ ਚੋਰ ਦੇ ਘਰ ਫਿਰ ਛਾਪਾ ਮਾਰਿਆ ਗਿਆ ਤੇ ਉਸ ਨੂੰ ਘਰ ਦੀ ਅਲਮਾਰੀ 'ਚੋਂ ਕਾਬੂ ਕੀਤਾ ਗਿਆ ਪਰ ਪੇਟ 'ਚ ਰਸੌਲੀ ਹੋਣ ਕਰਕੇ ਚੋਰ ਨੂੰ ਛੱਡਣਾ ਪਿਆ ਤੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਚੋਰ ਦਾ ਇਕ ਭਰਾ ਅਜੇ ਵੀ ਫਰਾਰ ਚੱਲ ਰਿਹਾ ਹੈ, ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਕਾਰ ਦੀ ਟੱਕਰ ਵੱਜਣ ਨਾਲ ਸੜਕ ਕਿਨਾਰੇ ਬੈਠੇ ਵਿਅਕਤੀ ਦੀ ਮੌਕੇ 'ਤੇ ਹੋਈ ਮੌਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਦਾਸਪੁਰ ਦੀ ਆਈਟੀਆਈ ਕਾਲੋਨੀ 'ਚ ਸਥਿਤ ਇਕ ਘਰ 'ਚੋਂ 2 ਚੋਰਾਂ ਨੇ 50 ਹਜ਼ਾਰ ਦੀ ਨਕਦੀ ਤੇ ਸਾਮਾਨ ਚੋਰੀ ਕੀਤਾ ਸੀ, ਜਿਸ ਤੋਂ ਬਾਅਦ ਚੋਰ ਨੂੰ ਫੜਨ ਲਈ ਲਗਾਤਾਰ ਉਸ ਦੇ ਘਰ ਛਾਪੇ ਮਾਰੇ ਜਾ ਰਹੇ ਸਨ ਪਰ ਚੋਰ ਕਾਬੂ ਨਹੀਂ ਆ ਰਿਹਾ ਸੀ। ਫਿਰ ਕਿਸੇ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਇਹ ਚੋਰ ਆਪਣੇ ਘਰ ਦੀ ਅਲਮਾਰੀ ਵਿੱਚ ਹੀ ਲੁਕਿਆ ਹੋਇਆ ਹੈ, ਜਿਸ 'ਤੇ ਪੁਲਸ ਨੇ ਛਾਪੇਮਾਰੀ ਕਰਕੇ ਚੋਰ ਨੂੰ ਉਸ ਦੇ ਘਰੋਂ ਕਾਬੂ ਕਰ ਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਚੋਰ ਦੀ ਪਤਨੀ ਨੇ ਹੀ ਆਪਣੇ ਪਤੀ ਨੂੰ ਘਰ ਦੀ ਅਲਮਾਰੀ ਵਿੱਚ ਲੁਕਾਇਆ ਹੋਇਆ ਸੀ, ਜਿਸ ਤੋਂ ਬਾਅਦ ਪੁਲਸ ਨੇ ਇਸ ਨੂੰ ਕਾਬੂ ਕਰਕੇ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।