ਫਾਈਲਾਂ ਵੇਚਣ ਵਾਲੇ ਨਾਲ ਪੁਲਸ ਨੇ ਕੀਤੀ ਕੁੱਟਮਾਰ, ਵੀਡੀਓ ਵਾਇਰਲ
Tuesday, Aug 01, 2017 - 11:29 PM (IST)
ਲੁਧਿਆਣਾ— ਇਥੋਂ ਦੇ ਪਾਸਪੋਰਟ ਦਫਤਰ ਦੇ ਬਾਹਰ ਫਾਈਲਾਂ ਵੇਚਣ ਵਾਲੇ ਇਕ ਵਿਅਕਤੀ ਨਾਲ ਪੁਲਸ ਵਲੋਂ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਉਦੋਂ ਸਾਹਮਣੇ ਆਈ ਜਦੋਂ ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਗਈ। ਵੀਡੀਓ ਵਾਇਰਲ ਹੋਣ ਦੇ ਬਾਅਦ ਪੁਲਸ 'ਤੇ ਦੋਸ਼ ਲੱਗ ਰਹੇ ਹਨ ਕਿ ਪੁਲਸ ਨੇ ਗੁਰਦੀਪ ਨੂੰ ਚੌਕੀ ਆਤਮ ਪਾਰਕ ਥਾਣੇ ਬੁਲਾ ਲਿਆ ਤੇ ਉਸ ਤੋਂ ਜ਼ਬਰਦਸਤੀ ਕੁਝ ਕਾਗਜ਼ਾਂ 'ਤੇ ਦਸਤਖਤ ਕਰਵਾ ਲਏ। ਜਾਣਕਾਰੀ ਮੁਤਾਬਕ ਗੁਰਦੀਪ ਨੇ ਲਿਖ ਕੇ ਦਿੱਤਾ ਹੈ ਕਿ ਉਹ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ।
ਉੱਧਰ ਗੁਰਦੀਪ ਸਿੰਘ ਨੇ ਦੋਸ਼ ਲਗਾਇਆ ਹੈ ਕਿ ਪਾਸਪੋਰਟ ਦਫਤਰ ਦੇ ਬਾਹਰ ਫੜੀ ਲਗਾਉਣ ਵਾਲਿਆਂ ਤੋਂ ਪੀ.ਸੀ.ਆਰ. ਮੁਲਾਜ਼ਮ ਰੋਜ਼ਾਨਾ 100 ਰੁਪਏ ਵਸੂਲਦੇ ਹਨ। ਸੋਮਵਾਰ ਨੂੰ ਜਦੋਂ ਉਸ ਤੋਂ ਪੈਸੇ ਮੰਗੇ ਤਾਂ ਉਸ ਨੇ ਕਿਹਾ ਕਿ ਅਜੇ ਬੋਹਨੀ ਨਹੀਂ ਹੋਈ ਹੈ ਉਹ ਪੈਸੇ ਬਾਅਦ 'ਚ ਦੇ ਦੇਵੇਗਾ, ਜਿਸ ਤੋਂ ਗੁੱਸੇ 'ਚ ਆਏ ਮੁਲਾਜ਼ਮਾਂ ਨੇ ਉਸ ਨਾਲ ਕੁੱਟ ਮਾਰ ਕੀਤੀ। ਇਸ ਤੋਂ ਬਾਅਦ ਥਾਣੇ ਬੁਲਾ ਕੇ ਉਸ ਤੋਂ ਜ਼ਬਰਦਸਤੀ ਕੁਝ ਕਾਗਜ਼ਾਂ 'ਤੇ ਦਸਤਖਤ ਕਰਵਾ ਲਏ।
