ਨਾਜਾਇਜ਼ ਕਬਜ਼ਿਆਂ ''ਤੇ ਕਾਬੂ ਪਾਉਣ ''ਚ ਨਿਗਮ ਤੇ ਪੁਲਸ ਪ੍ਰਸ਼ਾਸਨ ਫੇਲ

Friday, Apr 20, 2018 - 05:27 AM (IST)

ਅੰਮ੍ਰਿਤਸਰ,   (ਵੜੈਚ)-  ਨਗਰ ਨਿਗਮ ਦੇ ਲੈਂਡ ਵਿਭਾਗ ਅਤੇ ਟ੍ਰੈਫਿਕ ਪੁਲਸ ਵਿਭਾਗ ਦੀਆਂ ਘਟੀਆ ਕਾਰਗੁਜ਼ਾਰੀਆਂ ਕਾਰਨ ਦੇਸ਼-ਵਿਦੇਸ਼ ਤੋਂ ਗੁਰੂ ਦਰਸ਼ਨਾਂ ਲਈ ਆਈਆਂ ਸੰਗਤਾਂ ਤੇ ਸ਼ਹਿਰ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਲੱਖਾਂ ਸ਼ਰਧਾਲੂ ਮੁਸ਼ਕਿਲਾਂ ਦਾ ਸ਼ਿਕਾਰ ਹੋ ਰਹੇ ਹਨ। ਰਸਤਿਆਂ 'ਤੇ ਸ਼ਰੇਆਮ ਕੀਤੇ ਨਾਜਾਇਜ਼ ਕਬਜ਼ਿਆਂ ਨੇ ਲੋਕਾਂ ਲਈ ਪੈਦਲ ਚੱਲਣਾ ਵੀ ਮੁਸ਼ਕਿਲ ਕਰ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਲਗਭਗ ਹਰ ਰਸਤੇ 'ਤੇ ਨਾਜਾਇਜ਼ ਕਬਜ਼ੇ ਹਨ ਪਰ ਗੁਰੂ ਘਰ ਦੇ ਆਲੇ-ਦੁਆਲੇ ਨਾਜਾਇਜ਼ ਕਬਜ਼ਿਆਂ ਦੀਆਂ ਹੱਦਾਂ ਪਾਰ ਹੋ ਰਹੀਆਂ ਹਨ। ਆਪਸੀ ਮਿਲੀਭੁਗਤ ਕਾਰਨ ਈ-ਰਿਕਸ਼ਾ ਚਾਲਕ ਦਰਜਨਾਂ ਦੀ ਗਿਣਤੀ ਵਿਚ ਜਲਿਆਂਵਾਲੇ ਬਾਗ ਦੇ ਕਰੀਬ ਰਸਤੇ ਤਕ ਪਹੁੰਚ ਜਾਂਦੇ ਹਨ, ਜਿਥੇ ਅਕਸਰ ਭੀੜ ਲੱਗੀ ਰਹਿੰਦੀ ਹੈ। ਉਥੇ ਰਹਿਣ ਵਾਲੇ ਲੋਕਾਂ ਨੂੰ ਵੀ ਘਰਾਂ ਤਕ ਪਹੁੰਚਣਾ ਮੁਸ਼ਕਿਲ ਹੋ ਰਿਹਾ ਹੈ ਪਰ ਪ੍ਰਸ਼ਾਸਨ ਸੰਗਤਾਂ ਨੂੰ ਸਹੂਲਤਾਂ ਦੇਣ ਵਿਚ ਬੁਰੀ ਤਰ੍ਹਾਂ ਨਾਲ ਫੇਲ ਹੋ ਰਿਹਾ ਹੈ।
ਖਾਨਾਪੂਰਤੀਆਂ ਦਾ ਦੌਰ
ਨਿਗਮ ਦੇ ਅਸਟੇਟ ਵਿਭਾਗ ਅਤੇ ਟ੍ਰੈਫਿਕ ਪੁਲਸ ਦੇ ਉੱਚ ਅਧਿਕਾਰੀਆਂ ਦੇ ਆਦੇਸ਼ ਤੋਂ ਬਾਅਦ ਕਾਰਵਾਈ ਅਤੇ ਸਖਤੀ ਕੀਤੀ ਜਾਂਦੀ ਹੈ ਪਰ ਇਹ ਸਿਰਫ ਖਾਨਾਪੂਰਤੀ ਬਣ ਕੇ ਰਹਿ ਜਾਂਦੀ ਹੈ। ਨਿਗਮ ਦੀ ਟੀਮ ਆਉਂਦੀ ਹੈ, ਰੌਲਾ ਰੱਪਾ ਪੈਣ ਉਪਰੰਤ ਟੀਮ ਦੇ ਜਾਂਦਿਆਂ ਹੀ ਕੁਝ ਸਮੇਂ ਬਾਅਦ ਨਾਜਾਇਜ਼ ਕਬਜ਼ੇ ਫਿਰ ਬਰਕਰਾਰ ਹੋ ਜਾਂਦੇ ਹਨ। ਦੁਕਾਨਦਾਰਾਂ ਵੱਲੋਂ ਕਈ ਕਈ ਫੁੱਟ ਅੱਗੇ ਦੁਕਾਨਾਂ ਦਾ ਸਾਮਾਨ ਲਾ ਦਿੱਤਾ ਜਾਂਦਾ ਹੈ, ਫਿਰ ਉਸ ਦੇ ਅੱਗੇ ਨਾਜਾਇਜ਼ ਤੌਰ 'ਤੇ ਰੇਹੜੀ ਤੇ ਫੜ੍ਹੀਵਾਲੇ ਕਬਜ਼ਾ ਕਰ ਲੈਂਦੇ ਹਨ। ਉਸ ਦੇ ਨਾਲ ਨਾਜਾਇਜ਼ ਤਰੀਕੇ ਨਾਲ ਵਾਹਨ ਖੜ੍ਹੇ ਕਰ ਦਿੱਤੇ ਜਾਂਦੇ ਹਨ ਅਤੇ ਸੰਗਤਾਂ ਦੇ ਜਾਣ ਲਈ ਸਿਰਫ ਕੁਝ ਫੁੱਟ ਜਗ੍ਹਾ ਬਾਕੀ ਰਹਿ ਜਾਂਦੀ ਹੈ।
ਕੇਸਰੀ ਬਾਗ ਤੋਂ ਜਲਿਆਂਵਾਲੇ ਬਾਗ ਤਕ ਬੁਰਾ ਹਾਲ
ਟਾਊਨ ਹਾਲ ਪਾਰਕਿੰਗ ਤੋਂ ਕੇਸਰੀ ਬਾਗ ਦੇ ਹੁੰਦਿਆਂ ਜਲਿਆਂਵਾਲੇ ਬਾਗ ਤਕ ਜਾਂਦੇ ਰਸਤੇ ਦਾ ਬੁਰਾ ਹਾਲ ਹੈ। ਆਰ. ਟੀ. ਆਈ. ਐਕਟੀਵਿਸਟ ਪੰਡਿਤ ਅਮਿਤ ਸ਼ਾਹ ਨੇ ਦੱਸਿਆ ਕਿ ਨਾਜਾਇਜ਼ ਕਬਜ਼ਿਆਂ ਤੇ ਵਧੀ ਪਾਰਕਿੰਗ ਸਬੰਧੀ ਕਈ ਵਾਰੀ ਨਿਗਮ ਪ੍ਰਸ਼ਾਸਨ ਤੋਂ ਆਰ. ਟੀ. ਆਈ. ਜ਼ਰੀਏ ਜਵਾਬ ਮੰਗਿਆ ਜਾਂਦਾ ਹੈ ਪਰ ਕੋਈ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਲੈਂਡ ਅਧਿਕਾਰੀ ਜਸਵਿੰਦਰ ਸਿੰਘ ਕਹਿੰਦੇ ਹਨ ਕਿ ਰੇਹੜੀਆਂ ਤੇ ਫੜ੍ਹੀਆਂ ਵਾਲਿਆਂ ਨੂੰ ਨਿਗਮ ਵੱਲੋਂ ਕੋਈ ਸਹਿਮਤੀ ਨਹੀਂ ਹੈ। ਸ਼ਾਹ ਨੇ ਕਿਹਾ ਕਿ ਜੇਕਰ ਉਹ ਗਲਤ ਤਰੀਕੇ ਨਾਲ ਕਬਜ਼ੇ ਕਰ ਰਹੇ ਹਨ, ਉਨ੍ਹਾਂ ਖਿਲਾਫ ਸਖ਼ਤੀ ਨਾਲ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ।
ਈ-ਰਿਕਸ਼ਾ ਚਾਲਕ ਜਾਮ ਕਰਦੇ ਨੇ ਆਵਾਜਾਈ : ਢੋਟ
ਕੌਂਸਲਰ ਜਰਨੈਲ ਸਿੰਘ ਢੋਟ ਨੇ ਕਿਹਾ ਕਿ ਜਲਿਆਂਵਾਲੇ ਬਾਗ ਦੇ ਕਰੀਬ ਦਰਜਨਾਂ ਦੀ ਸੰਖਿਆ ਵਿਚ ਖੜ੍ਹੇ ਈ-ਰਿਕਸ਼ਾ ਚਾਲਕ ਆਵਾਜਾਈ ਜਾਮ ਕਰ ਰਹੇ ਹਨ। ਉਥੇ ਪ੍ਰਸ਼ਾਸਨ ਦੀ ਸਹੀ ਕਾਰਗੁਜ਼ਾਰੀ ਨਾ ਹੋਣ 'ਤੇ ਸੰਗਤਾਂ ਆਪਣੇ ਨਾਲ ਮਾੜਾ ਸੁਨੇਹਾ ਲੈ ਕੇ ਜਾ ਰਹੀਆਂ ਹਨ। ਈ-ਰਿਕਸ਼ਾ ਨੂੰ ਦਰਬਾਰ ਸਾਹਿਬ ਦੇ ਮੁੱਖ ਰਸਤੇ ਦੀ ਹੱਦ ਤੋਂ ਅੱਗੇ ਨਹੀਂ ਆਉਣ ਦੇਣਾ ਚਾਹੀਦਾ ਹੈ। ਜੇਕਰ ਪ੍ਰਸ਼ਾਸਨ ਨੇ ਜਨਤਾ ਦੀਆਂ ਮੁਸ਼ਕਿਲਾਂ ਵੱਲ ਧਿਆਨ ਨਾ ਦਿੱਤਾ ਤਾਂ ਸਮਾਜਕ ਤੇ ਧਾਰਮਕ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।


Related News