ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਹੁੱਕਾ ਬਾਰਾਂ ਖਿਲਾਫ ਪੁਲਸ ਐਕਸ਼ਨ ਲੈਣ ਨੂੰ ਤਿਆਰ
Wednesday, Mar 21, 2018 - 01:09 PM (IST)

ਜਲੰਧਰ (ਬੁਲੰਦ)— ਪਿਛਲੇ ਲੰਮੇ ਸਮੇਂ ਤੋਂ ਕਮਿਸ਼ਨਰ ਪੁਲਸ ਸ਼ਹਿਰ 'ਚ ਚੱਲ ਰਹੇ ਹੁੱਕਾ ਬਾਰਾਂ 'ਤੇ ਕਾਰਵਾਈ ਕਰਨ ਨੂੰ ਲੈ ਕੇ ਦੁਚਿੱਤੀ 'ਚ ਸੀ ਕਿ ਆਖਿਰ ਕਿਸ ਕਾਨੂੰਨ ਦੇ ਤਹਿਤ ਇਨ੍ਹਾਂ ਨੂੰ ਰੋਕਿਆ ਜਾਵੇ। ਖੁਦ ਪੁਲਸ ਕਮਿਸ਼ਨਰ ਵੀ ਇਹ ਕਹਿ ਚੁੱਕੇ ਹਨ ਕਿ ਇਸ ਬਾਰੇ ਪੁਲਸ ਕੋਲ ਕੋਈ ਸਖਤ ਕਾਨੂੰਨ ਨਹੀਂ ਹੈ। ਪੰਜਾਬ ਪੁਲਸ ਦਾ ਕੰਮ ਸੌਖਾ ਕਰਦਿਆਂ ਬੀਤੇ ਦਿਨ ਕੈਬਨਿਟ ਬੈਠਕ 'ਚ ਮੁੱਖ ਮੰਤਰੀ ਨੇ ਸਾਫ ਕਿਹਾ ਕਿ ਪੰਜਾਬ 'ਚ ਹੁੱਕਾ ਬਾਰ ਬਿਲਕੁਲ ਨਹੀਂ ਚੱਲਣੇ ਚਾਹੀਦੇ ਅਤੇ ਪੁਲਸ ਨੂੰ ਉਸ ਬਾਰੇ ਸਖਤ ਕਾਰਵਾਈ ਕਰਨ ਲਈ ਕਿਹਾ। ਮਾਮਲੇ ਬਾਰੇ ਗੱਲਬਾਤ ਕਰਦਿਆਂ ਏ. ਡੀ. ਸੀ. ਪੀ. ਕ੍ਰਾਈਮ ਹਰਿੰਦਰਪਾਲ ਸਿੰਘ ਪਰਮਾਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ 'ਚ ਹੁੱਕਾ ਬਾਰ ਬੰਦ ਕਰਨ ਦੇ ਸਖਤ ਨਿਰਦੇਸ਼ ਦਿੱਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਜਲੰਧਰ ਪੁਲਸ ਸਖਤੀ ਨਾਲ ਕਰੇਗੀ। ਉਨ੍ਹਾਂ ਕਿਹਾ ਕਿ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਦੇ ਹੁਕਮ ਹਨ ਕਿ ਅਪਰਾਧ ਨੂੰ ਰੋਕਣ ਲਈ ਕਾਨੂੰਨ ਦੀ ਪਾਲਣਾ ਸਖਤੀ ਨਾਲ ਕੀਤੀ ਜਾਵੇ।
ਉਨ੍ਹਾਂ ਜਲੰਧਰ 'ਚ ਚੱਲ ਰਹੇ ਹੁੱਕਾ ਬਾਰਾਂ ਦੇ ਮਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਇਸ ਤੋਂ ਪਹਿਲਾਂ ਕਿ ਪੁਲਸ ਛਾਪੇ ਮਾਰ ਕੇ ਹੁੱਕਾ ਬਾਰਾਂ 'ਤੇ ਕਾਰਵਾਈ ਕਰੇ, ਉਸ ਤੋਂ ਪਹਿਲਾਂ ਹੀ ਸਾਰੇ ਪੱਬਾਂ ਜਾਂ ਬਾਰਾਂ 'ਚ ਹੁੱਕੇ ਦੀ ਸਪਲਾਈ ਅਤੇ ਹੁੱਕਾ ਪਰੋਸਣਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਵੀ ਹੁੱਕਾ ਪਿਲਾਉਣ ਦੀ ਖਬਰ ਮਿਲੀ ਤਾਂ ਸਖਤ ਪੁਲਸ ਕਾਰਵਾਈ ਕੀਤੀ ਜਾਵੇਗੀ।