ਅੱਪਰਾ ਪੁਲਸ ਵੱਲੋਂ ਬਸਪਾ ਆਗੂ ਦੇ ਪੁੱਤਰ ਨੂੰ ਧੱਕੇ ਮਾਰਨ ''ਤੇ ਮਾਹੌਲ ਤਣਾਅਪੂਰਨ
Sunday, Mar 04, 2018 - 05:48 AM (IST)
ਅੱਪਰਾ(ਦੀਪਾ)-ਬੀਤੀ ਰਾਤ ਲਗਭਗ 7 ਵਜੇ ਅੱਪਰਾ ਦੇ ਬਾਜ਼ਾਰ 'ਚ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਅੱਪਰਾ ਪੁਲਸ ਚੌਕੀ ਦੇ ਮੁਲਾਜ਼ਮਾਂ ਨੇ ਬਸਪਾ ਆਗੂ ਦੇ ਪੁੱਤਰ ਨੂੰ ਬਾਜ਼ਾਰ ਵਿਚ ਧੱਕੇ ਮਾਰ ਦਿੱਤੇ। ਇਸ ਗੱਲ ਦੀ ਭਿਣਕ ਲੱਗਦਿਆਂ ਹੀ ਬਸਪਾ ਵਰਕਰ ਇਕੱਤਰ ਹੋਣੇ ਸ਼ੁਰੂ ਹੋ ਗਏ। ਮਾਹੌਲ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਨੀਅਰ ਬਸਪਾ ਆਗੂਆਂ ਨੇ ਦਖਲ ਦੇ ਕੇ ਮਾਮਲੇ ਨੂੰ ਸ਼ਾਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਪਿੰਡ ਅੱਪਰਾ ਨੇ ਦੱਸਿਆ ਕਿ ਉਸ ਦੇ ਘਰ ਅੱਗੇ ਰਸਤੇ 'ਚ ਰੋਜ਼ਾਨਾ ਹੀ ਕੋਈ ਨਾ ਕੋਈ ਗੱਡੀ ਖੜ੍ਹੀ ਹੁੰਦੀ ਹੈ। ਜਿਸ ਕਾਰਨ ਆਉਣ-ਜਾਣ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਉਸ ਨੂੰ ਵੀ ਆਪਣੀ ਗੱਡੀ ਲੰਘਾਉਣ ਲਈ ਮੁਸੀਬਤ ਝੱਲਣੀ ਪੈਂਦੀ ਹੈ। ਜਤਿੰਦਰ ਨੇ ਅੱਗੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਜਾ ਕੇ ਰਸਤਾ ਖਾਲੀ ਤਾਂ ਕੀ ਕਰਵਾਉਣਾ ਸੀ ਸਗੋਂ ਉਸ ਨੂੰ ਹੀ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਜਤਿੰਦਰ ਕੁਮਾਰ ਦੇ ਪਿਤਾ ਰਵਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਇਸ ਘਟਨਾ ਸਬੰਧੀ ਉਹ ਆਪ ਚੌਕੀ ਇੰਚਾਰਜ ਅੱਪਰਾ ਨੂੰ ਪੁੱਛਣ ਗਏ ਤਾਂ ਚੌਕੀ ਇੰਚਾਰਜ ਨੇ ਉਸ ਨੂੰ ਵੀ ਮੰਦਾ ਬੋਲਿਆ। ਉਕਤ ਘਟਨਾ ਸਬੰਧੀ ਮੇਨ ਬਾਜ਼ਾਰ 'ਚ ਲਗਭਗ ਇਕ ਘੰਟਾ ਪੁਲਸ ਤੇ ਬਸਪਾ ਆਗੂਆਂ ਵਿਚਕਾਰ ਬਹਿਸ ਹੁੰਦੀ ਰਹੀ। ਮਾਮਲੇ ਦੀ ਭਿਣਕ ਲੱਗਦਿਆਂ ਹੀ ਜਦੋਂ ਬਸਪਾ ਆਗੂ ਤੇ ਵਰਕਰ ਇਕੱਤਰ ਹੋਣੇ ਸ਼ੁਰੂ ਹੋ ਗਏ ਤਾਂ ਸੀਨੀਅਰ ਆਗੂਆਂ ਨੇ ਦੋਵਾਂ ਧਿਰਾਂ ਨੂੰ ਸੰਤੁਸ਼ਟ ਕਰ ਕੇ ਮਾਮਲੇ ਨੂੰ ਸ਼ਾਤ ਕੀਤਾ। ਇਸ ਸਬੰਧੀ ਸੰਪਰਕ ਕਰਨ 'ਤੇ ਸਬ-ਇੰਸਪੈਕਟਰ ਜਤਿੰਦਰ ਕੁਮਾਰ ਚੌਕੀ ਇੰਚਾਰਜ ਅੱਪਰਾ ਨੇ ਕਿਹਾ ਕਿ ਉਕਤ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਬਾਜ਼ਾਰ 'ਚ ਨਾਕਾ ਲਾ ਕੇ ਖੜ੍ਹੇ ਪੁਲਸ ਕਰਮਚਾਰੀਆਂ ਨਾਲ ਆਉਂਦਿਆਂ ਹੀ ਬਹਿਸਬਾਜ਼ੀ ਕਰਨ ਲੱਗ ਪਿਆ।
