ਨਸ਼ਾ ਫੜਵਾਉਣ ਵਾਲਿਆਂ ਦੀ ਗੁਪਤ ਸੂਚਨਾ ਪੁਲਸ ਨੇ ਕੀਤੀ ਜਨਤਕ

Sunday, Sep 17, 2017 - 06:35 AM (IST)

ਨਸ਼ਾ ਫੜਵਾਉਣ ਵਾਲਿਆਂ ਦੀ ਗੁਪਤ ਸੂਚਨਾ ਪੁਲਸ ਨੇ ਕੀਤੀ ਜਨਤਕ

ਸੰਗਰੂਰ(ਬਾਵਾ)–ਪੰਜਾਬ ਪੁਲਸ ਦੀ ਨਸ਼ਾ ਵਿਰੋਧੀ ਮੁਹਿੰਮ ਉਸ ਸਮੇਂ ਠੁੱਸ ਹੁੰਦੀ ਵਿਖਾਈ ਦਿੱਤੀ ਜਦੋਂ ਨਸ਼ਾ ਵਿਰੋਧੀ ਸੰਸਥਾ ਸ਼ਹੀਦ ਭਗਤ ਸਿੰਘ ਐਂਟੀ ਡਰੱਗਜ਼ ਫਾਊਂਡੇਸ਼ਨ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਪੁਲਸ ਹਵਾਲੇ ਕੀਤੇ ਵਿਅਕਤੀ ਨੂੰ ਇਹ ਕਹਿ ਕੇ ਛੱਡ ਦਿੱਤਾ ਕਿ ਫੜੀਆਂ ਗੋਲੀਆਂ ਨਸ਼ਾ ਵਿਰੋਧੀ ਕਾਨੂੰਨ ਦੇ ਦਾਇਰੇ 'ਚ ਨਹੀਂ ਆਉਂਦੀਆਂ। ਫਾਊਂਡੇਸ਼ਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਵੱਲੋਂ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਵੇਚਣ ਦਾ ਸ਼ੱਕ ਪੁਲਸ ਨੂੰ ਜਤਾਇਆ ਅਤੇ ਮੌਕੇ 'ਤੇ ਪੁੱਜੀ ਟ੍ਰੈਫਿਕ ਪੁਲਸ ਨੇ ਇਕ ਵਿਅਕਤੀ ਨੂੰ 460 ਗੋਲੀਆਂ ਟਰੈਮਾਡੋਲ ਸਮੇਤ ਹਿਰਾਸਤ ਵਿਚ ਲੈ ਲਿਆ ਜਦਕਿ ਦੂਜਾ ਵਿਅਕਤੀ ਪੁਲਸ ਆਉਣ ਤੋਂ ਪਹਿਲਾਂ ਹੀ ਦੌੜ ਗਿਆ। ਉਨ੍ਹਾਂ ਕਿਹਾ ਕਿ ਸਿਟੀ ਪੁਲਸ ਵੱਲੋਂ ਹਿਰਾਸਤ ਵਿਚ ਲਏ ਵਿਅਕਤੀ ਨੂੰ ਇਹ ਕਹਿ ਕੇ ਛੱਡ ਦਿੱਤਾ ਕਿ ਉਸ ਪਾਸੋਂ ਫੜੀਆਂ ਗੋਲੀਆਂ ਗੈਰ-ਕਾਨੂੰਨੀ ਨਹੀਂ ਹਨ । ਪ੍ਰਵੀਨ ਕੁਮਾਰ ਨੇ ਦੱਸਿਆ ਕਿ ਹਿਰਾਸਤ ਵਿਚ ਲਏ ਵਿਅਕਤੀ ਕੋਲੋਂ ਜੋ ਗੋਲੀਆਂ ਮਿਲੀਆਂ ਹਨ ਉਨ੍ਹਾਂ ਉਪਰ ਪੰਜਾਬ ਵਿਚ ਪਾਬੰਦੀ ਹੈ ਤੇ ਉਨ੍ਹਾਂ ਗੋਲੀਆਂ ਨੂੰ ਕੋਈ ਡਾਕਟਰ ਲਿਖਦਾ ਵੀ ਨਹੀਂ। ਪ੍ਰਵੀਨ ਕੁਮਾਰ ਨੇ ਦੋਸ਼ ਲਾਇਆ ਕਿ ਪੁਲਸ ਨੇ ਹਿਰਾਸਤ ਵਿਚ ਲਏ ਵਿਅਕਤੀ ਨੂੰ ਦੱਸ ਦਿੱਤਾ ਕਿ ਕਿਸ ਨੇ ਉਸ ਨੂੰ ਪੁਲਸ ਹਵਾਲੇ ਕਰਵਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਿਰਾਸਤ ਵਿਚ ਲਏ ਵਿਅਕਤੀ ਦੇ ਨਜ਼ਦੀਕੀਆਂ ਵੱਲੋਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਸਾਰਾ ਮਾਮਲਾ ਡੀ. ਐੱਸ. ਪੀ. ਆਰ. ਸੰਦੀਪ ਵਡੇਰਾ ਦੇ ਧਿਆਨ ਵਿਚ ਲਿਆਂਦਾ ਗਿਆ। ਅੱਜ ਜਦੋਂ ਫਾਊਂਡੇਸ਼ਨ ਦੇ ਮੈਂਬਰਾਂ ਦਾ ਇਕ ਵਫਦ ਡੀ. ਐੱਸ. ਪੀ. ਸੰਗਰੂਰ ਨੂੰ ਮਿਲਿਆ ਤਾਂ ਡੀ. ਐੱਸ. ਪੀ. ਵੱਲੋਂ ਪਹਿਲਾਂ ਪ੍ਰੈੱਸ ਨੂੰ ਦਫਤਰ ਵਿਚੋਂ ਇਹ ਕਹਿ ਕੇ ਬਾਹਰ ਕਰ ਦਿੱਤਾ ਗਿਆ ਕਿ ਜੋ ਕਾਰਵਾਈ ਹੋਵੇਗੀ ਕਰ ਦਿੱਤੀ ਜਾਵੇਗੀ ਤੇ ਫਾਊਂਡੇਸ਼ਨ ਦੇ ਮੈਂਬਰਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਜੋ ਕਾਰਵਾਈ ਪੁਲਸ ਵੱਲੋਂ ਬਣਦੀ ਹੈ ਉਹ ਕੀਤੀ ਜਾਵੇਗੀ। 
ਫਾਊਂਡੇਸ਼ਨ ਪ੍ਰਧਾਨ ਪ੍ਰਵੀਨ ਕੁਮਾਰ ਨੇ ਕਿਹਾ ਕਿ ਜੇਕਰ ਪੁਲਸ ਦਾ ਰਵੱਈਆ ਇਸੇ ਤਰ੍ਹਾਂ ਰਿਹਾ ਤਾਂ ਫਿਰ ਕਿਸੇ ਨੇ ਹਿੰਮਤ ਨਹੀਂ ਕਰਨੀ ਕਿ ਕੋਈ ਨਸ਼ਾ ਫੜਵਾਉਣ ਵਿਚ ਉਨ੍ਹਾਂ ਦੀ ਮਦਦ ਕਰੇ। ਇਸ ਮੌਕੇ ਫਾਊਂਡੇਸ਼ਨ ਦੇ ਬਾਬਾ ਪਿਆਰਾ ਸਿੰਘ, ਰਾਜ ਕੁਮਾਰ ਸੋਹੀਆਂ ਸਰਪ੍ਰਸਤ, ਸੁਖਵਿੰਦਰ ਗੋਸ਼ਾ ਤੋਂ ਇਲਾਵਾ ਪੰਜ ਦਰਜਨ ਦੇ ਕਰੀਬ ਮੈਂਬਰ ਮੌਜੂਦ ਸਨ।


Related News