ਫਿਲੌਰ ਪੁਲਸ ਦੇ ਵਿਛਾਏ ਜਾਲ ਵਿਚ 5 ਨਸ਼ਾ ਸਮੱਗਲਰ ਤੇ ਦੋ ਲੁਟੇਰੇ ਫਸੇ

12/04/2019 11:55:03 AM

ਫਿਲੌਰ (ਭਾਖੜੀ) : ਨਸ਼ਾ ਸਮੱਗਲਰਾਂ ਅਤੇ ਲੁਟੇਰਿਆਂ ਨੂੰ ਫੜਨ ਲਈ ਸਬ ਡਵੀਜ਼ਨ ਦੀ ਪੁਲਸ ਨੇ ਜਾਲ ਵਿਛਾ ਕੇ ਵੱਡੀ ਗਿਣਤੀ ਵਿਚ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸਮੱਗਲਰਾਂ ਦੇ ਕਬਜ਼ੇ 'ਚੋਂ ਡੇਢ ਕਿਲੋ ਗਾਂਜਾ, ਨਸ਼ੇ ਦੀਆਂ ਦਵਾਈਆਂ ਬਰਾਮਦ ਕੀਤੀਆਂ ਜਦੋਂਕਿ ਦੋ ਹੋਰ ਲੁਟੇਰਿਆਂ ਨੂੰ ਨਕਲੀ ਖਿਡੌਣਾ ਪਿਸਤੌਲ ਦੇ ਨਾਲ ਗ੍ਰਿਫਤਾਰ ਕੀਤਾ ਜਿਸ ਨੂੰ ਦਿਖਾ ਕੇ ਉਹ ਲੋਕਾਂ ਤੋਂ ਕਾਰ ਅਤੇ ਨਕਦੀ ਖੋਲ ਲੈਂਦੇ ਸਨ। ਪੱਤਰਕਾਰ ਸਮਾਗਮ ਕਰਕੇ ਡੀ.ਐੱਸ.ਪੀ. ਦਵਿੰਦਰ ਕੁਮਾਰ ਅੱਤਰੀ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਅਤੇ ਲੁਟੇਰਿਆਂ ਨੂੰ ਫੜਨ ਲਈ ਐੱਸ.ਐੱਸ.ਪੀ. ਜਲੰਧਰ ਨਵਜੋਤ ਮਾਹਲ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਸਬ ਡਵੀਜ਼ਨ ਫਿਲੌਰ ਦੀ ਪੁਲਸ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 

ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਫਿਲੌਰ ਸੁੱਖਾ ਸਿੰਘ ਦੀ ਅਗਵਾਈ ਵਿਚ ਥਾਣੇਦਾਰ ਯੂਸਫ ਮਸੀਹ ਸਤਲੁਜ ਦਰਿਆ ਦੇ ਕੋਲ ਹਾਈਟੈਕ ਨਾਕੇ 'ਤੇ ਆਉਣ ਜਾਣ ਵਾਲੇ ਵਾਹਨਾਂ ਦੀ ਜਾਂਚ ਕਰ ਰਹੇ ਸਨ ਤਾਂ ਉਸ ਸਮੇਂ ਇਕ ਵਿਅਕਤੀ ਅਮਰੀਸ਼ ਤ੍ਰਿਪਾਠੀ ਪੁੱਤਰ ਰਾਮ ਸਾਗਰ ਵਾਸੀ ਲਖਨਊ, ਉੱਤਰ ਪ੍ਰਦੇਸ਼ ਨੂੰ ਰੋਕ ਕੇ ਜਦੋਂ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਪੁਲਸ ਨੂੰ ਡੇਢ ਕਿਲੋ ਗਾਂਜਾ ਬਰਾਮਦ ਹੋਇਆ। ਪੁਲਸ ਨੇ ਦੋਸ਼ੀ ਵਿਰੁੱਧ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ। ਪੁੱਛਗਿਛ ਦੌਰਾਨ ਅਮਰੀਸ਼ ਨੇ ਦੱਸਿਆ ਕਿ ਉਹ ਇਹ ਗਾਂਜਾ ਲੁਧਿਆਣਾ ਤੋਂ ਲਿਆਇਆ ਸੀ ਜਿਸ ਨੂੰ ਫਿਲੌਰ ਵਿਚ ਵੇਚਣਾ ਸੀ। 

ਉਨ੍ਹਾਂ ਦੱਸਿਆ ਕਿ ਇਸੇ ਕੜੀ ਦੇ ਤਹਿਤ ਐੱਸ.ਆਈ. ਕੁਲਵਿੰਦਰ ਕੁਮਾਰ ਪੁਲਸ ਪਾਰਟੀ ਦੇ ਨਾਲ ਰਾਮਗੜ੍ਹ ਚੁੰਗੀ ਦੇ ਕੋਲ ਨਾਕਾਬੰਦੀ ਕਰਕੇ ਲੋਕਾਂ ਦੀ ਜਾਂਚ ਪੜਤਾਲ ਕਰ ਰਹੇ ਸਨ ਤਾਂ ਉਸ ਸਮੇਂ ਪੈਦਲ ਆ ਰਹੇ 2 ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 50 ਨਸ਼ੇ ਦੇ ਟੀਕੇ ਬਰਾਮਦ ਹੋਏ। ਪੁਲਸ ਨੇ ਦੋਸ਼ੀ ਸੰਨੀ ਕੁਮਾਰ ਪੁੱਤਰ ਦੇਸ ਰਾਜ ਵਾਸੀ ਪਿੰਡ ਕੁਤਬੇਵਾਲ, ਥਾਣਾ ਗੋਰਾਇਆਂ ਅਤੇ ਪਰਮਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਗੜ੍ਹਾ ਥਾਣਾ ਫਿਲੌਰ ਵਿਰੁੱਧ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਡੀ.ਐੱਸ.ਪੀ. ਅੱਤਰੀ ਨੇ ਦੱਸਿਆ ਕਿ ਪੁਲਸ ਥਾਣਾ ਗੋਰਾਇਆ ਦੇ ਮੁਖੀ ਕੇਵਲ ਸਿੰਘ ਦੀ ਅਗਵਾਈ ਵਿਚ ਏ.ਐੱਸ.ਆਈ. ਸੁਖਵਿੰਦਰਪਾਲ ਸਿੰਘ ਪਿੰਡ ਲੱਲ੍ਹੀਆਂ ਦੇ ਬੱਸ ਅੱਡੇ ਕੋਲ ਨਾਕਾਬੰਦੀ ਕਰਕੇ ਲੋਕਾਂ ਦੀ ਜਾਂਚ ਕਰਨ ਦੌਰਾਨ ਵਰਿੰਦਰ ਸਿੰਘ ਵਿੱਕੀ ਪੁੱਤਰ ਹਰਵਿੰਦਰ ਸਿੰਘ ਵਾਸੀ ਬੈਂਕ ਕਾਲੋਨੀ, ਜਲੰਧਰ ਵਿਰੁੱਧ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਏ.ਐੱਸ.ਆਈ. ਗੁਰਦੇਵ ਸਿੰਘ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਤਰੁਣ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਪਿੰਡ ਵਿਰਕਾ ਨੂੰ ਕਾਬੂ ਕਰ ਕੇ ਉਸ ਕੋਲੋਂ 15 ਨਸ਼ੇ ਦੀ ਟੀਕ ਅਤੇ 15 ਨਸ਼ੀਲੀਆਂ ਦਵਾਈਆਂ ਦੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ।

ਡੀ.ਐੱਸ.ਪੀ. ਦਵਿੰਦਰ ਕੁਮਾਰ ਅੱਤਰੀ ਨੇ ਦੱਸਿਆ ਕਿ 18 ਨਵੰਬਰ ਨੂੰ ਵਿਕਰਮਜੀਤ ਪੁੱਤਰ ਬਲਜੀਤ ਕੁਮਾਰ ਨੇ ਉਨ੍ਹਾਂ ਦੀ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਕਿ ਜਿਵੇਂ ਹੀ ਉਹ ਮਿਲਣ ਪੈਲਸ ਦੇ ਕੋਲੋਂ ਆਪਣੀ ਆਲਟੋ ਕਾਰ ਵਿਚ ਸਵਾਰ ਹੋ ਕੇ ਗੁਜ਼ਰਨ ਲੱਗੇ ਤਾਂ ਉਸ ਦੀ ਕਾਰ ਦੋ ਲੁਟੇਰਿਆਂ ਨੇ ਰੁਕਵਾ ਕੇ ਉਸ ਨੂੰ ਰਿਵਾਲਵਰ ਦਿਖਾਕੇ ਖੋਹ ਲਈ ਜਿਸ ਤੋਂ ਬਾਅਦ ਸਬ ਇੰਸਪੈਕਟਰ ਜਗਦੀਸ਼ ਰਾਜ ਨੇ ਮੁਕੱਦਮਾ ਦਰਜ ਕਰਕੇ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਲੁਟੇਰੇ ਗੱਡੀ ਛੱਡ ਕੇ ਭੱਜਣ ਵਿਚ ਕਾਮਯਾਬ ਹੋ ਗਏ ਸਨ। ਅੱਜ ਪੁਲਸ ਨੇ ਦੋਵਾਂ ਲੁਟੇਰਿਆਂ ਅਮਨਦੀਪ ਸਿੰਘ ਰਿੰਕੂ ਪੁੱਤਰ ਰਾਣਾ ਵਾਸੀ ਮੁਹੱਲਾ ਲਾਂਗੜੀਆਂ, ਗੋਰਾਇਆ ਅਤੇ ਉਸ ਦੇ ਸਾਥੀ ਅਤਵਾਰ ਚੰਦ ਪੁੱਤਰ ਮੋਹਨ ਲਾਲ ਦੋਵਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕੋਲੋਂ ਉਹ ਖਿਡੌਣਾ ਪਿਸਤੌਲ ਬਰਾਮਦ ਕਰ ਲਈ ਜਿਸ ਨੂੰ ਦਿਖਾ ਕੇ ਉਹ ਰਾਹ ਜਾਂਦੇ ਲੋਕਾਂ ਤੋਂ ਗੱਡੀਆਂ ਅਤੇ ਨਕਦਪੀ ਖੋਹ ਲੈਂਦੇ ਸਨ। ਡੀ.ਐੱਸ.ਪੀ. ਨੇ ਦੱਸਿਆ ਕਿ ਫੜੇ ਗਏ ਦੋਸ਼ੀ ਅਮਨਦੀਪ ਸਿੰਘ ਵਿਰੁੱਧ ਪਹਿਲਾਂ ਵੀ ਨਸ਼ਾ ਸਮੱਗਲਿੰਗ ਅਤੇ ਲੁੱਟਖੋਹ ਦੇ 11 ਮੁਕੱਦਮੇ ਦਰਜ ਹਨ।


Gurminder Singh

Content Editor

Related News