ਪੁਲਸ ਦਾ ਕਮਾਲ! ਨਾਜਾਇਜ਼ ਸ਼ਰਾਬ ਦਾ ਵਿਰੋਧ ਕਰਨ ਵਾਲੇ ਨੂੰ ਹੀ ਕੀਤਾ ਗ੍ਰਿਫਤਾਰ

Saturday, Aug 18, 2018 - 01:43 AM (IST)

ਪੁਲਸ ਦਾ ਕਮਾਲ! ਨਾਜਾਇਜ਼ ਸ਼ਰਾਬ ਦਾ ਵਿਰੋਧ ਕਰਨ ਵਾਲੇ ਨੂੰ ਹੀ ਕੀਤਾ ਗ੍ਰਿਫਤਾਰ

ਗੁਰਦਾਸਪੁਰ, (ਹਰਮਨਪ੍ਰੀਤ,ਦੀਪਕ, ਵਿਨੋਦ)- ਪਿੰਡ ਮਾਨ ਕੌਰ ਸਿੰਘ ’ਚ  ਲੰਮੇ ਸਮੇਂ ਤੋਂ ਨਾਜਾਇਜ਼ ਸ਼ਰਾਬ ਦੇ ਚੱਲ ਰਹੇ ਗੋਰਖਧੰਦੇ ਨੂੰ ਰੋਕਣ ਦੀ ਬਜਾਏ ਪੁਲਸ ਵੱਲੋਂ ਸ਼ਰਾਬ  ਕਾਰੋਬਾਰੀਆਂ ਦਾ ਵਿਰੋਧ ਕਰਨ ਵਾਲੇ ਨੌਜਵਾਨ ਨੂੰ ਹੀ ਹਿਰਾਸਤ ’ਚ ਲੈਣ ਕਾਰਨ ਪਿੰਡ ’ਚ ਸਥਿਤੀ ਕਾਫੀ ਤਨਾਅ ਪੂਰਨ ਬਣ ਗਈ। ਪਿੰਡ ਵਾਸੀਆਂ ਦੇ ਗੁੱਸੇ ਨੂੰ ਦੇਖਦਿਆਂ ਆਖਿਰਕਾਰ ਪੁਲਸ ਦੇ ਉੱਚ ਅਧਿਕਾਰੀਆਂ ਨੇ 2 ਏ. ਐੱਸ. ਆਈ. ਨੂੰ ਲਾਈਨ ਹਾਜ਼ਰ ਕਰ ਦਿੱਤਾ ਜਦੋਂਕਿ ਪਿੰਡ ਵਾਸੀਆਂ ਵੱਲੋਂ ਇਨ੍ਹਾਂ ਦੋਵਾਂ ਪੁਲਸ ਅਧਿਕਾਰੀਆਂ ਨੂੰ ਮੁਅੱਤਲ ਨਾ ਕੀਤੇ ਜਾਣ ਦੀ ਸੂਰਤ ’ਚ ਕੱਲ ਆਵਾਜਾਈ ਠੱਪ ਕਰ ਕੇ  ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਜਾਣਕਾਰੀ ਦਿੰਦਿਅਾਂ ਪਿੰਡ ਦੇ ਵਸਨੀਕ ਮਲਕੀਤ ਸਿੰਘ ਮਾਨ ਨੇ ਦੱਸਿਆ ਕਿ ਪਿੰਡ ’ਚ ਲੰਮੇ ਸਮੇਂ ਤੋਂ ਇਕ ਵਿਸ਼ੇਸ਼ ਬਰਾਦਰੀ ਦੇ ਲੋਕ ਕੈਪਸੂਲਾਂ ਤੋਂ ਖਤਰਨਾਕ ਕਿਸਮ ਦੀ ਸ਼ਰਾਬ ਤਿਆਰ ਕਰ ਕੇ ਲੋਕਾਂ ਨੂੰ ਪਿਅਾ ਰਹੇ ਹਨ, ਜਿਸ ਕਾਰਨ ਪਿੰਡ ’ਚ ਨਾ ਸਿਰਫ਼ ਮਾਹੌਲ ਵਿਗਡ਼ਿਆ ਹੋਇਆ ਹੈ ਸਗੋਂ ਸ਼ਰਾਬ ਪੀਣ ਵਾਲੇ ਲੋਕ ਮੌਤ ਦੇ ਮੂੰਹ ’ਚ ਵੀ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਉਨ੍ਹਾਂ ਪਿੰਡ ਵਿਚ ਸੈਮੀਨਾਰ ਕਰਵਾਉਣ ਤੋਂ ਇਲਾਵਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਖਤੀ ਕਰ ਕੇ ਇਸ ਸ਼ਰਾਬ ਦੀ ਵਿਕਰੀ ਨੂੰ ਰੋਕਿਆ ਸੀ। ਇਸ ਕਾਰਨ 2 ਦਿਨ ਪਹਿਲਾਂ ਸ਼ਰਾਬ ਵੇਚਣ ਵਾਲਿਆਂ ਨੇ ਇਕੱਠੇ ਹੋ ਕੇ ਸ਼ਰਾਬ ਦਾ ਵਿਰੋਧ ਕਰਨ ਵਾਲਿਆਂ ਨਾਲ ਰੱਜ ਕੇ ਗਾਲੀ-ਗਲੋਚ ਕੀਤਾ ਅਤੇ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। 
ਉਨ੍ਹਾਂ ਅਾਖਿਅਾ ਕਿ ਇਸ ਸਬੰਧ ਵਿਚ ਉਨ੍ਹਾਂ ਬਕਾਇਦਾ ਸਿਟੀ ਥਾਣਾ ਗੁਰਦਾਸਪੁਰ ਦੀ ਪੁਲਸ ਨੂੰ ਸੂਚਿਤ ਕੀਤਾ ਸੀ, ਜਿਸ ਤੋਂ ਬਾਅਦ ਸਬ-ਇੰਸਪੈਕਟਰ ਮੱਖਣ ਸਿੰਘ ਵੱਲੋਂ ਪਿੰਡ ਦਾ ਦੌਰਾ  ਕੀਤਾ ਗਿਆ  ਪਰ ਪੁਲਸ ਨੇ ਸ਼ਰਾਬ ਵੇਚਣ ਵਾਲਿਆਂ ਅਤੇ ਧਮਕੀਆਂ ਦੇਣ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਏ. ਐੱਸ. ਆਈ. ਬਲਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੇ ਸ਼ਰਾਬ  ਸਮੱਗਲਰਾਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਅੱਜ ਸ਼ਾਮ ਨੂੰ ਪਿੰਡ ਪਹੁੰਚ ਕੇ ਇਕਦਮ ਰਜਿੰਦਰ ਸਿੰਘ ਲਾਡਾ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਜ਼ਬਰਦਸਤੀ ਮੋਟਰਸਾਈਕਲ ’ਤੇ ਬਿਠਾ ਕੇ ਸਿਟੀ ਥਾਣੇ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀਆਂ ਨੇ ਰਸਤੇ ’ਚ ਹੀ ਇਨ੍ਹਾਂ ਨੂੰ ਰੋਕ ਕੇ ਡੀ. ਐੱਸ. ਪੀ. ਸਿਟੀ ਦੇਵ ਦੱਤ ਨੂੰ ਸੂਚਿਤ ਕੀਤਾ, ਜਿਸ ’ਤੇ ਵੱਡੀ ਗਿਣਤੀ ’ਚ ਲੋਕ ਇਕੱਤਰ ਹੋ ਗਏ ਅਤੇ ਉਨ੍ਹਾਂ ਨੇ ਇਨ੍ਹਾਂ ਪੁਲਸ ਵਾਲਿਆਂ ਦਾ ਡਟ ਕੇ ਵਿਰੋਧ ਕੀਤਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੁਲਸ ਦੀ ਇਸ ਕਾਰਵਾਈ ਤੋਂ ਸਿੱਧ ਹੋ ਚੁੱਕਾ ਹੈ ਕਿ ਪੁਲਸ  ਸ਼ਰਾਬ ਵੇਚਣ ਵਾਲਿਆਂ ਨਾਲ ਮਿਲੀ ਹੋਈ ਹੈ, ਜਿਸ ਕਾਰਨ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਨਸ਼ਿਅਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। 

ਕੀ ਕਹਿਣਾ ਹੈ ਡੀ. ਐੱਸ. ਪੀ. ਸਿਟੀ ਦਾ
ਇਸ ਸਬੰਧੀ ਜਦੋਂ ਡੀ. ਐੱਸ. ਪੀ. ਸਿਟੀ ਦੇਵ ਦੱਤ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸਹਾਇਕ ਸਬ-ਇੰਸਪੈਕਟਰਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ  ਹੈ ਕਿਉਂਕਿ ਇਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਡੀ. ਐੱਸ. ਪੀ. ਨੇ ਕਿਹਾ ਕਿ  ਪਿੰਡ ਵਿਚ ਸ਼ਰਾਬ ਵੇਚਣ ਵਾਲਿਆਂ ਦੇ ਘਰ ਵੀ ਪੁਲਸ ਨੇ ਛਾਪੇਮਾਰੀ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਵੀ ਪੂਰੀ ਸਖਤੀ ਨਾਲ ਇਸ ਪਿੰਡ ’ਚ ਸ਼ਰਾਬ ਜਾਂ ਕਿਸੇ ਕਿਸਮ ਦਾ ਨਸ਼ਾ ਵਿਕਣ ਨਹੀਂ ਦਿੱਤਾ ਜਾਵੇਗਾ।


Related News