ਪਾਤੜਾਂ ਪੁਲਸ ਨੇ ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
Saturday, Apr 23, 2022 - 03:58 PM (IST)
ਪਾਤੜਾਂ (ਅਡਵਾਨੀ) : ਪਾਤੜਾਂ ਸਦਰ ਥਾਣਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਾੜੇ ਅਨਸਰਾਂ ਦੀ ਤਲਾਸ਼ ਵਿਚ ਪੁਲਸ ਅਫਸਰ ਗਸ਼ਤ ਕਰ ਰਹੇ ਸਨ ਤਾਂ ਗਿਆਰਾਂ ਕਿੱਲੇ ਬਾਈਪਾਸ ਨੇੜੇ ਲਗਜ਼ਰੀ ਗੱਡੀਆਂ ਚੋਰੀ ਕਰਕੇ ਵੇਚਣ ਵਾਲੇ ਦੋ ਵਿਅਕਤੀ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਦੋ ਗੱਡੀਆਂ ਵੇਚਣ ਦੇ ਮਕਸਦ ਨਾਲ ਇਥੇ ਖੜ੍ਹੇ ਸਨ। ਇਸ ਦੌਰਾਨ ਉਨ੍ਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੱਤਾ ਲੱਗਾ ਕਿ ਉਨ੍ਹਾਂ ਕੋਲ ਜਿਹੜੀਆਂ ਦੋ ਗੱਡੀਆਂ ਹਨ ਉਹ ਚੋਰੀ ਦੀਆਂ ਹਨ, ਜਿਸ ’ਤੇ ਕਾਰਵਾਈ ਕਰਦਿਆਂ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ ਗਿਆ ਤਾਂ ਪੁੱਛਗਿੱਛ ਦੌਰਾਨ ਇਸ ਗਿਰੋਹ ਦੇ ਦੋ ਹੋਰ ਮੈਂਬਰਾਂ ਦਾ ਖੁਲਾਸਾ ਹੋਇਆ। ਇਸ ਸੰਬੰਧੀ ਡੀ. ਐੱਸ. ਪੀ. ਪਾਤੜਾਂ ਰਸ਼ਪਾਲ ਸਿੰਘ ਅਤੇ ਸਦਰ ਥਾਣਾ ਦੇ ਮੁਖੀ ਇੰਦਰਪਾਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਰਾਜਬੀਰ ਸਿੰਘ ਮਾੜੇ ਅਨਸਰਾਂ ਦੀ ਤਲਾਸ਼ ਵਿਚ 90 ਫੁੱਟੀ ਤੋਂ ਗਿਆਰਾਂ ਕਿੱਲੇ ਬਾਈਪਾਸ ਦੇ ਨੇੜੇ ਜਾ ਰਹੇ ਸਨ ਦੋ ਅਣਪਛਾਤੇ ਵਿਅਕਤੀ ਦੋ ਕਾਰਾਂ ਲੈ ਕੇ ਖੜ੍ਹੇ ਸਨ, ਉਨ੍ਹਾਂ ਦੀ ਤਲਾਸ਼ੀ ਅਤੇ ਕਾਗਜ਼ ਚੈੱਕ ਕਰਨ ’ਤੇ ਉਨ੍ਹਾਂ ਵੱਲੋਂ ਕੋਈ ਵੀ ਸਪੱਸ਼ਟੀਕਰਨ ਨਾ ਦੇਣ ’ਤੇ ਉਹ ਗੱਡੀਆਂ ਚੋਰੀ ਦੀਆਂ ਬਰਾਮਦ ਕੀਤੀਆਂ ਗਈਆਂ।
ਇਹ ਗੱਡੀਆਂ ਸਵਿਫਟ ਐੱਚ. ਆਰ. 08 ਐਕਸ 8693 ਅਤੇ ਦੂਜੀ ਬਰੀਜ਼ਾ ਪੀ. ਬੀ. 91ਈ 9018 ਹੈ। ਮੁਲਜ਼ਮਾਂ ਨਿਖਿਲ ਗੋਇਲ ਪੁੱਤਰ ਅਸ਼ੋਕ ਕੁਮਾਰ ਸੁੰਦਰ ਬਸਤੀ ਪਾਤੜਾਂ ਅਤੇ ਪ੍ਰੇਮ ਸਿੰਗਲਾ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਜਸਬੀਰ ਸਿੰਘ ਵਾਸੀ ਸੰਗਰੂਰ ਸੁਖਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਕਲਵਾਣੂ ਬਾਰੇ ਵੀ ਪਤਾ ਲੱਗਾ ਹੈ ਜੋ ਕਿ ਇਸ ਗਿਰੋਹ ਦੇ ਮੈਂਬਰ ਹਨ। ਇੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਗਿਰੋਹ ਗੱਡੀ ਚੋਰੀਆਂ ਕਰਕੇ ਜਾਅਲੀ ਆਰਸੀਆਂ ਅਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਭੋਲੇ-ਭਾਲੇ ਲੋਕਾਂ ਵੇਚ ਦਿੰਦਾ ਸੀ।