ਪੈਸੇ ਹੜੱਪਣ ਲਈ ਬਣਾਈ ਕਹਾਣੀ, ਪੁਲਸ ਨੇ ਇੰਝ ਭੰਨਿਆ ਝੂਠ ਦਾ ਭਾਂਡਾ

Tuesday, Feb 25, 2020 - 06:26 PM (IST)

ਪੈਸੇ ਹੜੱਪਣ ਲਈ ਬਣਾਈ ਕਹਾਣੀ, ਪੁਲਸ ਨੇ ਇੰਝ ਭੰਨਿਆ ਝੂਠ ਦਾ ਭਾਂਡਾ

ਮਾਨਸਾ (ਸੰਦੀਪ ਮਿੱਤਲ) : ਮਾਨਸਾ ਪੁਲਸ ਨੇ ਹਫਤਾਵਾਰੀ ਕਿਸ਼ਤਾਂ 'ਚ ਇਕੱਠੀ ਕੀਤੀ ਨਗਦੀ ਹੜੱਪਣ ਦੀ ਨੀਅਤ ਨਾਲ ਝੂਠੀ ਕਹਾਣੀ ਬਣਾ ਕੇ ਮੁਕੱਦਮਾ ਦਰਜ ਕਰਵਾਉਣ 'ਤੇ 2 ਵਿਅਕਤੀਆਂ ਨੂੰ ਮੋਟਰਸਾਇਕਲ ਸਮੇਤ ਕਾਬੂ ਕਰ ਲਿਆ ਹੈ। ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਸ ਮਾਮਲੇ 'ਚ ਸ਼ਾਮਲ ਮੇਵਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪੰਧੇਰ ਨੇ ਮਿਤੀ 24 ਫਰਵਰੀ 2020 ਨੂੰ ਥਾਣਾ ਭੀਖੀ ਵਿਖੇ ਆਪਣਾ ਬਿਆਨ ਲਿਖਵਾਇਆ ਕਿ ਉਸਦੇ ਪਿੰਡ ਦੇ ਕਰੀਬ 14/15 ਵਿਅਕਤੀਆਂ ਨੇ ਸੁਭ-ਲਕਸ਼ਮੀ ਕੰਪਨੀ ਪਾਸੋਂ ਕਰਜ਼ੇ ਲਏ ਹੋਏ ਹਨ ਅਤੇ ਕਰਜ਼ੇ ਦੀ ਹਫਤਾਵਰੀ ਕਿਸ਼ਤ 41,400/-ਰੁਪਏ ਇਕੱਠੀ ਕਰਕੇ ਹੈਂਡ-ਬੈਗ ਵਿਚ ਪਾ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੀਖੀ ਦਫਤਰ ਵਿਖੇ ਜਮ੍ਹਾਂ ਕਰਾਉਣ ਲਈ ਜਾ ਰਿਹਾ ਸੀ। ਜਦੋਂ ਉਹ ਪਿੰਡ ਮੱਤੀ ਸੂਏ ਦੇ ਨਜ਼ਦੀਕ ਪੁੱਜਿਆ ਤਾਂ ਸਾਹਮਣੇ ਤੋਂ ਬੁਲਟ ਮੋਟਰਸਾਈਕਲ ਸਵਾਰ 2 ਨਾਮਲੂਮ ਵਿਅਕਤੀਆਂ ਨੇ ਉਸਨੂੰ ਹੱਥ ਦੇ ਕੇ ਰੋਕਿਆ ਅਤੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਪੈਸਿਆਂ ਵਾਲਾ ਹੈਂਡ-ਬੈਗ ਖੋਹ ਕੇ ਫਰਾਰ ਗਏ। ਮੁਦਈ ਦੇ ਬਿਆਨ 'ਤੇ ਨਾਮਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ ਅ/ਧ 379-ਬੀ. ਤਹਿਤ ਥਾਣਾ ਭੀਖੀ ਦਰਜ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਥਾਣਾ ਭੀਖੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਬਾਰੀਕੀ ਨਾਲ ਜਾਂਚ ਕੀਤੀ ਤਾਂ ਮਾਮਲਾ ਸ਼ੱਕੀ ਲੱਗਿਆ। ਇਸ ਜਾਂਚ ਦੌਰਾਂਨ ਇਹ ਗੱਲ ਸਾਹਮਣੇ ਆਈ ਕਿ ਮੁਦੱਈ ਮੁਕੱਦਮਾ ਪਾਸ ਜ਼ਮੀਨ ਜਾਇਦਾਦ ਨਾ ਹੋਣ ਕਰਕੇ ਉਸਨੇ ਆਪਣੇ ਸਾਥੀ ਇੰਦਰਜੀਤ ਸਿੰਘ ਪੁੱਤਰ ਸੁਖਜੀਵਨ ਸਿੰਘ ਵਾਸੀ ਪੰਧੇਰ ਨਾਲ ਸਲਾਹ-ਮਸ਼ਵਰਾ ਕਰਕੇ ਹਫਤਾਵਰੀ ਕਿਸ਼ਤਾਂ ਦੀ ਰਕਮ ਹੜੱਪ ਕਰਨ ਲਈ ਆਪਣੇ ਕੱਪੜਿਆਂ 'ਤੇ ਮਿਰਚਾਂ ਛਿੜਕ ਕੇ ਝੂਠੀ ਕਹਾਣੀ ਬਣਾਈ। ਪੁਲਸ ਨੇ ਉਕਤ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News