ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ 3 ਦੋਸ਼ੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ
Monday, Aug 24, 2026 - 05:52 PM (IST)
ਫਿਰੋਜ਼ਪੁਰ (ਕੁਮਾਰ, ਸੋਨੂੰ) : ਜ਼ਿਲ੍ਹਾ ਫਿਰੋਜ਼ਪੁਰ ਵਿਚ ਨਸ਼ੇ ਵਿਰੁੱਧ ਚਲਾਏ ਗਏ ਅਭਿਆਨ ਤਹਿਤ ਥਾਣਾ ਸਦਰ ਫਿਰੋਜ਼ਪੁਰ, ਥਾਣਾ ਤਲਵੰਡੀ ਭਾਈ ਅਤੇ ਥਾਣਾ ਮੱਖੂ ਦੀ ਪੁਲਸ ਨੇ 3 ਦੋਸ਼ੀਆਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਸਦਰ ਫਿਰੋਜ਼ਪੁਰ ਦੇ ਏ.ਐਸ.ਆਈ ਸੁਖਬੀਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਦੀ ਪੁਲਸ ਪਾਰਟੀ ਵੱਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ ''ਤੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਬਿੱਟੂ ਪੁੱਤਰ ਪੱਪੂ ਨੂੰ ਪੁਰਾਣੇ ਐੱਸ.ਡੀ.ਐੱਮ ਦਫ਼ਤਰ ਦੇ ਕੋਲ ਕਾਬੂ ਕੀਤਾ ਗਿਆ ਜਿਸਦੀ ਤਲਾਸ਼ੀ ਲੈਣ ''ਤੇ 4.55 ਗ੍ਰਾਮ ਹੈਰੋਇਨ ਅਤੇ 50 ਹਜ਼ਾਰ ਦੀ ਡਰੱਗ ਮਨੀ ਬਰਾਮਦ ਹੋਈ।
ਦੂਜੇ ਪਾਸੇ ਥਾਣਾ ਤਲਵੰਡੀ ਭਾਈ ਦੇ ਏ.ਐੱਸ.ਆਈ ਸੁਦੇਸ਼ ਕੁਮਾਰ ਨੇ ਦੱਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਦੀ ਪੁਲਸ ਪਾਰਟੀ ਵੱਲੋਂ ਦੋਸ਼ੀ ਗੁਰਵਿੰਦਰ ਪੁੱਤਰ ਬਾਜ ਸਿੰਘ ਨੂੰ ਸ਼ੱਕ ਦੇ ਆਧਾਰ ''ਤੇ ਕਾਬੂ ਕਰਕੇ ਉਸ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉੱਥੇ ਹੀ ਥਾਣਾ ਮੱਖੂ ਦੇ ਏ.ਐੱਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਦੀ ਪੁਲਸ ਪਾਰਟੀ ਨੂੰ ਇਕ ਸ਼ੱਕੀ ਨੌਜਵਾਨ ਖੜ੍ਹਾ ਹੋਇਆ ਦਿਖਾਈ ਦਿੱਤਾ ਜਿਸਨੂੰ ਸ਼ੱਕ ਦੇ ਆਧਾਰ ''ਤੇ ਕਾਬੂ ਕਰਕੇ ਜਦੋਂ ਪੁਲਸ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਪੁਲਸ ਪਾਰਟੀ ਨੂੰ ਆਪਣਾ ਨਾਮ ਵਿਲਸਨ ਉਰਫ਼ ਗੀਟਨ ਦੱਸਿਆ ਜਿਸਦੀ ਤਲਾਸ਼ੀ ਲੈਣ ''ਤੇ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਹੈਰੋਇਨ ਸਮੇਤ ਫੜੇ ਗਏ ਦੋਸ਼ੀਆਂ ਖ਼ਿਲਾਫ਼ ਪੁਲਸ ਵੱਲੋਂ ਸਬੰਧਤ ਥਾਣਿਆਂ ਵਿਚ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
