ਅੰਮ੍ਰਿਤਸਰ ਪੁਲਸ ਨੂੰ ਜਦੋਂ ਵੀ ਹੋਰ ਫੋਰਸ ਦੀ ਜ਼ਰੂਰਤ ਪਵੇਗੀ, ਮੁਹੱਈਆ ਕਰਾਂਗੇ : ਡੀ. ਜੀ. ਪੀ.
Sunday, Nov 05, 2017 - 09:13 AM (IST)
ਅੰਮ੍ਰਿਤਸਰ (ਸੰਜੀਵ) - ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਅੱਜ ਸਵੇਰੇ ਹਿੰਦੂ ਸੰਘਰਸ਼ ਸੈਨਾ ਦੇ ਜ਼ਿਲਾ ਪ੍ਰਧਾਨ ਵਿਪਨ ਸ਼ਰਮਾ ਦੇ ਪਰਿਵਾਰ ਨੂੰ ਮਿਲੇ, ਜਿਥੇ ਉਨ੍ਹਾਂ ਨੇ ਇਸ ਦੁੱਖ ਦੀ ਘੜੀ 'ਚ ਉਨ੍ਹਾਂ ਨਾਲ ਦੁੱਖ ਪ੍ਰਗਟ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਪੁਲਸ ਦੀਆਂ ਵਿਸ਼ੇਸ਼ ਟੀਮਾਂ ਹਤਿਆਰਿਆਂ ਦੀ ਗ੍ਰਿਫਤਾਰੀ ਵਿਚ ਜੁਟੀਆਂ ਹੋਈਆਂ ਹਨ ਅਤੇ ਬਹੁਤ ਛੇਤੀ ਉਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ। ਇਸ ਉਪਰੰਤ ਡੀ. ਜੀ. ਪੀ. ਭਾਰਤ ਨਗਰ ਸਥਿਤ ਉਸ ਥਾਂ 'ਤੇ ਗਏ ਜਿਥੇ ਹਤਿਆਰਿਆਂ ਨੇ ਬੜੀ ਬੇਰਹਿਮੀ ਨਾਲ ਹਿੰਦੂ ਨੇਤਾ ਵਿਪਨ ਸ਼ਰਮਾ ਦੀ ਹੱਤਿਆ ਕੀਤੀ ਸੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੁਲਸ ਨੂੰ ਜਦੋਂ ਵੀ ਹੋਰ ਫੋਰਸ ਦੀ ਜ਼ਰੂਰਤ ਪਵੇਗੀ ਉਹ ਉਸ ਨੂੰ ਮੁਹੱਈਆ ਕਰਵਾਉਣਗੇ ਤਾਂ ਕਿ ਅਪਰਾਧਿਕ ਵਾਰਦਾਤਾਂ 'ਤੇ ਪੂਰੀ ਤਰ੍ਹਾਂ ਨਕੇਲ ਕੱਸੀ ਜਾ ਸਕੇ।
ਸਾਨੂੰ ਨਹੀਂ ਪਤਾ ਪੁਲਸ ਕਿਉਂ ਇਸ ਹੱਤਿਆ ਕਾਂਡ ਨੂੰ ਗੈਂਗਸਟਰਾਂ ਨਾਲ ਜੋੜ ਰਹੀ ਏ : ਪੀੜਤ ਪਰਿਵਾਰ
ਸਾਨੂੰ ਨਹੀਂ ਪਤਾ ਕਿ ਪੁਲਸ ਕਿਉਂ ਇਸ ਹੱਤਿਆ ਕਾਂਡ ਨੂੰ ਗੈਂਗਸਟਰਾਂ ਨਾਲ ਜੋੜ ਕੇ ਦੇਖ ਰਹੀ ਹੈ। ਇਹ ਕਹਿਣਾ ਹੈ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਪਰਿਵਾਰ ਦਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਵਿਪਨ ਸ਼ਰਮਾ 'ਤੇ ਅੱਜ ਤੱਕ ਨਾ ਕੋਈ ਮਾਮਲਾ ਦਰਜ ਹੋਇਆ ਤੇ ਨਾ ਹੀ ਕਦੇ ਉਨ੍ਹਾਂ ਦੀ ਲੜਾਈ ਹੋਈ ਤਾਂ ਫਿਰ ਉਨ੍ਹਾਂ ਦੀ ਕਿਸੇ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ। ਅੱਜ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਉਨ੍ਹਾਂ ਦੇ ਘਰ ਆਏ ਸਨ, ਜਿਨ੍ਹਾਂ ਨੇ ਛੇਤੀ ਹੀ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਭਰੋਸਾ ਦਿੱਤਾ ਹੈ। ਪਰਿਵਾਰ ਨੇ ਇਹ ਵੀ ਕਿਹਾ ਕਿ ਡੀ. ਜੀ. ਪੀ. ਉਨ੍ਹਾਂ ਨੂੰ ਇਹ ਵੀ ਭਰੋਸਾ ਦੇ ਕੇ ਗਏ ਹਨ ਕਿ ਵਿਪਨ ਸ਼ਰਮਾ ਦੇ ਬੱਚਿਆਂ ਨੂੰ ਸਰਕਾਰ ਤੋਂ ਨੌਕਰੀ ਦਿਵਾਈ ਜਾਵੇਗੀ।
