ਨਸ਼ੇ ਦੇ ਖਾਤਮੇ ਲਈ ਪੁਲਸ ਦੇ ਕਦਮ ਨਾਲ ਕਦਮ ਮਿਲਾਉਣ ਲੋਕ : ਭਾਰਗਵ
Monday, Aug 12, 2019 - 06:48 PM (IST)

ਮਾਨਸਾ/ਬੁਢਲਾਡਾ (ਮਿੱਤਲ/ਮਨਜੀਤ) : ਐੱਸ.ਐੱਸ.ਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀ.ਜੀ.ਪੀ ਦਿਨਕਰ ਗੁਪਤਾ ਅਤੇ ਐੱਸ.ਐੱਫ.ਟੀ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਸੂਬੇ ਭਰ ਵਿਚੋਂ ਨਸ਼ੇ ਦੀ ਲਾਹਨਤ ਨੂੰ ਜੜ੍ਹੋਂ ਪੁੱਟ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਲਿਆ ਹੈ। ਇਸੇ ਹੀ ਕੜੀ ਤਹਿਤ ਮਾਨਸਾ ਪੁਲਸ ਨੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਖਾਸ ਮੁਹਿੰਮ ਵਿੱਢੀ ਹੈ। ਲੋਕਾਂ ਨੂੰ ਇਨਸਾਫ ਦੇਣ ਦੇ ਨਾਲ-ਨਾਲ ਨਸ਼ੇ ਦੇ ਖਿਲਾਫ ਰਹੇਗੀ। ਉਨ੍ਹਾਂ ਅੱਜ ਪਿੰਡ ਨਰਿੰਦਰਪੁਰਾ ਵਿਖੇ ਆਮ ਲੋਕਾਂ ਅਤੇ ਪੰਚਾਇਤੀ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਨਸ਼ੇ ਦੇ ਖਿਲਾਫ ਪੁਲਸ ਦਾ ਸਹਿਯੋਗ ਕਰਨ, ਪੁਲਸ ਤੁਹਾਡੇ ਨਾਲ ਵਾਅਦਾ ਕਰਦੀ ਹੈ ਕਿ ਇਸ ਪਿੰਡ ਵਿਚ ਕੋਈ ਨਸ਼ਾ ਤਸਕਰ ਪੈਰ ਨਹੀਂ ਰੱਖ ਸਕੇਗਾ। ਉਨ੍ਹਾਂ ਕਿਹਾ ਕਿ ਪਿੰਡ ਦੇ ਕੁਝ ਵਿਅਕਤੀ ਹੀ ਪੁਲਸ ਨਾਲ ਇਸ ਮੁਹਿੰਮ ਵਿਚ ਮੋਢੇ ਨਾਲ ਮੋਢਾ ਲਾ ਕੇ ਚੱਲਣ। ਫਿਰ ਤੁਸੀਂ ਆਉਣ ਵਾਲੇ ਦਿਨਾਂ ਵਿਚ ਦੇਖੋਗੇ ਨਸ਼ੇ ਦਾ ਪੂਰੇ ਪਿੰਡ ਵਿਚੋਂ ਨਾਮੋ-ਨਿਸ਼ਾਨ ਨਜ਼ਰ ਨਹੀਂ ਆਵੇਗਾ।
ਉਨ੍ਹਾਂ ਕਿਹਾ ਕਿ ਨਸ਼ਾ ਇਕ ਸਮਾਜਿਕ ਬੁਰਾਈ ਹੈ। ਸਰਕਾਰ ਨੇ ਨਸ਼ੇ ਖਿਲਾਫ ਵਿਸ਼ੇਸ਼ ਤੌਰ 'ਤੇ ਇਕ ਅਭਿਆਨ ਸ਼ੁਰੂ ਕੀਤਾ ਹੋਇਆ ਹੈ। ਜਿਸ ਵਿਚ ਪੁਲਸ ਦਾ ਹੀ ਨਹੀਂ ਸਗੋਂ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਨਸ਼ੇ ਖਿਲਾਫ ਪੁਲਸ ਨੂੰ ਦਿਲ ਖੋਲ੍ਹ ਕੇ ਸਹਿਯੋਗ ਦੇਵੇ। ਜੇਕਰ ਤੁਹਾਨੂੰ ਕਿਸੇ ਵੱਡੇ ਨਸ਼ਾ ਤਸਕਰ ਬਾਰੇ ਜਾਣਕਾਰੀ ਜਾਂ ਸੂਚਨਾ ਮਿਲਦੀ ਹੈ ਤਾਂ ਤੁਰੰਤ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ। ਇਸ ਹਾਲਤ ਵਿਚ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ। ਭਾਰਗਵ ਨੇ ਕਿਹਾ ਕਿ ਪੁਲਸ ਆਮ ਲੋਕਾਂ ਦੀ ਸੁਰੱਖਿਆ ਅਤੇ ਰਖਵਾਲੀ ਲਈ ਹੈ। ਉਨ੍ਹਾਂ ਕਿਹਾ ਕਿ ਇਸ ਪਿੰਡ ਤੋਂ ਜ਼ਿਲੇ ਭਰ ਵਿਚ ਨਸ਼ੇ ਦੇ ਖਾਤਮੇ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਿੰਡ ਵਿਚ ਨਸ਼ਾ ਖਾਤਮੇ ਦੀ ਮੁਹਿੰਮ ਦਾ ਸਮਾਪਣ ਕੀਤਾ ਜਾਵੇਗਾ।