ਪਟਿਆਲਾ ਪੁਲਸ ਦੀ ਵੱਡੀ ਪ੍ਰਾਪਤੀ, ਭਾਰੀ ਮਾਤਰਾ ''ਚ ਨਸ਼ੀਲੇ ਪਦਾਰਥਾਂ ਸਣੇ ਚਾਰ ਗ੍ਰਿਫਤਾਰ
Tuesday, Nov 17, 2020 - 06:10 PM (IST)
ਪਟਿਆਲਾ/ਘਨੌਰ (ਬਲਜਿੰਦਰ, ਅਲੀ) : ਪਟਿਆਲਾ ਪੁਲਸ ਵੱਲੋਂ ਇਕ ਵੱਡੀ ਕਾਰਵਾਈ ਵਿਚ 27 ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਟੀਕਿਆਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਸ਼ੰਭੂ ਪੁਲਸ ਨੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਜਿਨ੍ਹਾਂ ਵਿਚ ਪਹਿਲੇ ਮਾਮਲੇ ਵਿਚ ਸਮਸ਼ਾਦ ਅਲੀ ਪੁੱਤਰ ਮੁਹੰਮਦ ਸਦੀਕ ਵਾਸੀ ਭੈਣੀ ਵਾਲੀ ਗਲੀ ਜਰਗ ਚੌਂਕ ਮਲੇਰ ਕੋਟਲਾ ਅਤੇ ਮੁਹੰਮਦ ਸਾਹਿਦ ਪੁੱਤਰ ਮੁਹੰਮਦ ਇਸਾਕ ਵਾਸੀ ਈਦ ਵਾਲਾ ਰੋਡ ਨੇੜੇ ਰਾਏ ਕੋਟ ਫਾਟਕ ਮਲੇਰਕੋਟਲਾ ਨੂੰ ਗ੍ਰਿਫ਼ਤਾਰ ਹਨ। ਜਿਨ੍ਹਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ ਥਾਣਾ ਸ਼ੰਭੂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਰਾਜਪੁਰਾ ਰੂਰਲ ਡੀ.ਐਸ.ਪੀ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਐਸ.ਐਸ.ਪੀ. ਵਿਕਰਮਜੀਤ ਦੁੱਗਲ ਅਤੇ ਐਸ.ਪੀ. ਡੀ. ਹਰਮੀਤ ਸਿੰਘ ਹੁੰਦਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਥਾਣਾ ਸ਼ੰਭੂ ਦੇ ਐੱਸ.ਐੱਚ.ਓ. ਗੁਰਮੀਤ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਮਹਿੰਦਰਾ ਪਿਕਅਪ ਵਿਚ ਸਵਰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ 27 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਡੀ.ਐੱਸ.ਪੀ ਟਿਵਾਣਾ ਨੇ ਦੱਸਿਆ ਕਿ ਇਕ ਹੋਰ ਮਾਮਲੇ ਵਿਚ ਲਵਕੁਸ਼ ਕੁਮਾਰ ਪੁੱਤਰ ਹਰੀ ਰਾਏ ਅਤੇ ਸਚਿਨ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀਆਨ ਨੇੜੇ ਨਵਾਪੁਲ ਬਾਹਮਣ ਮਾਜਰਾ ਥਾਣਾ ਸਰਹੰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 50 ਨਸ਼ੀਲੇ ਟੀਕੇ ਅਤੇ 50 ਨਸ਼ੀਲੀਆ ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ। ਇਨ੍ਹਾਂ ਖ਼ਿਲਾਫ਼ ਵੀ ਐੱਨ.ਡੀ.ਪੀ.ਐਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।