ਮੋਹਾਲੀ ਪੁਲਸ ਨੂੰ ਮਿਲੀ ਵੱਡੀ ਸਫਲਤਾ, ਨਾਕੇ ਦੌਰਾਨ 6 ਵਿਅਕਤੀਆਂ ਨੂੰ ਅਸਲੇ ਸਮੇਤ ਕੀਤਾ ਗ੍ਰਿਫ਼ਤਾਰ
Saturday, Sep 10, 2022 - 06:17 PM (IST)

ਮੋਹਾਲੀ (ਪਰਦੀਪ) : ਜ਼ਿਲ੍ਹਾ ਮੋਹਾਲੀ ਦੇ ਐੱਸ. ਐੱਸ. ਪੀ. ਵਿਵੇਕ ਸ਼ੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ. ਪੀ. ਐੱਸ., ਐੱਸ. ਪੀ. (ਦਿਹਾਤੀ) ਨਵਰੀਤ ਸਿੰਘ ਵਿਰਕ, ਪੀ. ਪੀ. ਐੱਸ., ਡੀ. ਐੱਸ. ਪੀ. ਖਰੜ-1 ਰੁਪਿੰਦਰਦੀਪ ਕੌਰ ਸੋਹੀ ਅਤੇ ਮੁੱਖ ਅਫਸਰ ਥਾਣਾ ਬਲੌਂਗੀ ਇੰਸਪੈਕਟਰ ਪੈਰੀਵਿੰਕਲ ਗਰੇਵਾਲ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ, ਲੁੱਟਾ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਸ: ਥ: ਬਵਿੰਦਰ ਕੁਮਾਰ ਵਲੋਂ ਮੁਖਬਰੀ ਦੇ ਆਧਾਰ ’ਤੇ ਧਾਰਾ-25,54,59 ਅਸਲਾ ਐਕਟ ਅਧੀਨ ਥਾਣਾ ਬਲੌਂਗੀ ਵਿਚ ਸਿਮਰਨਜੀਤ ਸਿੰਘ ਪੁੱਤਰ ਬਲਵੀਰ ਸਿੰਘ, ਗੁਰਪ੍ਰਤਾਪ ਸਿੰਘ ਪੁੱਤਰ ਜਤਿੰਦਰ ਸਿੰਘ ਅਤੇ ਜਸਮੀਤ ਸਿੰਘ ਪੁੱਤਰ ਜਤਿੰਦਰ ਸਿੰਘ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਸ ਕਪਤਾਨ ਸੋਨੀ ਨੇ ਦੱਸਿਆ ਤਫਤੀਸ਼ ਦੌਰਾਨ ਸ: ਥ: ਬਵਿੰਦਰ ਕੁਮਾਰ ਸਮੇਤ ਪੁਲਸ ਪਾਰਟੀ ਵਲੋਂ ਬਲੌਂਗੀ ਪੁੱਲ ’ਤੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਚੈਕਿੰਗ ਦੌਰਾਨ ਸਪਾਈਸ ਲਾਈਟਾਂ ਮੋਹਾਲੀ ਸਾਈਡ ਤੋਂ ਆਉਂਦੀ ਇਕ ਜੈਟਾ ਗੱਡੀ ਨੰਬਰ ਪੀ. ਬੀ.-10 ਐੱਫ. ਈ.-3572 ਨੂੰ ਚੈੱਕ ਕਰਨ ਲਈ ਰੋਕਿਆ ਤਾਂ ਕਾਰ ਚਾਲਕ ਨੇ ਗੱਡੀ ਨੂੰ ਪਿੱਛੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਸਾਥੀ ਮੁਲਾਜ਼ਮਾਂ ਦੀ ਮੱਦਦ ਨਾਲ ਰੋਕ ਕੇ ਚੈੱਕ ਕੀਤਾ ਤਾਂ ਗੱਡੀ ਵਿਚੋਂ ਚੈਕਿੰਗ ਦੌਰਾਨ ਉਕਤ ਮੁਲਜ਼ਮਾਂ ਪਾਸੋਂ 2 ਦੇਸੀ ਪਿਸਟਲ 32 ਬੋਰ ਮੈਗਜ਼ੀਨ ਲੱਗੇ ਹੋਏ ਸਮੇਤ 8 ਕਾਰਤੂਸ ਜਿੰਦਾ ਅਤੇ 1 ਖਾਲ੍ਹੀ ਮੈਗਜ਼ੀਨ ਬਰਾਮਦ ਹੋਣ ’ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਤੋਂ ਪੁੱਛਗਿੱਛ ਕਰਨ ’ਤੇ ਤਿੰਨ ਹੋਰ ਮੁਲਜ਼ਮਾਂ ਭੁਪਿੰਦਰ ਸਿੰਘ ਪੁੱਤਰ ਕਪੂਰ ਸਿੰਘ, ਗੁਲਜਾਰ ਖਾਨ ਪੁੱਤਰ ਫਤਿਹ ਮੁਹੰਮਦ ਅਤੇ ਲਖਨਦੀਪ ਸਿੰਘ ਪੁੱਤਰ ਸਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ 2 ਦੇਸੀ ਪਿਸਟਲ ਮੈਗਜ਼ੀਨ ਲੱਗੇ ਹੋਏ ਅਤੇ ਇਕ ਖਾਲੀ ਮੈਗਜ਼ੀਨ ਅਤੇ 6 ਕਾਰਤੂਸ ਜਿੰਦਾ ਬਰਾਮਦ ਹੋਏ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਸਿਮਰਨਜੀਤ ਸਿੰਘ ਪਿੰਡ ਮੁਗਲ ਚੱਕ ਗਿੱਲ ਥਾਣਾ ਸਦਰ ਤਰਨਤਾਰਨ ’ਤੇ ਧਾਰਾ-397,307,511,506 ਆਈ. ਪੀ. ਸੀ. ਅਤੇ 25/54/59 ਅਸਲਾ ਐਕਟ ਥਾਣਾ ਸਿਟੀ ਤਰਨਤਾਰਨ ਵੀ ਦਰਜ ਹੈ ਅਤੇ ਮੁਲਜ਼ਮ ਲਖਨਦੀਪ ਸਿੰਘ ਵਾਸੀ ਪਿੰਡ ਠੇਠਰਕੇ ਡੇਰਾ ਬਾਬਾ ਨਾਨਕ ਜ਼ਿਲਾ ਗੁਰਦਾਸਪੁਰ ’ਤੇ ਥਾਣਾ ਸਦਰ ਪਟਿਆਲਾ ਅਤੇ ਅਸਲਾ ਐਕਟ ਥਾਣਾ ਡਵੀਜਨ ਨੰ-6 ਜਲੰਧਰ ਵੀ ਮਾਮਲਾ ਦਰਜ ਹੈ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।