ਜ਼ਹਿਰੀਲੀ ਸ਼ਰਾਬ ਮਾਮਲੇ ''ਚ ਹੁਣ ਤੱਕ 54 ਗ੍ਰਿਫ਼ਤਾਰੀਆਂ, 13 ਹੋਰ ਸ਼ੱਕੀਆਂ ਦੀ ਸ਼ਨਾਖ਼ਤ
Saturday, Aug 08, 2020 - 10:15 AM (IST)
ਚੰਡੀਗੜ੍ਹ : ਪੰਜਾਬ ਪੁਲਸ ਨੇ ਸ਼ੁੱਕਰਵਾਰ ਨੂੰ ਸ਼ਰਾਬ ਦੁਖਾਂਤ 'ਚ ਸ਼ਾਮਲ ਫ਼ਰਾਰ ਦੋ ਮੁੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਇਸ ਕੇਸ 'ਚ ਸਾਰੇ ਸਰਗਣਾਵਾਂ ਖਿਲਾਫ਼ ਦਰਜ ਮੁਕੱਦਮੇ 'ਚ ਕਤਲ ਦੇ ਦੋਸ਼ ਤੈਅ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਮੁਤਾਬਕ ਸਰਗਣਾਵਾਂ ਵਿਰੁੱਧ ਮੁਕੱਦਮਿਆਂ 'ਚ ਆਈ. ਪੀ. ਸੀ ਦੀ ਧਾਰਾ-302 ਸ਼ਾਮਲ ਕੀਤੀ ਗਈ ਹੈ, ਜੋ ਕਿ ਤਿੰਨ ਜ਼ਿਲ੍ਹਿਆਂ 'ਚ 113 ਵਿਅਕਤੀਆਂ ਦੀ ਮੌਤ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ : 'ਪ੍ਰੇਮ ਵਿਆਹ' ਕਰਕੇ ਵਸਾਈ ਸੀ ਨਵੀਂ ਦੁਨੀਆ, 2 ਮਹੀਨਿਆਂ ਬਾਅਦ ਹੋਇਆ ਦੁਖ਼ਦਾਈ ਅੰਤ
ਪੰਡੋਰੀ ਗੋਲਾ ਦੇ ਰਹਿਣ ਵਾਲੇ ਪਿਉ-ਪੁੱਤਰ ਹਰਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਦੀ ਗ੍ਰਿਫ਼ਤਾਰੀ ਨਾਲ ਇਸ ਮਾਮਲੇ 'ਚ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 54 ਹੋ ਗਈ ਹੈ। ਹੁਣ ਤਰਨਤਾਰਨ 'ਚ 37, ਅੰਮ੍ਰਿਤਸਰ ਦਿਹਾਤੀ 'ਚ 9 ਅਤੇ ਬਟਾਲਾ 'ਚ 8 ਗ੍ਰਿਫ਼ਤਾਰੀਆਂ ਹੋਈਆਂ ਹਨ। ਡੀ. ਜੀ. ਪੀ. ਨੇ ਦੱਸਿਆ ਕਿ ਕਸ਼ਮੀਰ ਸਿੰਘ ਅਤੇ ਸਤਨਾਮ ਸਿੰਘ ਉਰਫ਼ ਸੱਤਾ ਤੋਂ ਇਲਾਵਾ ਹਰਜੀਤ ਸਿੰਘ ਅਤੇ ਸ਼ਮਸ਼ੇਰ 'ਤੇ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੇਸ 'ਚ ਸ਼ਾਮਲ ਅਪਰਾਧੀਆਂ ਨੂੰ ਪਨਾਹ ਦੇਣ ਦੇ ਦੋਸ਼ ਹੇਠ 2 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਇਸ ਸਬੰਧੀ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਪਵੇਗਾ ਭਾਰੀ ਮੀਂਹ, ਮੌਸਮ ਮਹਿਕਮੇ ਨੇ ਕੀਤੀ ਭਵਿੱਖਬਾਣੀ
ਪਹਿਲੀ ਮੌਤ 31 ਜੁਲਾਈ ਨੂੰ ਰਿਪੋਰਟ ਹੋਣ ਤੋਂ ਹੁਣ ਤੱਕ ਤਿੰਨ ਪ੍ਰਭਾਵਿਤ ਜ਼ਿਲ੍ਹਿਆਂ 'ਚ 887 ਛਾਪੇਮਾਰੀਆਂ (ਤਰਨਤਾਰਨ-3003, ਅੰਮ੍ਰਿਤਸਰ ਦਿਹਾਤੀ-330 ਅਤੇ ਬਟਾਲਾ-254) ਕੀਤੀਆਂ ਗਈਆਂ ਹਨ, ਜਦੋਂ ਕਿ ਹਰਜੀਤ ਨੂੰ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਕਾਬੂ ਕੀਤਾ ਸੀ, ਜਿਸ ‘ਤੇ ਇੱਕ ਐਫ. ਆਈ. ਆਰ ਦਰਜ ਕੀਤੀ ਗਈ ਹੈ। ਉਸ ਦਾ ਪੁੱਤਰ ਤਰਨਤਾਰਨ ਪੁਲਸ ਨੇ ਫੜ੍ਹਿਆ ਹੈ, ਜਿਸ ‘ਤੇ 84 ਮੌਤਾਂ ਨਾਲ ਸਬੰਧਿਤ 3 ਮੁਕੱਦਮੇ ਦਰਜ ਕੀਤੇ ਗਏ ਹਨ। 2 ਮੁਕੱਦਮੇ 14 ਮੌਤਾਂ ਨਾਲ ਸਬੰਧਿਤ ਬਟਾਲਾ ਵਿਖੇ ਦਰਜ ਕੀਤੇ ਗਏ ਹਨ। ਤਾਲਮੇਲ ਰਾਹੀਂ ਕੀਤੀ ਗਈ ਛਾਪੇਮਾਰੀ ਦੌਰਾਨ ਇਨ੍ਹਾਂ ਦੋਹਾਂ ਦੀ ਗ੍ਰਿਫ਼ਤਾਰੀ ਬੀਤੀ ਸਵੇਰ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ 'ਲਾਸ਼ਾਂ' ਬਦਲਣ ਦੇ ਮਾਮਲੇ 'ਚ ਜ਼ਬਰਦਸਤ ਮੋੜ, ਮਨੁੱਖੀ ਅੰਗਾਂ ਦੀ ਤਸਕਰੀ ਦਾ ਖ਼ਦਸ਼ਾ
ਉਨ੍ਹਾਂ ਦੱਸਿਆ ਕਿ ਦੋਸ਼ੀ ਸਤਨਾਮ ਸਿੰਘ ਪੁੱਤਰ ਹਰਜੀਤ ਸਿੰਘ ਵੱਲੋਂ ਪੁਲਸ ਦੀ ਪੁੱਛਗਿੱਛ ਦੌਰਾਨ ਕੀਤੇ ਖੁਲਾਸਿਆਂ ਬਾਰੇ ਦੋ ਦੋਸ਼ੀਆਂ ਨੇ ਪੁਲਸ ਕੋਲ ਮੰਨਿਆ ਹੈ ਕਿ ਉਨ੍ਹਾਂ ਨੇ 27 ਜੁਲਾਈ ਨੂੰ ਪੰਡੋਰੀ ਗੋਲਾ, ਤਰਨਤਾਰਨ ਦੇ ਅਵਤਾਰ ਸਿੰਘ ਕੋਲੋਂ ਨਾਜਾਇਜ਼ ਸ਼ਰਾਬ ਦੇ ਤਿੰਨ ਡਰੰਮ ਖਰੀਦੇ ਸਨ। ਹਰਜੀਤ ਸਿੰਘ ਨੇ ਇਹ ਸ਼ਰਾਬ ਲੈਣ ਲਈ 15 ਦਿਨ ਪਹਿਲਾਂ ਅਵਤਾਰ ਸਿੰਘ ਨੂੰ 15 ਹਜ਼ਾਰ ਰੁਪਏ ਦਿੱਤੇ ਸਨ ਅਤੇ ਦੂਜੀ ਕਿਸ਼ਤ ਦੇ 15 ਹਜ਼ਾਰ ਰੁਪਏ ਇਹ ਨਾਜਾਇਜ਼ ਦਾਰੂ ਪ੍ਰਾਪਤ ਹੋਣ 'ਤੇ ਦੇਣੇ ਸਨ। ਡੀ. ਜੀ. ਪੀ. ਨੇ ਦੱਸਿਆ ਕਿ ਇਨ੍ਹਾਂ ਦੋਵੇਂ ਦੋਸ਼ੀਆਂ ਨੇ ਇਸ ਮਾਮਲੇ 'ਚ ਸ਼ਾਮਲ 13 ਹੋਰ ਵਿਅਕਤੀਆਂ ਦੇ ਨਾਮ ਉਜਾਗਰ ਕੀਤੇ ਹਨ, ਜਿਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਡੀ. ਜੀ. ਪੀ. ਗੁਪਤਾ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਤਸਕਰਾਂ ਵਿਰੁੱਧ ਕਾਰਵਾਈ ਬਾਰੇ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੁੱਲ 116 ਕੇਸ ਦਰਜ ਕੀਤੇ ਗਏ ਹਨ ਅਤੇ 74 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਸਮੇਂ ਦੌਰਾਨ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਪੰਜਾਬ ਪੁਲਸ ਨੇ 1114 ਲੀਟਰ ਨਾਜਾਇਜ਼ ਸ਼ਰਾਬ, 642 ਲੀਟਰ ਦੇਸੀ ਦਾਰੂ ਅਤੇ 3921 ਕਿਲੋਗ੍ਰਾਮ ਲਾਹਣ ਬਰਾਮਦ ਕੀਤੀ ਹੈ, ਇਸ ਦੇ ਨਾਲ ਹੀ ਦੇਸੀ ਸ਼ਰਾਬ ਕੱਢਦੇ ਹੋਏ ਪੰਜ ਚੱਲਦੀਆਂ ਭੱਠੀਆਂ ਫੜ੍ਹੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਸ਼ੁਰੂ ਤੋਂ ਹੁਣ ਤੱਕ 11141 ਮੁਕੱਦਮੇ ਅਤੇ 10456 ਦੋਸ਼ੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਜਦੋਂ ਕਿ 167249 ਲੀਟਰ ਨਾਜਾਇਜ਼ ਦੇਸੀ ਦਾਰੂ, 386937 ਲੀਟਰ ਨਾਜਾਇਜ਼ ਸ਼ਰਾਬ ਅਤੇ 1582479 ਕਿਲੋਗ੍ਰਾਮ ਲਾਹਣ ਵੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ 184244 ਲੀਟਰ ਅੰਗਰੇਜੀ ਦਾਰੂ, 746 ਲੀਟਰ ਰੰਮ ਅਤੇ 20113 ਲੀਟਰ ਬੀਅਰ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 47620 ਲੀਟਰ ਸਪਿਰਟ ਅਤੇ 440 ਚੱਲਦੀਆਂ ਦੇਸੀ ਸ਼ਰਾਬ ਦੀਆਂ ਭੱਠੀਆਂ ਵੀ ਫੜ੍ਹੀਆਂ ਗਈਆਂ ਹਨ।