ਜੂਡੋ ਕਰਾਟੇ ਦੀ ਸੂਬਾ ਪੱਧਰੀ ਖਿਡਾਰਣ ਵੱਲੋਂ ਆਤਮਦਾਹ
Sunday, Jun 21, 2020 - 09:11 AM (IST)
ਘੱਗਾ (ਸਨੇਹੀ) : ਖੁਦ ਨੂੰ ਅੱਗ ਲਾਉਣ ਵਾਲੀ ਜੂਡੋ ਕਰਾਟੇ ਦੀ ਸੂਬਾ ਪੱਧਰ ਦੀ ਖਿਡਾਰਣ ਸ਼ਰਨਜੀਤ ਕੌਰ ਨੇ ਚੰਡੀਗੜ੍ਹ ਦੇ ਪੀ. ਜੀ. ਆਈ. ’ਚ ਦਮ ਤੋੜ ਦਿੱਤਾ। ਪਰਿਵਾਰਕ ਮੈਂਬਰਾਂ ਮੁਤਾਬਕ ਪਿੰਡ ਬੂਰੜ ਦੇ ਬੇਅੰਤ ਸਿੰਘ ਦੇ ਘਰ ਜੰਮੀ ਸ਼ਰਨਜੀਤ ਕੌਰ ਦੀ ਮਾਂ ਤਲਜਿੰਦਰ ਕੌਰ ਦਾ ਕਾਫੀ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ। ਉਸ ਸਮੇਂ ਸ਼ਰਨਜੀਤ ਕੌਰ ਚਾਰ ਸਾਲਾਂ ਦੀ ਸੀ, ਜਿਸ ਨੂੰ ਉਸ ਦੀ ਨਾਨੀ ਆਪਣੇ ਕੋਲ ਪਾਤੜਾਂ ਲੈ ਗਈ।
ਪਾਤੜਾਂ ਦੇ ਨਿੱਜੀ ਸਕੂਲ 'ਚ ਪੜ੍ਹਦਿਆਂ ਉਸ ਨੇ ਜੂਡੋ ਕਰਾਟੇ ’ਚ ਜ਼ਿਲ੍ਹਾ ਪੱਧਰ ਅਤੇ ਫਿਰ ਸੂਬਾ ਪੱਧਰ ’ਤੇ ਪੁਜ਼ੀਸ਼ਨਾਂ ਹਾਸਲ ਕੀਤੀਆਂ ਪਰ ਪੰਜਾਬ 'ਚ ਲਾਗੂ ਤਾਲਾਬੰਦੀ ਦੌਰਾਨ ਉਸ ਦੀ ਖੇਡ ਦੀ ਤਿਆਰੀ ਬੰਦ ਹੋ ਜਾਣ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗੀ। ਬੀਤੇ ਦਿਨ ਜਦੋਂ ਉਸ ਦੀ ਨਾਨੀ ਕਿਸੇ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ ਤਾਂ ਉਸ ਨੇ ਘਰ ਦੀ ਛੱਤ ’ਤੇ ਜਾ ਕੇ ਖੁਦ ਨੂੰ ਅੱਗ ਲਾ ਲਈ। ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਪਾਤੜਾਂ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੋਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਬੀਤੀ ਰਾਤ ਮੌਤ ਹੋ ਗਈ।